ਬਸੰਤ ਪੰਚਮੀ ‘ਤੇ ਚਾਈਨਾ ਡੋਰ ਖ਼ਿਲਾਫ਼ ਮੁਹਿੰਮ, ਰੋਟਰੀ ਕਲੱਬ ਫਰੀਦਕੋਟ ਚੈਂਪੀਅਨ ਨੇ ਚਾਈਨਾ ਡੋਰ ਦੀ ਨਾ ਵਰਤੋਂ ਕਰਨ ਦੀ ਕੀਤੀ ਅਪੀਲ

ਬਸੰਤ ਪੰਚਮੀ ‘ਤੇ ਚਾਈਨਾ ਡੋਰ ਖ਼ਿਲਾਫ਼ ਮੁਹਿੰਮ, ਰੋਟਰੀ ਕਲੱਬ ਫਰੀਦਕੋਟ ਚੈਂਪੀਅਨ ਨੇ ਚਾਈਨਾ ਡੋਰ ਦੀ ਨਾ ਵਰਤੋਂ ਕਰਨ ਦੀ ਕੀਤੀ ਅਪੀਲ

Author : Kanwalinder Pal Singh Sra

Jan. 23, 2026 1:19 p.m. 136

ਫਰੀਦਕੋਟ, 22 ਜਨਵਰੀ: ਬਸੰਤ ਪੰਚਮੀ ਦੇ ਮੌਕੇ ਫਰੀਦਕੋਟ ਸ਼ਹਿਰ ਵਿੱਚ ਚਾਈਨਾ ਡੋਰ ਦੇ ਵਧਦੇ ਖ਼ਤਰੇ ਨੂੰ ਦੇਖਦੇ ਹੋਏ ਰੋਟਰੀ ਕਲੱਬ ਫਰੀਦਕੋਟ ਚੈਂਪੀਅਨ (ਲੇਡੀਜ਼ ਵਿੰਗ) ਵੱਲੋਂ ਇੱਕ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਗਈ। ਕਲੱਬ ਦੀ ਪ੍ਰਧਾਨ ਮੰਜੂ ਸੁਖੀਜਾ ਅਤੇ ਸੁਰਿੰਦਰਪਾਲ ਸਰਾਂ ਦੀ ਯੋਗ ਅਗਵਾਈ ਹੇਠ ਇਹ ਮੁਹਿੰਮ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਅਤੇ ਸਕੂਲਾਂ ਵਿੱਚ ਅਮਲ ਵਿੱਚ ਲਿਆਂਦੀ ਗਈ।

ਕਲੱਬ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਬਸੰਤ ਪੰਚਮੀ ਦੌਰਾਨ ਚਾਈਨਾ ਡੋਰ ਦੀ ਵਰਤੋਂ ਤੋਂ ਪੂਰੀ ਤਰ੍ਹਾਂ ਪਰਹੇਜ਼ ਕੀਤਾ ਜਾਵੇ, ਕਿਉਂਕਿ ਇਹ ਡੋਰ ਮਨੁੱਖੀ ਜਾਨ, ਪੰਛੀਆਂ ਅਤੇ ਪਸ਼ੂਆਂ ਲਈ ਬਹੁਤ ਖ਼ਤਰਨਾਕ ਸਾਬਤ ਹੋ ਰਹੀ ਹੈ। ਮੰਜੂ ਸੁਖੀਜਾ ਨੇ ਦੱਸਿਆ ਕਿ ਚਾਈਨਾ ਡੋਰ ਕਾਰਨ ਹੋਣ ਵਾਲੇ ਹਾਦਸਿਆਂ ਦੀਆਂ ਘਟਨਾਵਾਂ ਹਰ ਰੋਜ਼ ਸਾਹਮਣੇ ਆ ਰਹੀਆਂ ਹਨ, ਜੋ ਗੰਭੀਰ ਚਿੰਤਾ ਦਾ ਵਿਸ਼ਾ ਹਨ।

