Author : Lovepreet Singh
ਗੁਰਦਾਸਪੁਰ ਜ਼ਿਲ੍ਹੇ ਦੇ ਕਸਬਾ ਬਹਿਰਾਮਪੁਰ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਤੇ ਦਿਲ ਦਹਿਲਾ ਦੇਣ ਵਾਲਾ ਕਤਲ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਹਰ ਕਿਸੇ ਨੂੰ ਸੋਚਣ ’ਤੇ ਮਜਬੂਰ ਕਰ ਦਿੱਤਾ ਹੈ। ਇੱਥੇ ਵਿਆਹੀ ਗੁਰਲੀਨ ਕੌਰ ਦੀ 2 ਦਿਸੰਬਰ 2025 ਨੂੰ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਸੀ। ਮ੍ਰਿਤਕਾ ਦੇ ਪਿਤਾ ਨਵੀਨ ਸੈਣੀ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ ’ਤੇ ਬਹਿਰਾਮਪੁਰ ਥਾਣੇ ਵਿੱਚ ਗੁਰਲੀਨ ਦੇ ਪਤੀ ਮਨਜੀਤ ਸੈਣੀ, ਉਸ ਦੇ ਦਿਓਰ ਦਲਜੀਤ ਅਤੇ ਦਿਓਰ ਦੀ ਪਤਨੀ ਪੂਨਮ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਮ੍ਰਿਤਕਾ ਦੇ ਪਤੀ ਮਨਜੀਤ ਸੈਣੀ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਸੀ।
ਮਾਮਲਾ ਉਸ ਸਮੇਂ ਪੂਰੀ ਤਰ੍ਹਾਂ ਨਵਾਂ ਮੋੜ ਲੈ ਗਿਆ, ਜਦੋਂ ਮ੍ਰਿਤਕਾ ਦੀ ਸੱਸ ਨੇ ਅਚਾਨਕ ਆਪਣੀ ਨੂੰਹ ਦੇ ਕਤਲ ਦਾ ਦੋਸ਼ ਆਪਣੇ ਸਿਰ ਲੈ ਲਿਆ। ਉਸ ਨੇ ਕਬੂਲਿਆ ਕਿ ਕਤਲ ਉਸ ਨੇ ਕੀਤਾ ਹੈ। ਇਸ ਕਬੂਲੀਏ ਤੋਂ ਬਾਅਦ ਪੁਲਿਸ ਨੇ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਇਸ ਸਮੇਂ ਮਾਂ ਅਤੇ ਪੁੱਤਰ ਦੋਵੇਂ ਜੇਲ੍ਹ ਵਿੱਚ ਹਨ।
ਪਰ ਕਹਾਣੀ ਇੱਥੇ ਖ਼ਤਮ ਨਹੀਂ ਹੁੰਦੀ। ਮ੍ਰਿਤਕਾ ਦੇ ਪਰਿਵਾਰ ਨੇ ਇਸ ਕਬੂਲੀਏ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਪਰਿਵਾਰ ਦਾ ਦਾਅਵਾ ਹੈ ਕਿ ਸੱਸ ਨੇ ਆਪਣੇ ਪੁੱਤਰਾਂ ਨੂੰ ਬਚਾਉਣ ਲਈ ਝੂਠਾ ਦੋਸ਼ ਆਪਣੇ ਸਿਰ ਲਿਆ ਹੈ, ਜਦਕਿ ਅਸਲੀ ਦੋਸ਼ੀ ਅਜੇ ਵੀ ਆਜ਼ਾਦ ਘੁੰਮ ਰਹੇ ਹਨ।
ਮ੍ਰਿਤਕਾ ਗੁਰਲੀਨ ਕੌਰ ਦੇ ਸੋਹਰੇ ਕਸਤੂਰੀ ਲਾਲ ਨੇ ਖੁਦ ਸਾਹਮਣੇ ਆ ਕੇ ਸਾਰੇ ਰਾਜ ਖੋਲ੍ਹ ਦਿੱਤੇ ਹਨ। ਉਸ ਨੇ ਕਿਹਾ ਕਿ ਉਸ ਦਾ ਛੋਟਾ ਪੁੱਤਰ ਦਲਜੀਤ ਅਤੇ ਉਸ ਦੀ ਪਤਨੀ ਪੂਨਮ ਲੰਮੇ ਸਮੇਂ ਤੋਂ ਗੁਰਲੀਨ ਕੌਰ ਨੂੰ ਤੰਗ-ਪਰੇਸ਼ਾਨ ਕਰ ਰਹੇ ਸਨ। ਉਹ ਅਕਸਰ ਉਸ ਨਾਲ ਮਾਰਕੁੱਟ ਕਰਦੇ ਸਨ ਅਤੇ ਉਸ ਨੂੰ ਸਰੀਰਕ ਤੇ ਮਾਨਸਿਕ ਤੌਰ ’ਤੇ ਤਸ਼ੱਦਦ ਦਾ ਸ਼ਿਕਾਰ ਬਣਾਇਆ ਜਾਂਦਾ ਸੀ। ਕਸਤੂਰੀ ਲਾਲ ਮੁਤਾਬਕ, 2 ਦਿਸੰਬਰ 2025 ਨੂੰ ਵੀ ਦਲਜੀਤ ਅਤੇ ਪੂਨਮ ਨੇ ਮਿਲ ਕੇ ਗੁਰਲੀਨ ਕੌਰ ਦਾ ਗਲਾ ਘੋਟ ਕੇ ਕਤਲ ਕੀਤਾ।
