ਤਰਨ ਤਾਰਨ ਵਿੱਚ ਕਿਸਾਨਾਂ ਲਈ ਮਟਰ ਤੇ ਆਲੂਆਂ ਦੀਆਂ ਬਿਮਾਰੀਆਂ ਸਬੰਧੀ ਬਾਰੇ ਵੱਡੀ ਜਾਣਕਾਰੀ ਗੌਸ਼ਟੀ

ਤਰਨ ਤਾਰਨ ਵਿੱਚ ਕਿਸਾਨਾਂ ਲਈ ਮਟਰ ਤੇ ਆਲੂਆਂ ਦੀਆਂ ਬਿਮਾਰੀਆਂ ਸਬੰਧੀ ਬਾਰੇ ਵੱਡੀ ਜਾਣਕਾਰੀ ਗੌਸ਼ਟੀ

Author : Harbhajan Singh

Jan. 12, 2026 11:56 a.m. 344

ਤਰਨ ਤਾਰਨ, 10 ਜਨਵਰੀ (ਹਰਭਜਨ ਸਿੰਘ) – ਫਾਰਮ ਸਲਾਹਕਾਰ ਸੇਵਾ ਕੇਂਦਰ, ਤਰਨ ਤਾਰਨ ਵੱਲੋਂ ਪਿੰਡ ਕੱਲ੍ਹਾ ਬਲਾਕ ਖਡੂਰ ਸਾਹਿਬ ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਪੌਦਾ ਰੋਗ ਵਿਭਾਗ ਦੇ ਸਹਿਯੋਗ ਨਾਲ “ਮਟਰਾਂ ਅਤੇ ਆਲੂਆਂ ਦੀਆਂ ਬਿਮਾਰੀਆਂ” ਬਾਰੇ ਇਕ ਵਿਚਾਰ ਗੌਸ਼ਟੀ ਦਾ ਆਯੋਜਨ ਕੀਤਾ ਗਿਆ। ਇਸ ਗੌਸ਼ਟੀ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਮਟਰਾਂ ਅਤੇ ਆਲੂਆਂ ਵਿੱਚ ਹੋਣ ਵਾਲੀਆਂ ਬਿਮਾਰੀਆਂ ਅਤੇ ਉਨ੍ਹਾਂ ਦੇ ਪ੍ਰਬੰਧਨ ਬਾਰੇ ਜਾਗਰੂਕ ਕਰਨਾ ਸੀ। ਇਸ ਸਮਾਗਮ ਵਿੱਚ 70 ਦੇ ਕਰੀਬ ਕਿਸਾਨਾਂ ਨੇ ਭਾਗ ਲਿਆ।

ਡਾ. ਪਰਵਿੰਦਰ ਸਿੰਘ, ਇੰਚਾਰਜ ਫਾਰਮ ਸਲਾਹਕਾਰ ਸੇਵਾ ਕੇਂਦਰ, ਤਰਨ ਤਾਰਨ ਨੇ ਪੀ.ਏ.ਯੂ, ਲੁਧਿਆਣਾ ਤੋਂ ਆਈ ਟੀਮ ਦਾ ਸਵਾਗਤ ਕੀਤਾ ਅਤੇ ਕਿਸਾਨਾਂ ਨੂੰ ਇਹ ਸਲਾਹ ਦਿੱਤੀ ਕਿ ਉਹ ਕਿਸੇ ਵੀ ਕਿਸਮ ਦੇ ਖੇਤੀਬਾੜੀ ਕਾਰਜਾਂ ਨੂੰ ਕਰਨ ਤੋਂ ਪਹਿਲਾਂ ਖੇਤੀਬਾੜੀ ਮਾਹਿਰਾਂ ਦੀ ਸਲਾਹ ਜ਼ਰੂਰ ਲੈਣ। ਉਨ੍ਹਾਂ ਨੇ ਘਰੇਲੂ ਬਗੀਚੀ ਬਣਾਉਣ ਲਈ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ।

ਡਾ. ਅਮਰਜੀਤ ਸਿੰਘ, ਪ੍ਰਿੰਸੀਪਲ ਪਸਾਰ ਵਿਗਿਆਨੀ (ਪੌਦਾ ਰੋਗ) ਨੇ ਤਕਨੀਕੀ ਸੈਸ਼ਨ ਦੀ ਸ਼ੁਰੂਆਤ ਕਰਦੇ ਹੋਏ ਮਟਰਾਂ ਅਤੇ ਆਲੂਆਂ ਦੀਆਂ ਬਿਮਾਰੀਆਂ ਦੇ ਲੱਛਣ ਅਤੇ ਰੋਕਥਾਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ, ਉਹ ਹੋਰ ਵੱਖ-ਵੱਖ ਫਸਲਾਂ ਵਿੱਚ ਬਿਮਾਰੀਆਂ ਦੇ ਪ੍ਰਬੰਧਨ ਬਾਰੇ ਵੀ ਕਿਸਾਨਾਂ ਨਾਲ ਵਿਚਾਰ-ਵਟਾਂਦਰਾ ਕੀਤਾ।

