ਇਨਵੈਸਟਰ ਸਮਿਟ ਤੇ ਪੰਜਾਬ ਦੀ ਕਾਨੂੰਨ-ਵਿਵਸਥਾ ਨੂੰ ਲੈ ਕੇ ਬਿਕਰਮ ਮਜੀਠੀਆ ਦਾ ਤਿੱਖਾ ਹਮਲਾ, ਫੇਕ ਇਨਕਾਊਂਟਰ ਦੇ ਲਗਾਏ ਦੋਸ਼

Author : Lovepreet Singh

ਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮਜੀਤ ਸਿੰਘ ਮਜੀਠੀਆ ਪਹੁੰਚੇ ਜ਼ਿਲੇ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਅਧੀਨ ਪੈਂਦੇ ਕਸਬਾ ਘੁਮਾਣ ਸਥਿਤ ਗੁਰਦੁਆਰਾ ਤਪਿਆਣਾ ਸਾਹਿਬ ਵਿਖੇ ਜਿੱਥੇ ਬਿਕਰਮਜੀਤ ਸਿੰਘ ਮਜੀਠੀਆ ਦੀ ਚੜ੍ਹਦੀ ਕਲਾ ਵਾਸਤੇ ਸੁਖਮਨੀ ਸਾਹਿਬ ਦੇ ਪਾਠ ਅਤੇ ਅਰਦਾਸ ਕੀਤੀ ਗਈ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਸ਼੍ਰੀ ਹਰਗੋਬਿੰਦਪੁਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਅਤੇ ਲੀਡਰਸ਼ਿਪ ਨੇ ਹਾਜ਼ਰੀ ਭਰੀ

ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਇਨਵੈਸਟਰ ਸਮਿਟ ਅਤੇ ਸੂਬੇ ਦੀ ਕਾਨੂੰਨ-ਵਿਵਸਥਾ ਨੂੰ ਲੈ ਕੇ ਤਿੱਖੇ ਸਵਾਲ ਖੜੇ ਕੀਤੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵੱਡੇ ਪੱਧਰ ‘ਤੇ ਨਿਵੇਸ਼ ਆਉਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਅਸਲ ਹਕੀਕਤ ਇਸ ਤੋਂ ਕਾਫੀ ਵੱਖਰੀ ਹੈ।

ਮਜੀਠੀਆ ਨੇ ਕਿਹਾ ਕਿ ਜਿਹੜਾ ਪ੍ਰੋਜੈਕਟ ਚਾਲੀ ਕਰੋੜ ਰੁਪਏ ਦਾ ਸੀ, ਉਸ ਵਿੱਚ ਹਰ ਸਾਲ ਐਕਸਪੈਂਸ਼ਨ ਹੁੰਦੀ ਰਹੀ ਅਤੇ ਛੋਟੇ-ਛੋਟੇ ਯੂਨਿਟ ਲੱਗਦੇ ਰਹੇ। ਉਨ੍ਹਾਂ ਕਿਹਾ ਕਿ ਇਨ੍ਹਾਂ ਯੂਨਿਟਾਂ ਨਾਲ ਜੁੜੀਆਂ ਇੰਡਸਟਰੀਆਂ ਵੱਲੋਂ ਹਮੇਸ਼ਾ ਨਿਵੇਸ਼ ਕੀਤਾ ਜਾਂਦਾ ਰਿਹਾ ਹੈ ਅਤੇ ਉਨ੍ਹਾਂ ਦੇ ਨਾਲ ਛੋਟੇ-ਛੋਟੇ ਬਾਇ-ਪ੍ਰੋਡਕਟ ਬਣਾਉਣ ਵਾਲੀਆਂ ਇਕਾਈਆਂ ਵੀ ਬਣਦੀਆਂ ਰਹੀਆਂ ਹਨ।

ਉਨ੍ਹਾਂ ਦੱਸਿਆ ਕਿ ਸਰਕਾਰ ਨੇ ਦਾਅਵਾ ਕੀਤਾ ਸੀ ਕਿ 60 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਆਇਆ ਹੈ, ਪਰ ਹਕੀਕਤ ਇਹ ਹੈ ਕਿ ਇਸ ਵਿੱਚੋਂ ਲਗਭਗ 40–45 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਉਹ ਹੈ ਜੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਬਾਦਲ ਸਾਹਿਬ ਲੈ ਕੇ ਆਏ ਸਨ। ਉਨ੍ਹਾਂ ਕਿਹਾ ਕਿ ਉਸ ਵੇਲੇ ਹੀ ਕਈ ਵੱਡੇ ਉਦਯੋਗਿਕ ਪ੍ਰੋਜੈਕਟਾਂ ਦੀ ਨੀਂਹ ਰੱਖੀ ਗਈ ਸੀ ਅਤੇ ਉਸ ਤੋਂ ਬਾਅਦ ਕਦੇ ਕਾਂਗਰਸ ਸਰਕਾਰ ਦੇ ਸਮੇਂ ਤੇ ਕਦੇ ਮੌਜੂਦਾ ਸਰਕਾਰ ਦੇ ਸਮੇਂ ਉਹ ਪ੍ਰੋਜੈਕਟ ਅੱਗੇ ਵਧਦੇ ਰਹੇ, ਪਰ ਕੋਈ ਨਵਾਂ ਵੱਡਾ ਨਿਵੇਸ਼ ਪੰਜਾਬ ਵਿੱਚ ਨਹੀਂ ਆ ਰਿਹਾ।