ਇਸ ਮਾਮਲੇ ਵਿੱਚ ਮ੍ਰਿਤਕਾ ਦੇ ਪਿਤਾ ਨਵੀਨ ਸੈਣੀ ਅਤੇ ਸੋਹਰੇ ਕਸਤੂਰੀ ਲਾਲ ਦੋਵੇਂ ਇਕ ਸੁਰ ਵਿੱਚ ਮੰਗ ਕਰ ਰਹੇ ਹਨ ਕਿ ਅਸਲੀ ਕਾਤਲਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਜਦ ਤੱਕ ਦਲਜੀਤ ਅਤੇ ਪੂਨਮ ਨੂੰ ਕਾਨੂੰਨ ਦੇ ਕਟਹਰੇ ਵਿੱਚ ਨਹੀਂ ਲਿਆਂਦਾ ਜਾਂਦਾ, ਤਦ ਤੱਕ ਗੁਰਲੀਨ ਕੌਰ ਨੂੰ ਸੱਚਾ ਇਨਸਾਫ਼ ਨਹੀਂ ਮਿਲੇਗਾ।
ਇਸ ਮੰਗ ਨੂੰ ਲੈ ਕੇ ਅੱਜ ਮ੍ਰਿਤਕਾ ਦੇ ਪਰਿਵਾਰ ਵੱਲੋਂ ਐਸਐਸਪੀ ਗੁਰਦਾਸਪੁਰ ਨੂੰ ਲਿਖਤੀ ਮੰਗ ਪੱਤਰ ਵੀ ਸੌਂਪਿਆ ਗਿਆ ਹੈ। ਪਰਿਵਾਰ ਨੇ ਪ੍ਰਸ਼ਾਸਨ ਤੋਂ ਨਿਰਪੱਖ ਜਾਂਚ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਮਾਮਲਾ ਹੁਣ ਸਿਰਫ਼ ਇੱਕ ਕਤਲ ਨਹੀਂ ਰਹਿ ਗਿਆ, ਸਗੋਂ ਪਰਿਵਾਰਕ ਸਾਜ਼ਿਸ਼, ਝੂਠੇ ਕਬੂਲੀਏ ਅਤੇ ਸੱਚ ਲਈ ਲੜਾਈ ਦੀ ਤਸਵੀਰ ਬਣ ਚੁੱਕਾ ਹੈ। ਸਭ ਦੀ ਨਜ਼ਰ ਹੁਣ ਪੁਲਿਸ ਦੀ ਜਾਂਚ ’ਤੇ ਟਿਕੀ ਹੋਈ ਹੈ ਕਿ ਕਦੋਂ ਅਸਲੀ ਦੋਸ਼ੀਆਂ ਤੱਕ ਕਾਨੂੰਨ ਦਾ ਹੱਥ ਪਹੁੰਚਦਾ ਹੈ।
Amritsar Airport Drone Activity: ਅੰਮ੍ਰਿਤਸਰ ਹਵਾਈ ਅੱਡੇ ਨੇੜੇ 3 ...
ਅੰਮ੍ਰਿਤਸਰ ਹਵਾਈ ਅੱਡੇ ਨੇੜੇ ਤਿੰਨ ਸ਼ੱਕੀ ਡਰੋਨ ਦਿਖਾਈ ਦੇਣ ਮਗਰੋਂ ਏਅਰ ਇੰਡੀਆ, ਇੰਡੀਗੋ ਤੇ ਮਲੇਸ਼ੀਆ ਏਅਰਲਾਈਨਜ਼ ਦੀਆਂ
Amritsar Police Action: 15 ਕਿਲੋ ਅਫੀਮ, M16 ਰਾਈਫਲ ਅਤੇ 9 ਪਿਸਤੌਲ...
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਦੋ ਗੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ਾ ਸਪਲਾਈ ਨੈੱਟਵਰਕਾਂ ਦਾ ਪਰਦਾਫਾਸ਼ ਕੀਤਾ। 4 ਮੁਲਜ਼ਮ
Punjab CBI Case: CM ਦੇ OSD ਰਾਜਬੀਰ ਘੁੰਮਣ ਸਮੇਤ 6 ਖ਼ਿਲਾਫ਼ ਕੇਸ, ...
ਪੰਜਾਬ CM ਦੇ OSD ਰਾਜਬੀਰ ਘੁੰਮਣ ਸਮੇਤ 6 ਖ਼ਿਲਾਫ਼ CBI ਕੇਸ ਦਰਜ, 7 ਸ਼ਹਿਰਾਂ ’ਚ 8 ਥਾਵਾਂ ’ਤੇ ਤਲਾਸ਼ੀ