ਡਾ. ਦਿਲਪ੍ਰੀਤ ਸਿੰਘ, ਪਸਾਰ ਵਿਗਿਆਨੀ (ਸਬਜ਼ੀਆਂ) ਨੇ ਮਟਰਾਂ ਅਤੇ ਆਲੂਆਂ ਦੀਆਂ ਨਵੀਂਆਂ ਕਿਸਮਾਂ, ਉਨ੍ਹਾਂ ਦੀ ਕਾਸ਼ਤ ਦੇ ਢੰਗ ਅਤੇ ਸਬਜ਼ੀਆਂ ਵਿੱਚ ਜੈਵਿਕ ਖਾਦਾਂ ਦੀ ਵਰਤੋਂ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕੀਤੀ।

ਡਾ. ਪਰਮਿੰਦਰ ਕੌਰ, ਪ੍ਰਿੰਸੀਪਲ ਪਸਾਰ ਵਿਗਿਆਨੀ (ਪੌਦਾ ਰੋਗ) ਨੇ ਕਣਕ ਅਤੇ ਹੋਰ ਫਸਲਾਂ ਦੇ ਕੀੜੇ-ਮਕੌੜੇ ਅਤੇ ਬਿਮਾਰੀਆਂ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਅਤੇ ਰੋਕਥਾਮ ਲਈ ਜ਼ਰੂਰੀ ਨੁਕਤਿਆਂ ਬਾਰੇ ਦੱਸਿਆ। ਉਨ੍ਹਾਂ ਕਿਸਾਨਾਂ ਨੂੰ ਯੂਨੀਵਰਸਿਟੀ ਦੇ ਮਾਹਿਰਾਂ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਤਾਂ ਜੋ ਖੇਤੀ ਕਾਰਜਾਂ ਤੋਂ ਵੱਧ ਤੋਂ ਵੱਧ ਲਾਭ ਲਿਆ ਜਾ ਸਕੇ।

ਡਾ. ਸਵਰੀਤ ਖਹਿਰਾ, ਸੀਨੀਅਰ ਪਸਾਰ ਮਾਹਿਰ (ਫਲ ਵਿਗਿਆਨੀ) ਨੇ ਨਵੀਆਂ ਲਗਾਈਆਂ ਫਲਦਾਰ ਫਸਲਾਂ ਦੀ ਦੇਖਭਾਲ ਬਾਰੇ ਵੀ ਜਾਣਕਾਰੀ ਦਿੱਤੀ।

ਡਾ. ਪਰਮਿੰਦਰ ਸਿੰਘ ਸੰਧੂ, ਜਿਲ੍ਹਾ ਪਸਾਰ ਮਾਹਿਰ (ਫਸਲ ਵਿਗਿਆਨੀ) ਨੇ ਕਿਸਾਨਾਂ ਨੂੰ ਹਾੜ੍ਹੀ ਦੀਆਂ ਫਸਲਾਂ ਵਿੱਚ ਖਾਦਾਂ ਅਤੇ ਪਾਣੀ ਦੇ ਸੁਚੱਜੇ ਪ੍ਰਬੰਧਨ ਲਈ ਗਾਈਡਲਾਈਨ ਦਿੱਤੀ। ਉਨ੍ਹਾਂ ਮਾਰਚ ਮਹੀਨੇ ਵਿੱਚ ਵੱਧਦੇ ਤਾਪਮਾਨ ਤੋਂ ਕਣਕ ਨੂੰ ਬਚਾਉਣ ਲਈ ਪੋਟਾਸ਼ੀਅਮ ਨਾਈਟਰੇਟ ਦੀ ਵਰਤੋਂ ਕਰਨ ਦੀ ਵੀ ਸਿਫਾਰਿਸ਼ ਕੀਤੀ।

ਕਿਸਾਨਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਫਸਲਾਂ, ਫਲਾਂ ਅਤੇ ਸਬਜ਼ੀਆਂ ਵਿੱਚ ਕੀੜੇ-ਮਕੌੜੇ, ਬਿਮਾਰੀਆਂ, ਖਾਦਾਂ, ਸਿੰਚਾਈ ਅਤੇ ਨਦੀਨਾ ਸਬੰਧੀ ਸਵਾਲ ਪੁੱਛੇ।

ਅੰਤ ਵਿੱਚ ਡਾ. ਪਰਮਿੰਦਰ ਕੌਰ ਨੇ ਸਾਰੇ ਆਏ ਕਿਸਾਨਾਂ ਅਤੇ ਵਿਗਿਆਨੀਆਂ ਦਾ ਧੰਨਵਾਦ ਕੀਤਾ।

ਇਸ ਤੋਂ ਇਲਾਵਾ, ਪੀ.ਏ.ਯੂ ਲੁਧਿਆਣਾ ਦੀ ਟੀਮ ਨੇ ਕਿਸਾਨਾਂ ਦੇ ਖੇਤਾਂ ਅਤੇ ਯੂ.ਐੱਸ.ਐੱਫ, ਉਸਮਾਨ ਵਿਖੇ ਆਲੂ, ਟਮਾਟਰ, ਸ਼ਲਗਮ, ਲਸਣ, ਫਲੀਆਂ, ਕਣਕ, ਮਸਰ ਅਤੇ ਰਾਇਆ ਦੀਆਂ ਫਸਲਾਂ ਦੇ ਤਜਰਬਿਆਂ ਦਾ ਦੌਰਾ ਵੀ ਕੀਤਾ।

#World News #ਜਨ ਪੰਜਾਬ #ਪੰਜਾਬ ਖ਼ਬਰਾਂ #latest news punjab #jan punjab news
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਕਿਸਾਨੀ - ਖੇਤੀ–ਖ਼ਬਰਾਂ अपडेट्स