ਰੋਡ ਸੇਫਟੀ ਮਹੀਨਾ: ਗੁਰਦਾਸਪੁਰ ‘ਚ ਟਰੱਕ ਚਾਲਕਾਂ ਲਈ ਓਵਰਲੋਡ ਖ਼ਿਲਾਫ਼ ਜਾਗਰੂਕਤਾ ਸੈਮੀਨਾਰ

ਰੋਡ ਸੇਫਟੀ ਮਹੀਨਾ: ਗੁਰਦਾਸਪੁਰ ‘ਚ ਟਰੱਕ ਚਾਲਕਾਂ ਲਈ ਓਵਰਲੋਡ ਖ਼ਿਲਾਫ਼ ਜਾਗਰੂਕਤਾ ਸੈਮੀਨਾਰ

Author : Sonu Samyal

Jan. 24, 2026 9:47 a.m. 115

ਗੁਰਦਾਸਪੁਰ:- ਰੋਡ ਸੇਫਟੀ ਮਹੀਨੇ ਦੇ ਸਬੰਧ ਵਿੱਚ ਆਰ.ਟੀ.ਏ ਗੁਰਦਾਸਪੁਰ ਨਵਜੋਤ ਸ਼ਰਮਾ, ਏ.ਆਰ.ਟੀ.ਏ ਸੰਗਰਾਮ ਸਿੰਘ ਅਤੇ ਟਰੈਫਿਕ ਇੰਚਾਰਜ ਸਤਨਾਮ ਸਿੰਘ ਵੱਲੋਂ ਪਨਿਆੜ ਵਿਖੇ ਸਾਂਝਾ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਇਸ ਸੈਮੀਨਾਰ ਵਿੱਚ ਵੱਡੀ ਗਿਣਤੀ ਵਿੱਚ ਟਰੱਕ ਚਾਲਕਾਂ ਨੇ ਭਾਗ ਲਿਆ, ਜਿਨ੍ਹਾਂ ਨੂੰ ਓਵਰਲੋਡ ਵਾਹਨਾਂ ਨਾਲ ਹੋਣ ਵਾਲੀਆਂ ਸੜਕ ਦੁਰਘਟਨਾਵਾਂ ਬਾਰੇ ਜਾਗਰੂਕ ਕੀਤਾ ਗਿਆ।

ਅਧਿਕਾਰੀਆਂ ਨੇ ਟਰੱਕ ਚਾਲਕਾਂ ਨੂੰ ਸਮਝਾਇਆ ਕਿ ਓਵਰਲੋਡ ਵਾਹਨ ਨਾ ਸਿਰਫ਼ ਕਾਨੂੰਨ ਦੀ ਉਲੰਘਣਾ ਹਨ, ਸਗੋਂ ਇਹ ਸੜਕ ਹਾਦਸਿਆਂ ਦਾ ਵੱਡਾ ਕਾਰਨ ਵੀ ਬਣਦੇ ਹਨ। ਉਨ੍ਹਾਂ ਨੇ ਓਵਰਲੋਡ ਨਾਲ ਸਬੰਧਿਤ ਟਰੈਫਿਕ ਚਲਾਨ, ਜੁਰਮਾਨੇ ਅਤੇ ਕਾਨੂੰਨੀ ਕਾਰਵਾਈ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ।

ਸੈਮੀਨਾਰ ਦੌਰਾਨ ਰੋਡ ਸੇਫਟੀ ਸਬੰਧੀ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ। ਸੜਕ ‘ਤੇ ਵਾਹਨ ਚਲਾਉਂਦੇ ਸਮੇਂ ਅਤੇ ਖੜ੍ਹੇ ਕਰਦੇ ਸਮੇਂ ਸਹੀ ਪਾਰਕਿੰਗ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਗਿਆ। ਟਰੱਕਾਂ ਦੇ ਪਿੱਛੇ ਰਿਫਲੈਕਟਰ ਟੇਪਾਂ ਅਤੇ ਰਿਫਲੈਕਟਰ ਲਗਾਉਣ ਦੀ ਲੋੜ ਬਾਰੇ ਵੀ ਦੱਸਿਆ ਗਿਆ ਤਾਂ ਜੋ ਰਾਤ ਦੇ ਸਮੇਂ ਹਾਦਸਿਆਂ ਤੋਂ ਬਚਿਆ ਜਾ ਸਕੇ।

ਇਸ ਮੌਕੇ ਹਾਦਸਿਆਂ ਦੌਰਾਨ ਜ਼ਖ਼ਮੀਆਂ ਦੀ ਮਦਦ ਲਈ ਚਲ ਰਹੀ ਫਰਿਸ਼ਤੇ ਸਕੀਮ ਬਾਰੇ ਵੀ ਜਾਣੂ ਕਰਵਾਇਆ ਗਿਆ। ਨਾਲ ਹੀ ਐਮਰਜੈਂਸੀ ਹੈਲਪਲਾਈਨ ਨੰਬਰ 112 ਅਤੇ 1033 ਦੀ ਮਹੱਤਤਾ ਸਮਝਾਈ ਗਈ। ਅਧਿਕਾਰੀਆਂ ਨੇ ਨਸ਼ੇ ਦੀ ਹਾਲਤ ਵਿੱਚ ਵਾਹਨ ਚਲਾਉਣ ਨਾਲ ਹੋਣ ਵਾਲੇ ਖਤਰੇ ਬਾਰੇ ਵੀ ਚੇਤਾਵਨੀ ਦਿੱਤੀ।

ਆਖ਼ਿਰ ਵਿੱਚ ਦੱਸਿਆ ਗਿਆ ਕਿ ਰੋਡ ਸੇਫਟੀ ਮਹੀਨੇ ਤਹਿਤ ਇਹ ਜਾਗਰੂਕਤਾ ਮੁਹਿੰਮ 31 ਜਨਵਰੀ ਤੱਕ ਜਾਰੀ ਰਹੇਗੀ, ਜਿਸਦਾ ਮਕਸਦ ਸੜਕ ਹਾਦਸਿਆਂ ਵਿੱਚ ਕਮੀ ਲਿਆਉਣਾ ਅਤੇ ਲੋਕਾਂ ਨੂੰ ਸੁਰੱਖਿਅਤ ਯਾਤਰਾ ਲਈ ਪ੍ਰੇਰਿਤ ਕਰਨਾ ਹੈ।

#World News #ਜਨ ਪੰਜਾਬ #ਪੰਜਾਬ ਖ਼ਬਰਾਂ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਕਾਨੂੰਨ–ਵਿਵਸਥਾ - ਪੰਜਾਬ ਸੁਰੱਖਿਆ अपडेट्स