ਉਨ੍ਹਾਂ ਟਰਾਈਡੈਂਟ ਗਰੁੱਪ ਦਾ ਜ਼ਿਕਰ ਕਰਦਿਆਂ ਕਿਹਾ ਕਿ ਰਜਿੰਦਰ ਗੁਪਤਾ ਜੀ ਵਰਗੇ ਉਦਯੋਗਪਤੀ ਲੰਮੇ ਸਮੇਂ ਤੋਂ ਪੰਜਾਬ ਵਿੱਚ ਨਿਵੇਸ਼ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਬਰਨਾਲਾ ਵਿੱਚ ਜ਼ਮੀਨ ਅਧਿਗ੍ਰਹਣ ਨੂੰ ਲੈ ਕੇ ਇੱਕ ਵੱਡਾ ਵਿਵਾਦ ਖੜਾ ਹੋਇਆ ਸੀ, ਜਿਸ ਨੂੰ ਬਾਦਲ ਸਰਕਾਰ ਨੇ ਸੁਲਝਾਇਆ ਅਤੇ ਕਿਸਾਨਾਂ ਨੂੰ ਠੀਕ ਮੁਆਵਜ਼ਾ ਦਿਵਾਇਆ ਗਿਆ। ਇਸ ਨਾਲ ਉਦਯੋਗਿਕ ਵਿਕਾਸ ਦੀ ਸ਼ੁਰੂਆਤ ਹੋਈ ਅਤੇ ਉਸ ਸਮੇਂ ਕਈ ਪ੍ਰੋਜੈਕਟਾਂ ਦੀ ਗਰਾਊਂਡ ਵਰਕ ਤਿਆਰ ਕੀਤੀ ਗਈ।

ਮਜੀਠੀਆ ਨੇ ਜਿੰਦਲ ਸਟੀਲ ਦੇ ਮਾਲਕ ਸੱਜਣ ਜਿੰਦਲ ਦੇ ਬਿਆਨ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਉਹ ਕਹਿ ਰਹੇ ਹਨ ਕਿ ਉਹ ਭਵਿੱਖ ਵਿੱਚ ਨਿਵੇਸ਼ ਕਰਨਗੇ, ਪਰ ਭਵਿੱਖ ਦਾ ਸਮਾਂ ਕਿੰਨਾ ਹੋਵੇਗਾ ਇਹ ਸਪਸ਼ਟ ਨਹੀਂ। ਉਨ੍ਹਾਂ ਕਿਹਾ ਕਿ ਹਕੀਕਤ ਇਹ ਹੈ ਕਿ ਜਿਹੜਾ ਬੀਐਮਡਬਲਯੂ ਦਾ ਪਲਾਂਟ ਲਿਆਉਣ ਦੀ ਗੱਲ ਕੀਤੀ ਗਈ ਸੀ ਉਹ ਨਹੀਂ ਆਇਆ। ਉਨ੍ਹਾਂ ਸਵਾਲ ਕੀਤਾ ਕਿ ਪਿਛਲੇ ਚਾਰ ਸਾਲਾਂ ਵਿੱਚ ਕੀ ਕਿਸੇ ਇੱਕ ਨਵੇਂ ਪਲਾਂਟ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵਪਾਰੀ ਅਤੇ ਆੜਤੀਆ ਵੀ ਅੱਜ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਪਹਿਲਾਂ ਉਹ ਗੈਂਗਸਟਰਾਂ ਤੋਂ ਡਰਦੇ ਸਨ ਅਤੇ ਹੁਣ ਉਹਨਾਂ ਨੂੰ ਜੀਐਸਟੀ ਇੰਸਪੈਕਟਰਾਂ ਦੇ ਨੋਟਿਸਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਜੀਐਸਟੀ ਦੇ ਨੋਟਿਸ ਦੇ ਕੇ ਬਾਅਦ ਵਿੱਚ ਸਮਝੌਤਾ ਕਰ ਲਿਆ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਜਿੱਥੇ ਕਾਨੂੰਨ-ਵਿਵਸਥਾ ਠੀਕ ਨਾ ਹੋਵੇ, ਸੁਰੱਖਿਆ ਦੀ ਗਰੰਟੀ ਨਾ ਹੋਵੇ, ਉੱਥੇ ਕੋਈ ਵੀ ਨਿਵੇਸ਼ਕ ਨਿਵੇਸ਼ ਨਹੀਂ ਕਰਦਾ। ਮਜੀਠੀਆ ਨੇ ਕਿਹਾ ਕਿ ਪੰਜਾਬ ਅੱਜ ਲਗਭਗ 5 ਲੱਖ ਕਰੋੜ ਰੁਪਏ ਦੇ ਕਰਜ਼ੇ ਹੇਠਾਂ ਦੱਬ ਚੁੱਕਾ ਹੈ ਅਤੇ ਕਾਨੂੰਨ-ਵਿਵਸਥਾ ਦੇ ਮਾਮਲੇ ਵਿੱਚ ਹਾਈ ਕੋਰਟ ਨੂੰ ਦਖਲ ਦੇਣਾ ਪੈ ਰਿਹਾ ਹੈ।

