ਡੇਰੇ ਦੇ ਮੁੱਖ ਸੇਵਾਦਾਰ ਨੂੰ ਜਬਰ-ਜਨਾਹ ਮਾਮਲੇ ‘ਚ 10 ਸਾਲ ਸਖ਼ਤ ਕੈਦ

Author : Harpal Singh

ਮੋਗਾ ਦੀ ਐਡਿਸ਼ਨਲ ਸੈਸ਼ਨ ਜੱਜ ਦੀ ਅਦਾਲਤ ਨੇ ਇੱਕ ਨੌਜਵਾਨ ਲੜਕੀ ਨਾਲ ਜਬਰ-ਜਨਾਹ ਕਰਨ ਦੇ ਮਾਮਲੇ ਵਿੱਚ ਧਾਰਮਿਕ ਡੇਰੇ ਨਾਲ ਜੁੜੇ ਮੁੱਖ ਸੇਵਾਦਾਰ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਦੋਸ਼ੀ ਬਲਜਿੰਦਰ ਸਿੰਘ ਨੂੰ 10 ਸਾਲ ਸਖ਼ਤ ਕੈਦ ਅਤੇ 55 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।

ਅਦਾਲਤੀ ਰਿਕਾਰਡ ਮੁਤਾਬਕ, ਪੀੜਤ 25 ਸਾਲਾ ਲੜਕੀ ਲੁਧਿਆਣਾ ਜ਼ਿਲ੍ਹੇ ਦੇ ਜਗਰਾਓਂ ਨੇੜਲੇ ਇੱਕ ਪਿੰਡ ਦੀ ਰਹਿਣ ਵਾਲੀ ਹੈ। ਉਸ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਜਗਰਾਓਂ ਸਥਿਤ ਡੇਰਾ ਚਰਨ ਘਾਟ ਦੇ ਮੁੱਖ ਸੇਵਾਦਾਰ ਬਲਜਿੰਦਰ ਸਿੰਘ ਨੇ ਉਸ ਨਾਲ ਜਬਰ-ਜਨਾਹ ਕੀਤਾ।

ਪੀੜਤ ਦੇ ਪਰਿਵਾਰਕ ਮੈਂਬਰ ਅਕਸਰ ਡੇਰੇ ‘ਚ ਆਉਂਦੇ-ਜਾਂਦੇ ਰਹਿੰਦੇ ਸਨ। ਲੜਕੀ ਆਪਣੇ ਨਸ਼ੇ ਦੀ ਲਤ ਨਾਲ ਜੂਝ ਰਹੇ ਭਰਾ ਦੀ ਸੁਧਾਰ ਲਈ ਅਰਦਾਸ ਦੀ ਆਸ ਨਾਲ ਡੇਰੇ ਗਈ ਸੀ। ਦੋਸ਼ ਹੈ ਕਿ 6 ਮਈ ਨੂੰ ਮੁੱਖ ਸੇਵਾਦਾਰ ਨੇ ਖ਼ਾਸ ਅਰਦਾਸ ਦਾ ਝਾਂਸਾ ਦੇ ਕੇ ਲੜਕੀ ਨੂੰ ਮੋਗਾ ਦੇ ਇੱਕ ਨਿੱਜੀ ਹੋਟਲ ਵਿੱਚ ਲੈ ਗਿਆ, ਜਿੱਥੇ ਉਸ ਨਾਲ ਜਬਰ-ਜਨਾਹ ਕੀਤਾ ਗਿਆ ਅਤੇ ਬਾਅਦ ਵਿੱਚ ਉਸ ਦੀ ਕੁੱਟਮਾਰ ਵੀ ਕੀਤੀ ਗਈ।

ਇਸ ਤੋਂ ਇਲਾਵਾ, ਦੋਸ਼ੀ ਨੇ ਪੀੜਤ ਦੀ ਵੀਡੀਓ ਬਣਾ ਕੇ ਉਸਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਡਰਾਅ ਧਮਕੀਆਂ ਦੇ ਕੇ ਉਸਨੂੰ ਡੇਰੇ ਵਿੱਚ ਬੁਲਾਇਆ ਜਾਂਦਾ ਰਿਹਾ, ਜਿੱਥੇ ਹਫ਼ਤੇ ਵਿੱਚ ਦੋ ਵਾਰ ਜ਼ਬਰਦਸਤੀ ਦੁਰਵਿਵਹਾਰ ਕੀਤਾ ਜਾਂਦਾ ਸੀ।

ਇਸ ਮਾਮਲੇ ਦੌਰਾਨ ਖੁਲਾਸਾ ਹੋਇਆ ਕਿ ਬਲਜਿੰਦਰ ਸਿੰਘ ਖ਼ਿਲਾਫ਼ 2 ਸਤੰਬਰ 2024 ਨੂੰ ਇਕ ਹੋਰ ਲੜਕੀ ਵੱਲੋਂ ਵੀ ਲੁਧਿਆਣਾ ਵਿੱਚ ਇਸੇ ਤਰ੍ਹਾਂ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਬਾਅਦ ਵਿੱਚ ਮੋਗਾ ਦੇ ਮਹਿਣਾ ਥਾਣੇ ਦੀ ਪੁਲਿਸ ਨੇ 18 ਸਤੰਬਰ 2024 ਨੂੰ ਜਬਰ-ਜਨਾਹ ਅਤੇ ਧਮਕੀਆਂ ਦੇ ਅਰੋਪਾਂ ਹੇਠ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ।

ਸੋਮਵਾਰ, 5 ਜਨਵਰੀ 2026 ਨੂੰ ਅਦਾਲਤ ਵਿੱਚ ਮਾਮਲੇ ਦੀ ਅੰਤਿਮ ਸੁਣਵਾਈ ਦੌਰਾਨ ਸਾਰੇ ਸਬੂਤਾਂ, ਮੈਡੀਕਲ ਰਿਪੋਰਟਾਂ ਅਤੇ ਗਵਾਹੀਆਂ ਨੂੰ ਧਿਆਨ ਵਿੱਚ ਰੱਖਦਿਆਂ ਅਦਾਲਤ ਨੇ ਬਲਜਿੰਦਰ ਸਿੰਘ ਨੂੰ ਦੋਸ਼ੀ ਮੰਨਦਿਆਂ 10 ਸਾਲ ਸਖ਼ਤ ਕੈਦ ਅਤੇ 55 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।

Jan. 6, 2026 6:12 p.m. 109
#World News #ਜਨ ਪੰਜਾਬ #ਪੰਜਾਬ ਖ਼ਬਰਾਂ
Watch Special Video
Sponsored
Trending News