48ਵੇਂ ਜੀਐਸ ਬੈਂਸ ਲਿਬਰਲਜ਼ ਸਰਬ ਭਾਰਤੀ ਹਾਕੀ ਟੂਰਨਾਮੈਂਟ ਦਾ ਫਾਈਨਲ ਐਲਪੀਯੂ ਅਤੇ ਈ ਐਮ ਈ ਜਲੰਧਰ ਵਿਚਕਾਰ

48ਵੇਂ ਜੀਐਸ ਬੈਂਸ ਲਿਬਰਲਜ਼ ਸਰਬ ਭਾਰਤੀ ਹਾਕੀ ਟੂਰਨਾਮੈਂਟ ਦਾ ਫਾਈਨਲ ਐਲਪੀਯੂ ਅਤੇ ਈ ਐਮ ਈ ਜਲੰਧਰ ਵਿਚਕਾਰ

Author : Beant Singh

Dec. 21, 2025 12:49 p.m. 575

ਨਾਭਾ, 20 ਦਸੰਬਰ (ਬੇਅੰਤ ਸਿੰਘ ਰੋਹਟੀ ਖਾਸ)

ਰਿਆਸਤੀ ਸ਼ਹਿਰ ਨਾਭਾ ਦੇ ਪੰਜਾਬ ਪਬਲਿਕ ਸਕੂਲ ਦੇ ਹਾਕੀ ਗਰਾਊਂਡ ਵਿਖੇ 48ਵੇਂ ਜੀਐਸ ਬੈਂਸ ਲਿਬਰਲਜ਼ ਸਰਬ ਭਾਰਤੀ ਹਾਕੀ ਟੂਰਨਾਮੈਂਟ ਦੇ ਸੈਮੀ ਫਾਈਨਲ ਮੁਕਾਬਲੇ ਖੇਡੇ ਗਏ।

ਪਹਿਲਾ ਸੈਮੀ ਫਾਈਨਲ ਮੈਚ ਸਾਈ ਇੰਫਾਲ ਅਤੇ ਐਲਪੀਯੂ ਜਲੰਧਰ ਦਰਮਿਆਨ ਹੋਇਆ। ਮੈਚ ਦੇ ਅੱਧ ਤੱਕ ਦੋਵੇਂ ਟੀਮਾਂ ਵੱਲੋਂ ਕੋਈ ਵੀ ਗੋਲ ਨਹੀਂ ਹੋ ਸਕਿਆ। ਦੋਵੇਂ ਪਾਸਿਆਂ ਦੇ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਮੈਚ ਦੇ 42ਵੇਂ ਮਿੰਟ ਵਿੱਚ ਐਲਪੀਯੂ ਜਲੰਧਰ ਦੇ ਖਿਡਾਰੀ ਸਿਵਮ ਰਾਣਾ ਨੇ ਮਹੱਤਵਪੂਰਨ ਗੋਲ ਕਰਕੇ ਆਪਣੀ ਟੀਮ ਨੂੰ 1-0 ਦੀ ਬੜਤ ਦਿਵਾਈ, ਜੋ ਅੰਤ ਤੱਕ ਕਾਇਮ ਰਹੀ। ਇਸ ਤਰ੍ਹਾਂ ਐਲਪੀਯੂ ਜਲੰਧਰ ਦੀ ਟੀਮ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚਣ ਵਿੱਚ ਕਾਮਯਾਬ ਰਹੀ।

ਦੂਜਾ ਸੈਮੀ ਫਾਈਨਲ ਮੈਚ ਈ ਐਮ ਈ ਜਲੰਧਰ ਅਤੇ ਆਰਮੀ ਇਲੈਵਨ ਦਰਮਿਆਨ ਖੇਡਿਆ ਗਿਆ। ਮੈਚ ਦੇ ਪਹਿਲੇ ਅੱਧ ਤੱਕ ਈ ਐਮ ਈ ਜਲੰਧਰ ਦੀ ਟੀਮ 1-0 ਨਾਲ ਅੱਗੇ ਰਹੀ। ਆਰਮੀ ਇਲੈਵਨ ਦੇ ਖਿਡਾਰੀਆਂ ਨੇ ਭਾਵੇਂ ਵਧੀਆ ਖੇਡ ਦਿਖਾਈ, ਪਰ ਅੰਤ ਵਿੱਚ ਈ ਐਮ ਈ ਜਲੰਧਰ ਨੇ 2-0 ਨਾਲ ਇਹ ਸੈਮੀ ਫਾਈਨਲ ਮੈਚ ਆਪਣੇ ਨਾਮ ਕੀਤਾ।