ਉਨ੍ਹਾਂ ਕਿਹਾ ਕਿ ਡੀਜੀਪੀ ਦੇ ਮਾਮਲੇ ਵਿੱਚ ਵੀ ਅਸਥਾਈ ਨਿਯੁਕਤੀ ਕੀਤੀ ਗਈ ਹੈ ਅਤੇ ਜਦੋਂ ਤੱਕ ਸਥਾਈ ਡੀਜੀਪੀ ਨਹੀਂ ਲੱਗੇਗਾ, ਤਦ ਤੱਕ ਕਾਨੂੰਨ-ਵਿਵਸਥਾ ਦੇ ਮਸਲੇ ਹੱਲ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਜਦੋਂ ਸਥਾਈ ਡੀਜੀਪੀ ਲੱਗੇਗਾ ਤਾਂ ਉਹ ਕੁਰਸੀ ਦੀ ਚਿੰਤਾ ਛੱਡ ਕੇ ਪੰਜਾਬ ਦੇ ਲੋਕਾਂ ਦੀ ਚਿੰਤਾ ਕਰੇਗਾ।

ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਵੀ ਤੰਜ ਕਸਿਆ ਅਤੇ ਕਿਹਾ ਕਿ ਇੱਕ ਸਮਾਗਮ ਦੌਰਾਨ ਰਿਬਨ ਕੱਟਣ ਲਈ ਵੀ ਉਹ ਕੇਜਰੀਵਾਲ ਵੱਲ ਦੇਖ ਰਹੇ ਸਨ ਕਿ ਕਿਤੇ ਉਹਨਾਂ ਦੀ ਤਾਰ ਨਾ ਕੱਟ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜਿਹੜਾ ਮੁੱਖ ਮੰਤਰੀ ਇਸ ਤਰ੍ਹਾਂ ਦੀਆਂ ਗੱਲਾਂ ਵਿੱਚ ਫਸਿਆ ਹੋਵੇ ਉਹ ਪੰਜਾਬ ਵਿੱਚ ਨਿਵੇਸ਼ ਕਿਵੇਂ ਲਿਆ ਸਕਦਾ ਹੈ।

ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਟਵੀਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਵੀ ਪੰਜਾਬ ਦੀ ਕਾਨੂੰਨ-ਵਿਵਸਥਾ ‘ਤੇ ਸਵਾਲ ਉਠਾਏ ਹਨ ਅਤੇ ਕਿਹਾ ਹੈ ਕਿ ਸੂਬੇ ਵਿੱਚ ਹਾਲਾਤ ਖ਼ਰਾਬ ਹੋ ਰਹੇ ਹਨ। ਮਜੀਠੀਆ ਨੇ ਕਿਹਾ ਕਿ ਪੰਜਾਬ ਇੰਡੋ-ਪਾਕ ਸਰਹੱਦ ਨਾਲ ਲੱਗਦਾ ਸੂਬਾ ਹੈ ਅਤੇ ਜੇ ਇੱਥੇ ਸੁਰੱਖਿਆ ਅਤੇ ਭਾਈਚਾਰਕ ਸਾਂਝ ਨਹੀਂ ਹੋਵੇਗੀ ਤਾਂ ਵਿਕਾਸ ਸੰਭਵ ਨਹੀਂ।

