ਮਾਰਕੀਟ ਨਾ ਮਿਲਣ ਕਾਰਨ 15 ਸਾਲਾਂ ਦੀ ਫੁੱਲਾਂ ਦੀ ਖੇਤੀ ਘਾਟੇ ‘ਚ, ਕਿਸਾਨ ਫਸਲ ਛੱਡਣ ਲਈ ਮਜਬੂਰ

Author : Lovepreet Singh

ਪੰਜਾਬ ਵਿੱਚ ਫੁੱਲਾਂ ਦੀ ਖੇਤੀ ਕਰਨ ਵਾਲੇ ਕਿਸਾਨ ਇਸ ਸਮੇਂ ਗੰਭੀਰ ਸੰਕਟ ਵਿਚੋਂ ਲੰਘ ਰਹੇ ਹਨ। ਪਿਛਲੇ 15 ਸਾਲਾਂ ਤੋਂ ਫੁੱਲਾਂ ਦੀ ਖੇਤੀ ਕਰ ਰਹੇ ਕਿਸਾਨਾਂ ਨੇ ਇਹ ਫੈਸਲਾ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਰਵਾਇਤੀ ਖੇਤੀ ਤੋਂ ਹਟ ਕੇ ਕੋਈ ਵਿਕਲਪ ਅਪਣਾਉਣ ਲਈ ਕੀਤਾ ਸੀ। ਸ਼ੁਰੂਆਤੀ ਸਾਲਾਂ ਵਿੱਚ ਇਹ ਕਾਰੋਬਾਰ ਕਾਫੀ ਸਫਲ ਰਿਹਾ ਅਤੇ ਲਗਭਗ 10 ਸਾਲ ਤੱਕ ਕਿਸਾਨਾਂ ਨੂੰ ਵਧੀਆ ਮਨਾਫ਼ਾ ਮਿਲਦਾ ਰਿਹਾ।

ਪਰ ਪਿਛਲੇ ਕੁਝ ਸਾਲਾਂ ਤੋਂ ਹਾਲਾਤ ਬਦਲ ਗਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਨੂੰ ਆਪਣੇ ਫੁੱਲ ਤੋੜ ਕੇ ਅੰਮ੍ਰਿਤਸਰ ਜਾਂ ਗੁਰਦਾਸਪੁਰ ਤੋਂ ਬਾਹਰਲੇ ਜ਼ਿਲ੍ਹਿਆਂ ਵਿੱਚ ਵੇਚਣ ਜਾਣਾ ਪੈਂਦਾ ਹੈ। ਉੱਥੇ ਵੀ ਦੁਕਾਨਦਾਰ ਬਾਹਰਲੇ ਸੂਬਿਆਂ ਤੋਂ ਆ ਰਹੇ ਸਸਤੇ ਫੁੱਲਾਂ ਨੂੰ ਤਰਜੀਹ ਦੇ ਰਹੇ ਹਨ, ਜਿਸ ਕਾਰਨ ਸਥਾਨਕ ਕਿਸਾਨਾਂ ਦੇ ਫੁੱਲ ਨਹੀਂ ਵਿਕ ਰਹੇ।

ਇੱਕ ਕਿਸਾਨ ਨੇ ਦੱਸਿਆ ਕਿ ਮਾਰਕੀਟ ਨਾ ਮਿਲਣ ਕਾਰਨ ਉਸ ਨੇ ਅੱਧੇ ਤੋਂ ਵੱਧ ਫੁੱਲਾਂ ਦੀ ਫਸਲ ਖਤਮ ਕਰ ਦਿੱਤੀ ਹੈ ਅਤੇ ਹੁਣ ਉਸ ਜ਼ਮੀਨ ‘ਤੇ ਮੁੜ ਰਵਾਇਤੀ ਖੇਤੀ ਕਰਨੀ ਪੈ ਰਹੀ ਹੈ। ਕਿਸਾਨ ਦਾ ਕਹਿਣਾ ਹੈ ਕਿ ਫੁੱਲਾਂ ਦੀ ਫਸਲ ਤਬਾਹ ਕਰਨਾ ਦਿਲ ਨੂੰ ਚੁਭਦਾ ਹੈ, ਪਰ ਲਗਾਤਾਰ ਹੋ ਰਹੇ ਘਾਟੇ ਕਾਰਨ ਉਹ ਇਸ ਲਈ ਮਜਬੂਰ ਹੋ ਗਏ ਹਨ।

ਕਿਸਾਨਾਂ ਅਨੁਸਾਰ ਪੰਜਾਬ ਵਿੱਚ ਫੁੱਲ ਉਗਾਉਣ ਵਾਲੇ ਜ਼ਿਆਦਾਤਰ ਕਿਸਾਨ ਇਸ ਸਮੇਂ ਘਾਟੇ ਵਿੱਚ ਚੱਲ ਰਹੇ ਹਨ। ਜੇਕਰ ਹਾਲਾਤ ਐਵੇਂ ਹੀ ਰਹੇ ਤਾਂ ਆਉਣ ਵਾਲੇ ਸੀਜ਼ਨ ਵਿੱਚ ਪੰਜਾਬ ਵਿੱਚ ਫੁੱਲਾਂ ਦੀ ਖੇਤੀ ਲਗਭਗ ਖਤਮ ਹੋ ਸਕਦੀ ਹੈ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਫੁੱਲਾਂ ਲਈ ਢੁੱਕਵੀਂ ਮਾਰਕੀਟ, ਸਮਰਥਨ ਮੁੱਲ ਅਤੇ ਨੀਤੀਆਂ ਬਣਾਈਆਂ ਜਾਣ ਤਾਂ ਜੋ ਇਹ ਖੇਤੀ ਬਚਾਈ ਜਾ ਸਕੇ।

Jan. 11, 2026 5:08 p.m. 11
#World News #ਜਨ ਪੰਜਾਬ #ਪੰਜਾਬ ਖ਼ਬਰਾਂ
Watch Special Video
Sponsored
Trending News