93 ਸਾਲ ਬਾਅਦ ਕਾਦੀਆਂ- ਬਿਆਸ ਰੇਲਵੇ ਲਾਈਨ ਦਾ ਡੀ-ਫ੍ਰੀਜ਼ ਹੋਣਾ ਮਾਝੇ ਲਈ ਇਤਿਹਾਸਿਕ ਫੈਸਲਾ - ਜਗਰੂਪ ਸਿੰਘ ਸੇਖਵਾਂ

93 ਸਾਲ ਬਾਅਦ ਕਾਦੀਆਂ- ਬਿਆਸ ਰੇਲਵੇ ਲਾਈਨ ਦਾ ਡੀ-ਫ੍ਰੀਜ਼ ਹੋਣਾ ਮਾਝੇ ਲਈ ਇਤਿਹਾਸਿਕ ਫੈਸਲਾ - ਜਗਰੂਪ ਸਿੰਘ ਸੇਖਵਾਂ

Author : Sonu Samyal

Jan. 3, 2026 2:34 p.m. 248

ਮਾਝਾ ਖੇਤਰ ਲਈ ਇੱਕ ਇਤਿਹਾਸਕ ਅਤੇ ਬਹੁਤ ਉਡੀਕਿਆ ਫੈਸਲਾ ਸਾਹਮਣੇ ਆਇਆ ਹੈ। ਲਗਭਗ 93 ਸਾਲਾਂ ਤੋਂ ਅਟਕੀ ਕਾਦੀਆਂ–ਬਿਆਸ ਰੇਲਵੇ ਲਾਈਨ ਨੂੰ ਆਖਿਰਕਾਰ ਡੀ-ਫ੍ਰੀਜ਼ ਕਰ ਦਿੱਤਾ ਗਿਆ ਹੈ। ਇਸ ਫੈਸਲੇ ਦਾ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕਾਦੀਆਂ ਜਗਰੂਪ ਸਿੰਘ ਸੇਖਵਾਂ ਵੱਲੋਂ ਖੁਲ੍ਹੇ ਦਿਲ ਨਾਲ ਸਵਾਗਤ ਕੀਤਾ ਗਿਆ ਹੈ।

ਜਗਰੂਪ ਸਿੰਘ ਸੇਖਵਾਂ ਨੇ ਦੱਸਿਆ ਕਿ 40 ਕਿਲੋਮੀਟਰ ਲੰਬਾ ਇਹ ਰੇਲ ਪ੍ਰੋਜੈਕਟ ਸਾਲ 1929 ਵਿੱਚ ਮਨਜ਼ੂਰ ਹੋਇਆ ਸੀ, ਪਰ ਵੱਖ-ਵੱਖ ਕਾਰਨਾਂ ਕਰਕੇ ਕਰੀਬ ਨੌਂ ਦਹਾਕਿਆਂ ਤੱਕ ਫਾਇਲਾਂ ਵਿੱਚ ਹੀ ਦੱਬਿਆ ਰਿਹਾ। ਹੁਣ ਇਸ ਨੂੰ ਡੀ-ਫ੍ਰੀਜ਼ ਕਰਨਾ ਮਾਝੇ ਦੇ ਵਿਕਾਸ ਵੱਲ ਵੱਡਾ ਕਦਮ ਹੈ।

ਉਨ੍ਹਾਂ ਕਿਹਾ ਕਿ ਇਹ ਇਤਿਹਾਸਕ ਪ੍ਰਗਤੀ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਲਗਾਤਾਰ ਕੋਸ਼ਿਸ਼ਾਂ ਦਾ ਨਤੀਜਾ ਹੈ, ਜਿਨ੍ਹਾਂ ਨੇ ਰੇਲ ਮੰਤਰਾਲੇ ਨਾਲ ਮੁੜ–ਮੁੜ ਗੱਲਬਾਤ ਕਰਕੇ ਇਸ ਪ੍ਰੋਜੈਕਟ ਨੂੰ ਜ਼ਮੀਨੀ ਹਕੀਕਤ ਬਣਾਉਣ ਦੀ ਰਾਹ ਖੋਲ੍ਹੀ।

ਸੇਖਵਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਰੇਲ ਲਾਈਨ ਧਾਰਮਿਕ, ਸਮਾਜਿਕ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਵੀ ਖਾਸ ਮਹੱਤਤਾ ਰੱਖਦੀ ਹੈ। ਕਾਦੀਆਂ ਅਹਿਮਦੀਆ ਮੁਸਲਿਮ ਕਮਿਊਨਿਟੀ ਦਾ ਵਿਸ਼ਵ ਹੈੱਡਕੁਆਰਟਰ ਹੈ, ਜਦਕਿ ਬਿਆਸ ਡੇਰਾ ਰਾਧਾ ਸੁਆਮੀ ਦਾ ਗਲੋਬਲ ਕੇਂਦਰ ਹੈ। ਦੋਵਾਂ ਧਾਰਮਿਕ ਸਥਾਨਾਂ ਨੂੰ ਰੇਲ ਰਾਹੀਂ ਜੋੜਨਾ ਲੱਖਾਂ ਸੰਗਤਾਂ ਅਤੇ ਯਾਤਰੀਆਂ ਲਈ ਵੱਡੀ ਸਹੂਲਤ ਸਾਬਤ ਹੋਵੇਗਾ।

ਉਨ੍ਹਾਂ ਅੱਗੇ ਦੱਸਿਆ ਕਿ ਪ੍ਰੋਜੈਕਟ ਦੇ ਤਕਨੀਕੀ ਅਤੇ ਆਰਥਿਕ ਅੰਦਾਜ਼ੇ ਮੁੜ ਤਿਆਰ ਕੀਤੇ ਜਾ ਰਹੇ ਹਨ ਅਤੇ ਸਰਕਾਰ ਦੀ ਕੋਸ਼ਿਸ਼ ਹੈ ਕਿ ਕੰਮ ਨੂੰ ਜਲਦੀ ਸ਼ੁਰੂ ਕੀਤਾ ਜਾਵੇ। ਇਸ ਨਾਲ ਬਟਾਲਾ, ਕਾਦੀਆਂ ਅਤੇ ਆਲੇ–ਦੁਆਲੇ ਦੇ ਦਰਜਨਾਂ ਪਿੰਡਾਂ ਨੂੰ ਸਿੱਧਾ ਲਾਭ ਮਿਲੇਗਾ। ਖੇਤੀਬਾੜੀ, ਛੋਟੇ ਉਦਯੋਗ ਅਤੇ ਰੋਜ਼ਗਾਰ ਦੇ ਮੌਕੇ ਵੀ ਵਧਣ ਦੀ ਉਮੀਦ ਹੈ।

ਅੰਤ ਵਿੱਚ ਜਗਰੂਪ ਸਿੰਘ ਸੇਖਵਾਂ ਨੇ ਰਾਜ ਅਤੇ ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਾਝੇ ਦੇ ਲੋਕ ਇਸ ਫੈਸਲੇ ਨੂੰ 93 ਸਾਲਾਂ ਤੋਂ ਲਟਕਦੇ ਵਾਅਦੇ ਦੀ ਪੂਰਤੀ ਵਜੋਂ ਹਮੇਸ਼ਾ ਯਾਦ ਰੱਖਣਗੇ।

#World News #ਜਨ ਪੰਜਾਬ #ਪੰਜਾਬ ਖ਼ਬਰਾਂ #latest news punjab #jan punjab news
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਪੰਜਾਬ - ਮਾਝਾ अपडेट्स