ਇਸ ਦੌਰਾਨ ਕਲੱਬ ਵੱਲੋਂ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਗਈ ਕਿ ਸਰਕਾਰ ਵੱਲੋਂ ਚਾਈਨਾ ਡੋਰ ‘ਤੇ ਪਹਿਲਾਂ ਹੀ ਪਾਬੰਦੀ ਲਗਾਈ ਗਈ ਹੈ, ਇਸ ਲਈ ਇਸ ਦੀ ਵਿਕਰੀ ਨਾ ਕੀਤੀ ਜਾਵੇ। ਮੁਹਿੰਮ ਦੇ ਤਹਿਤ ਰੋਟਰੀ ਕਲੱਬ ਫਰੀਦਕੋਟ ਚੈਂਪੀਅਨ ਦੇ ਮੈਂਬਰ ਸੰਗਤ ਸਾਹਿਬ ਭਾਈ ਫੈਰੂ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਫਰੀਦਕੋਟ ਵਿਖੇ ਪਹੁੰਚੇ, ਜਿੱਥੇ ਵਿਦਿਆਰਥੀਆਂ ਨੂੰ ਚਾਈਨਾ ਡੋਰ ਦੀ ਵਰਤੋਂ ਤੋਂ ਹੋਣ ਵਾਲੇ ਖ਼ਤਰਨਾਕ ਨਤੀਜਿਆਂ ਬਾਰੇ ਜਾਣੂ ਕਰਵਾਇਆ ਗਿਆ।

ਸਕੂਲ ਦੇ ਬੱਚਿਆਂ ਵੱਲੋਂ ਇਹ ਪ੍ਰਣ ਲਿਆ ਗਿਆ ਕਿ ਉਹ ਬਸੰਤ ਪੰਚਮੀ ਦੇ ਦਿਨ ਚਾਈਨਾ ਡੋਰ ਦੀ ਵਰਤੋਂ ਨਹੀਂ ਕਰਨਗੇ ਅਤੇ ਹੋਰਾਂ ਨੂੰ ਵੀ ਇਸ ਤੋਂ ਰੋਕਣਗੇ। ਇਸ ਤੋਂ ਇਲਾਵਾ, ਕਲੱਬ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਬੈਨਰ ਲਗਾ ਕੇ ਵੀ ਲੋਕਾਂ ਨੂੰ ਚਾਈਨਾ ਡੋਰ ਨਾ ਵਰਤਣ ਦਾ ਸੰਦੇਸ਼ ਦਿੱਤਾ ਗਿਆ।

ਇਸ ਜਾਗਰੂਕਤਾ ਮੁਹਿੰਮ ਵਿੱਚ ਕਲੱਬ ਮੈਂਬਰ ਬਲਜੀਤ ਸ਼ਰਮਾ, ਤੇਜਿੰਦਰਪਾਲ ਕੌਰ ਮਾਨ ਅਤੇ ਰਜਨੀ ਮਹਿਤਾ ਨੇ ਸਰਗਰਮ ਭੂਮਿਕਾ ਨਿਭਾਈ। ਸਕੂਲ ਸਟਾਫ ਵੱਲੋਂ ਸੁਨੀਤਾ ਮਿੱਤਲ, ਮੈਡਮ ਜਸਜੀਤ ਅਤੇ ਮੈਡਮ ਨੀਸ਼ਾ ਨੇ ਵੀ ਇਸ ਮੁਹਿੰਮ ਵਿੱਚ ਸਹਿਯੋਗ ਦਿੱਤਾ।

ਰੋਟਰੀ ਕਲੱਬ ਫਰੀਦਕੋਟ ਚੈਂਪੀਅਨ ਵੱਲੋਂ ਅੰਤ ਵਿੱਚ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਬਸੰਤ ਦੇ ਤਿਉਹਾਰ ਨੂੰ ਖੁਸ਼ੀ ਅਤੇ ਸੁਰੱਖਿਆ ਨਾਲ ਮਨਾਇਆ ਜਾਵੇ ਅਤੇ ਚਾਈਨਾ ਡੋਰ ਤੋਂ ਦੂਰ ਰਹਿ ਕੇ ਜਾਨਾਂ ਦੀ ਰੱਖਿਆ ਕੀਤੀ ਜਾਵੇ।

#World News #ਜਨ ਪੰਜਾਬ #ਪੰਜਾਬ ਖ਼ਬਰਾਂ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਕਾਨੂੰਨ–ਵਿਵਸਥਾ - ਪੰਜਾਬ ਸੁਰੱਖਿਆ अपडेट्स