Milk Adulteration: ਦੁੱਧ ਅਤੇ ਦੁੱਧ ਤੋਂ ਬਨਣ ਵਾਲੇ ਪਦਾਰਥਾਂ ਵਿੱਚ ਮਿਲਾਵਟ ਖਿਲਾਫ ਸਪੀਕਰ ਸੰਧਵਾਂ ਦੇ ਸਖ਼ਤ ਹੁਕਮ

Milk Adulteration: ਦੁੱਧ ਅਤੇ ਦੁੱਧ ਤੋਂ ਬਨਣ ਵਾਲੇ ਪਦਾਰਥਾਂ ਵਿੱਚ ਮਿਲਾਵਟ ਖਿਲਾਫ ਸਪੀਕਰ ਸੰਧਵਾਂ ਦੇ ਸਖ਼ਤ ਹੁਕਮ

Author : Kanwalinder Pal Singh Sra

Jan. 21, 2026 2:58 p.m. 135

ਫਰੀਦਕੋਟ: ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥਾਂ ਵਿੱਚ ਵੱਧ ਰਹੀ ਮਿਲਾਵਟ ਨੂੰ ਰੋਕਣ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਕੋਟਕਪੂਰਾ ਵਿਖੇ ਉੱਚ ਪੱਧਰੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਸ਼ਾਸਨ, ਸਿਹਤ ਵਿਭਾਗ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੇ ਭਾਗ ਲਿਆ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਸਪੀਕਰ ਸੰਧਵਾਂ ਨੇ ਕਿਹਾ ਕਿ ਦੁੱਧ ਲੋਕਾਂ ਦੀ ਰੋਜ਼ਾਨਾ ਖੁਰਾਕ ਦਾ ਅਹਿਮ ਹਿੱਸਾ ਹੈ ਅਤੇ ਇਸ ਵਿੱਚ ਮਿਲਾਵਟ ਸਿੱਧੇ ਤੌਰ ’ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਦੁੱਧ ਜਾਂ ਦੁੱਧ ਤੋਂ ਬਣੀਆਂ ਚੀਜ਼ਾਂ ਵਿੱਚ ਮਿਲਾਵਟ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਦੋਸ਼ੀਆਂ ਖਿਲਾਫ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਹੋਵੇਗੀ।

ਉਨ੍ਹਾਂ ਸਿਹਤ ਵਿਭਾਗ ਨੂੰ ਹਦਾਇਤ ਦਿੱਤੀ ਕਿ ਦੁੱਧ ਦੀ ਜਾਂਚ ਲਈ ਨਿਯਮਤ ਤੌਰ ’ਤੇ ਪਰਖ ਕੈਂਪ ਲਗਾਏ ਜਾਣ ਅਤੇ ਇਸ ਦਾ ਪਹਿਲਾਂ ਤੋਂ ਸਡਿਊਲ ਤਿਆਰ ਕੀਤਾ ਜਾਵੇ। ਇਨ੍ਹਾਂ ਕੈਂਪਾਂ ਬਾਰੇ ਲੋਕਾਂ ਨੂੰ ਸੋਸ਼ਲ ਮੀਡੀਆ ਅਤੇ ਹੋਰ ਸਾਧਨਾਂ ਰਾਹੀਂ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਆਮ ਲੋਕ ਵੀ ਆਪਣਾ ਦੁੱਧ ਜਾਂਚ ਸਕਣ।

ਸਪੀਕਰ ਨੇ ਕਿਹਾ ਕਿ ਡੇਅਰੀ ਮਾਲਕਾਂ, ਦੋਧੀਆਂ, ਹਲਵਾਈਆਂ, ਦੁਕਾਨਦਾਰਾਂ, ਹੋਟਲ ਅਤੇ ਢਾਬਾ ਮਾਲਕਾਂ ਨਾਲ ਪਹਿਲਾਂ ਜਾਗਰੂਕਤਾ ਮੀਟਿੰਗਾਂ ਕੀਤੀਆਂ ਜਾਣ, ਤਾਂ ਜੋ ਉਹ ਮਿਲਾਵਟ ਤੋਂ ਬਚਣ ਅਤੇ ਸਾਫ਼-ਸੁਥਰਾ ਦੁੱਧ ਹੀ ਵਿਕਰੀ ਲਈ ਰੱਖਣ। ਉਨ੍ਹਾਂ ਇਹ ਵੀ ਆਦੇਸ਼ ਦਿੱਤੇ ਕਿ ਦੁੱਧ ਇਕੱਠਾ ਕਰਨ ਵਾਲੇ ਕੇਂਦਰਾਂ, ਡੇਅਰੀਆਂ, ਵਾਹਨਾਂ ਅਤੇ ਵਿਕਰੀ ਸਥਾਨਾਂ ’ਤੇ ਅਚਾਨਕ ਚੈਕਿੰਗ ਵਧਾਈ ਜਾਵੇ।

ਉਨ੍ਹਾਂ ਜ਼ੋਰ ਦਿੱਤਾ ਕਿ ਖੁਰਾਕ ਸੁਰੱਖਿਆ, ਡੇਅਰੀ ਵਿਕਾਸ ਅਤੇ ਸਿਹਤ ਵਿਭਾਗ ਆਪਸੀ ਤਾਲਮੇਲ ਨਾਲ ਕੰਮ ਕਰਨ, ਤਾਂ ਜੋ ਦੁੱਧ ਦੀ ਪੂਰੀ ਸਪਲਾਈ ਚੇਨ ’ਤੇ ਨਿਗਰਾਨੀ ਰੱਖੀ ਜਾ ਸਕੇ। ਨਾਲ ਹੀ ਲੋਕਾਂ ਵਿੱਚ ਮਿਲਾਵਟ ਦੀ ਪਛਾਣ ਅਤੇ ਸ਼ਿਕਾਇਤ ਪ੍ਰਕਿਰਿਆ ਬਾਰੇ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਣਗੀਆਂ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਯਕੀਨ ਦਵਾਇਆ ਕਿ ਜ਼ਿਲ੍ਹੇ ਵਿੱਚ ਮਿਲਾਵਟਖੋਰੀ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ਅਤੇ ਦੋਸ਼ੀਆਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਸਿਹਤ ਵਿਭਾਗ ਦੇ ਪ੍ਰਤੀਨਿਧੀ ਹਾਜ਼ਰ ਰਹੇ।

#World News #ਜਨ ਪੰਜਾਬ #ਪੰਜਾਬ ਖ਼ਬਰਾਂ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਕਿਸਾਨੀ - ਖੇਤੀ–ਖ਼ਬਰਾਂ अपडेट्स