ਇਸ ਤੋਂ ਇਲਾਵਾ ਉਨ੍ਹਾਂ ਨੇ ਗੁਰਦਾਸਪੁਰ ਵਿੱਚ ਹੋਏ ਇਕ ਕਥਿਤ ਇਨਕਾਊਂਟਰ ਨੂੰ ਲੈ ਕੇ ਵੀ ਗੰਭੀਰ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਇਹ ਇੱਕ ਫੇਕ ਇਨਕਾਊਂਟਰ ਹੈ ਅਤੇ ਇਸ ਸਬੰਧੀ ਇੱਕ ਆਡੀਓ ਅਤੇ ਵੀਡੀਓ ਵੀ ਸਾਹਮਣੇ ਆਈ ਹੈ। ਉਨ੍ਹਾਂ ਦੱਸਿਆ ਕਿ ਸੀਆਈਏ ਇੰਸਪੈਕਟਰ ਗੁਰਮੀਤ ਸਿੰਘ ਖਿਲਾਫ਼ ਉਹ ਜਲਦ ਵੱਡੇ ਖੁਲਾਸੇ ਕਰਨਗੇ ਅਤੇ ਮੰਗ ਕੀਤੀ ਕਿ ਉਸ ਨੂੰ ਬਰਖਾਸਤ ਕਰਕੇ ਉਸ ‘ਤੇ ਮਾਮਲਾ ਦਰਜ ਕੀਤਾ ਜਾਵੇ।

ਮਜੀਠੀਆ ਨੇ ਕਿਹਾ ਕਿ ਇਸ ਮਾਮਲੇ ਵਿੱਚ ਐਸਐਸਪੀ ਗੁਰਦਾਸਪੁਰ ਅਤੇ ਹੋਰ ਉੱਚ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਵੀ ਜਾਂਚ ਹੋਵੇ ਕਿ ਕਿਹੜੇ-ਕਿਹੜੇ ਅਧਿਕਾਰੀ ਇਸ ਮਾਮਲੇ ਵਿੱਚ ਸ਼ਾਮਲ ਹਨ।

ਉਨ੍ਹਾਂ ਦੋਸ਼ ਲਗਾਇਆ ਕਿ ਜਦੋਂ ਕਿਸੇ ਇਨਕਾਊਂਟਰ ਤੋਂ ਬਾਅਦ ਪੁਲਿਸ ਪਰਿਵਾਰ ਨੂੰ ਮਨਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਇਹ ਆਪਣੇ ਆਪ ਵਿੱਚ ਸ਼ੱਕ ਪੈਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਨਕਾਊਂਟਰ ਸੱਚਾ ਹੁੰਦਾ ਤਾਂ ਪਰਿਵਾਰ ਨੂੰ ਮਨਾਉਣ ਦੀ ਲੋੜ ਨਹੀਂ ਪੈਂਦੀ।

ਮਜੀਠੀਆ ਨੇ ਕਿਹਾ ਕਿ ਮਰਨ ਵਾਲੇ ਨੌਜਵਾਨ ਦਾ ਪਰਿਵਾਰ ਵੀ ਇਸ ਮਾਮਲੇ ਵਿੱਚ ਸਵਾਲ ਉਠਾ ਰਿਹਾ ਹੈ ਅਤੇ ਪੋਸਟਮਾਰਟਮ ਰਿਪੋਰਟ ‘ਤੇ ਵੀ ਸ਼ੱਕ ਜਤਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਸੀਬੀਆਈ ਜਾਂਚ ਕਰਵਾਈ ਜਾਵੇ ਤਾਂ ਜੋ ਸੱਚਾਈ ਸਾਹਮਣੇ ਆ ਸਕੇ।

ਉਨ੍ਹਾਂ ਕਿਹਾ ਕਿ ਜੇਕਰ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਹਵਾ ਮਿਲੀ ਤਾਂ ਪੰਜਾਬ ਵਿੱਚ 80–90 ਦੇ ਦਹਾਕੇ ਵਾਲੇ ਹਾਲਾਤ ਮੁੜ ਪੈਦਾ ਹੋ ਸਕਦੇ ਹਨ। ਇਸ ਲਈ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਤੋਂ ਮੰਗ ਕੀਤੀ ਕਿ ਪੰਜਾਬ ਦੀ ਕਾਨੂੰਨ-ਵਿਵਸਥਾ ਅਤੇ ਇਸ ਕਥਿਤ ਫੇਕ ਇਨਕਾਊਂਟਰ ਦੀ ਸੀਬੀਆਈ ਜਾਂਚ ਕਰਵਾਈ ਜਾਵੇ।

March 16, 2026 5:40 p.m. 27
#World News #ਜਨ ਪੰਜਾਬ #ਪੰਜਾਬ ਖ਼ਬਰਾਂ
Watch Special Video
Sponsored
Trending News