ਫਰੀਦਕੋਟ ਨੇ ਲਿਖਿਆ ਇਨਸਾਨੀਅਤ ਦਾ ਇਤਿਹਾਸ, 11 ਗਰੀਬ ਜੋੜਿਆਂ ਦੇ ਸਮੂਹਿਕ ਵਿਆਹ

ਫਰੀਦਕੋਟ ਨੇ ਲਿਖਿਆ ਇਨਸਾਨੀਅਤ ਦਾ ਇਤਿਹਾਸ, 11 ਗਰੀਬ ਜੋੜਿਆਂ ਦੇ ਸਮੂਹਿਕ ਵਿਆਹ

Author : Kanwalinder Pal Singh Sra

Feb. 20, 2026 10:42 a.m. 1993

ਫਰੀਦਕੋਟ ਦੀ ਧਰਤੀ ‘ਤੇ ਅੱਜ ਇਨਸਾਨੀਅਤ, ਸੇਵਾ ਅਤੇ ਸਮਾਜਕ ਏਕਤਾ ਦੀ ਇੱਕ ਸੁੰਦਰ ਮਿਸਾਲ ਦੇਖਣ ਨੂੰ ਮਿਲੀ, ਜਿੱਥੇ 11 ਗਰੀਬ ਅਤੇ ਲੋੜਵੰਦ ਜੋੜਿਆਂ ਦਾ ਸਮੂਹਿਕ ਵਿਆਹ ਧਾਰਮਿਕ ਰਸਮਾਂ ਅਤੇ ਸਾਦਗੀ ਨਾਲ ਕਰਵਾਇਆ ਗਿਆ। ਇਹ ਸਮਾਗਮ ਹੋਟਲ ਸ਼ਾਹੀ ਹਵੇਲੀ ਅਤੇ ਗੁਰਦੁਆਰਾ ਮਾਈ ਗੋਦੜੀ ਸਾਹਿਬ ਵਿਖੇ ਭਾਵੁਕ ਅਤੇ ਖੁਸ਼ਗਵਾਰ ਮਾਹੌਲ ਵਿੱਚ ਸੰਪੰਨ ਹੋਇਆ।

ਸਮਾਗਮ ਦੌਰਾਨ ਸੰਤ ਮਹਾਪੁਰਖਾਂ ਦੇ ਆਸ਼ੀਰਵਾਦ, ਧਾਰਮਿਕ ਮਰਿਆਦਾ ਅਤੇ ਸ਼ਹਿਰ ਵਾਸੀਆਂ ਦੇ ਵੱਡੇ ਸਹਿਯੋਗ ਨੇ ਇਸਨੂੰ ਇੱਕ ਯਾਦਗਾਰ ਪਲ ਬਣਾ ਦਿੱਤਾ। ਹਰ ਵਰਗ ਦੇ ਲੋਕਾਂ, ਸਮਾਜਿਕ ਸੰਸਥਾਵਾਂ ਅਤੇ ਸੇਵਾਦਾਰਾਂ ਨੇ ਵੱਧ ਚੜ੍ਹ ਕੇ ਭਾਗ ਲਿਆ, ਜਿਸ ਨਾਲ ਸਮਾਜਕ ਇਕਤਾ ਅਤੇ ਸੇਵਾ ਦੀ ਭਾਵਨਾ ਸਾਫ਼ ਨਜ਼ਰ ਆਈ।

ਇਹ ਸਮੂਹਿਕ ਵਿਆਹ ਸਮਾਗਮ ਸਮਾਜ ਸੇਵਕ ਅਰਸ਼ ਸੱਚਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਸੇਵਾ ਦੇ ਜਜ਼ਬੇ ਨਾਲ ਆਯੋਜਿਤ ਕੀਤਾ ਗਿਆ। ਹਰ ਜੋੜੇ ਨੂੰ ਨਵੇਂ ਜੀਵਨ ਦੀ ਸ਼ੁਰੂਆਤ ਲਈ ਘਰੇਲੂ ਲੋੜਾਂ ਦਾ ਜਰੂਰੀ ਸਾਮਾਨ ਵੀ ਤੋਹਫ਼ੇ ਵਜੋਂ ਦਿੱਤਾ ਗਿਆ।

ਇਸ ਮੌਕੇ ਅਰਸ਼ ਸੱਚਰ ਨੇ ਕਿਹਾ ਕਿ ਇਹ ਦਿਨ ਉਨ੍ਹਾਂ ਲਈ ਰਾਜਨੀਤੀ ਦਾ ਨਹੀਂ, ਸੇਵਾ ਅਤੇ ਮਨੁੱਖਤਾ ਦਾ ਦਿਨ ਸੀ। ਉਨ੍ਹਾਂ ਨੇ ਕਿਹਾ ਕਿ ਮਾਪਿਆਂ ਦੇ ਚਿਹਰਿਆਂ ‘ਤੇ ਸੰਤੋਖ ਅਤੇ ਧੀਆਂ ਦੀਆਂ ਅੱਖਾਂ ਵਿੱਚ ਭਰੋਸਾ ਦੇਖ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਮਿਲੀ ਹੈ। ਉਨ੍ਹਾਂ ਫਰੀਦਕੋਟ ਦੇ ਲੋਕਾਂ, ਸੇਵਾਦਾਰਾਂ, ਦਾਨੀ ਸੱਜਣਾਂ ਅਤੇ ਸਹਿਯੋਗ ਕਰਨ ਵਾਲੇ ਹਰ ਵਿਅਕਤੀ ਦਾ ਦਿਲੋਂ ਧੰਨਵਾਦ ਕੀਤਾ।

ਲੋਕਾਂ ਦੇ ਵੱਡੇ ਸਹਿਯੋਗ ਅਤੇ ਪਿਆਰ ਨੂੰ ਦੇਖਦਿਆਂ ਉਨ੍ਹਾਂ ਐਲਾਨ ਕੀਤਾ ਕਿ ਬਹੁਤ ਜਲਦੀ ਫਰੀਦਕੋਟ ਵਿੱਚ 21 ਜੋੜਿਆਂ ਦਾ ਹੋਰ ਵੱਡਾ ਸਮੂਹਿਕ ਵਿਆਹ ਸਮਾਰੋਹ ਕਰਵਾਇਆ ਜਾਵੇਗਾ, ਤਾਂ ਜੋ ਹੋਰ ਲੋੜਵੰਦ ਪਰਿਵਾਰਾਂ ਦੀ ਮਦਦ ਕੀਤੀ ਜਾ ਸਕੇ।

ਇਸ ਸਮਾਗਮ ਨੇ ਇਹ ਸਾਬਤ ਕਰ ਦਿੱਤਾ ਕਿ ਜਦੋਂ ਨੀਅਤ ਸੱਚੀ ਹੋਵੇ ਅਤੇ ਲੋਕ ਇਕੱਠੇ ਹੋਣ, ਤਾਂ ਸਮਾਜ ਵਿੱਚ ਸੇਵਾ ਅਤੇ ਇਨਸਾਨੀਅਤ ਦੀ ਮਜ਼ਬੂਤ ਮਿਸਾਲ ਕਾਇਮ ਕੀਤੀ ਜਾ ਸਕਦੀ ਹੈ।

#World News #ਜਨ ਪੰਜਾਬ #ਪੰਜਾਬ ਖ਼ਬਰਾਂ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਰਾਜਨੀਤੀ - ਪੰਜਾਬ ਸਿਆਸਤ अपडेट्स