ਇਸ ਮੈਚ ਦੇ ਮੁੱਖ ਮਹਿਮਾਨ ਚਰਨ ਸਿੰਘ ਐਮ.ਡੀ. ਮਲਕੀਤ ਕੰਬਾਇਨ ਸਨ, ਜਿਨ੍ਹਾਂ ਵੱਲੋਂ ਟੂਰਨਾਮੈਂਟ ਕਮੇਟੀ ਨੂੰ ਇੱਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਗੁਰਕਰਨ ਸਿੰਘ ਬੈਂਸ ਵੱਲੋਂ ਮੁੱਖ ਮਹਿਮਾਨ ਦਾ ਸਨਮਾਨ ਕੀਤਾ ਗਿਆ।

ਇਸ ਅਵਸਰ ’ਤੇ ਐਡਵੋਕੇਟ ਗਿਆਨ ਸਿੰਘ ਮੂੰਗੋ, ਹੌਬੀ ਧਾਲੀਵਾਲ (ਉੱਘੇ ਪੰਜਾਬੀ ਕਲਾਕਾਰ), ਗੁਰਜੀਤ ਸਿੰਘ ਬੈਂਸ, ਰੁਪਿੰਦਰ ਸਿੰਘ ਗਰੇਵਾਲ (ਪ੍ਰਬੰਧਕੀ ਸਕੱਤਰ), ਜਤਿੰਦਰ ਸਿੰਘ ਦਾਖੀ, ਅਜੇ ਸਿੰਘ ਭੂਰੀਆਂ, ਵਰਿੰਦਰ ਸਿੰਘ ਗੋਲਡੀ, ਚਰਨਜੀਤ ਸਿੰਘ ਵਿਰਕ, ਐਡਵੋਕੇਟ ਗੁਰਜਿੰਦਰ ਸਿੰਘ ਧਾਲੀਵਾਲ, ਪ੍ਰਿੰਸੀਪਲ ਕੁਲਬੀਰ ਸਿੰਘ, ਜੈ ਵੀਰ ਸਿੰਘ, ਵਰਿੰਦਰ ਸਿੰਘ ਕਾਲਾ ਝਾੜ, ਦਲਵੀਰ ਸਿੰਘ ਭੰਗੂ ਅਤੇ ਜਤਿੰਦਰ ਸਿੰਘ ਬਹਿਰੀ ਹਾਜ਼ਰ ਸਨ।

ਟੂਰਨਾਮੈਂਟ ਦਾ ਫਾਈਨਲ ਮੈਚ ਐਤਵਾਰ ਨੂੰ ਖੇਡਿਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟੂਰਨਾਮੈਂਟ ਦੇ ਪ੍ਰੈਸ ਸਕੱਤਰ ਗੁਰਿੰਦਰਜੀਤ ਸਿੰਘ ਸੋਢੀ ਨੇ ਦੱਸਿਆ ਕਿ ਫਾਈਨਲ ਮੈਚ ਦੇ ਮੁੱਖ ਮਹਿਮਾਨ ਪੰਜਾਬ ਸਰਕਾਰ ਦੇ ਖ਼ਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਹੋਣਗੇ। ਉਨ੍ਹਾਂ ਦੇ ਨਾਲ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਅਤੇ ਸਾਬਕਾ ਵਿਧਾਇਕ ਰਮੇਸ਼ ਸਿੰਗਲਾ ਗੈਸਟ ਆਫ ਆਨਰ ਵਜੋਂ ਸ਼ਿਰਕਤ ਕਰਨਗੇ।

ਫਾਈਨਲ ਮੁਕਾਬਲਾ ਐਲਪੀਯੂ ਜਲੰਧਰ ਅਤੇ ਈ ਐਮ ਈ ਜਲੰਧਰ ਦੀਆਂ ਟੀਮਾਂ ਦਰਮਿਆਨ ਖੇਡਿਆ ਜਾਵੇਗਾ।


 

#Sports #nabha news
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਖੇਡ | ਮਨੋਰੰਜਨ - ਪੰਜਾਬ ਖੇਡਾਂ अपडेट्स