ਫਰਾਂਸ ਦਾ ਵੱਡਾ ਫੈਸਲਾ: 15 ਸਾਲ ਤੋਂ ਘੱਟ ਬੱਚਿਆਂ ਲਈ ਸੋਸ਼ਲ ਮੀਡੀਆ ‘ਤੇ ਪਾਬੰਦੀ, ਹਾਈ ਸਕੂਲਾਂ ਵਿੱਚ ਮੋਬਾਇਲ ਵੀ ਬੈਨ

ਫਰਾਂਸ ਦਾ ਵੱਡਾ ਫੈਸਲਾ: 15 ਸਾਲ ਤੋਂ ਘੱਟ ਬੱਚਿਆਂ ਲਈ ਸੋਸ਼ਲ ਮੀਡੀਆ ‘ਤੇ ਪਾਬੰਦੀ, ਹਾਈ ਸਕੂਲਾਂ ਵਿੱਚ ਮੋਬਾਇਲ ਵੀ ਬੈਨ

Post by : Raman Preet

Jan. 1, 2026 4:28 p.m. 217

ਫਰਾਂਸ ਸਰਕਾਰ ਨੇ ਬੱਚਿਆਂ ਅਤੇ ਕਿਸ਼ੋਰਾਂ ਦੀ ਮਾਨਸਿਕ ਸਿਹਤ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਵੱਡਾ ਕਦਮ ਚੁੱਕਣ ਦੀ ਤਿਆਰੀ ਕਰ ਲਈ ਹੈ। ਰਿਪੋਰਟਾਂ ਮੁਤਾਬਕ, ਫਰਾਂਸ ਸਤੰਬਰ 2026 ਤੋਂ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਪੂਰੀ ਪਾਬੰਦੀ ਲਗਾਉਣ ਦੀ ਯੋਜਨਾ ਬਣਾ ਰਿਹਾ ਹੈ।

ਇਸ ਦੇ ਨਾਲ ਹੀ ਸਰਕਾਰ ਹਾਈ ਸਕੂਲਾਂ ਵਿੱਚ ਵੀ ਮੋਬਾਇਲ ਫੋਨ ਬੈਨ ਕਰਨ ਦੀ ਤਿਆਰੀ ਕਰ ਰਹੀ ਹੈ। ਗੌਰਤਲਬ ਹੈ ਕਿ ਫਰਾਂਸ ਵਿੱਚ ਪਹਿਲਾਂ ਹੀ 2018 ਤੋਂ ਪ੍ਰਾਈਮਰੀ ਅਤੇ ਮਿਡਲ ਸਕੂਲਾਂ ਵਿੱਚ ਮੋਬਾਇਲ ਫੋਨ ਵਰਤੋਂ ‘ਤੇ ਰੋਕ ਲਾਗੂ ਹੈ। ਹੁਣ ਇਹ ਪਾਬੰਦੀ ਹਾਈ ਸਕੂਲਾਂ ਤੱਕ ਵਧਾਈ ਜਾ ਸਕਦੀ ਹੈ।

ਫਰਾਂਸ ਦੇ ਰਾਸ਼ਟਰਪਤੀ ਇਮਾਨੁਏਲ ਮੈਕਰੋਂ ਕਈ ਵਾਰ ਕਹਿ ਚੁੱਕੇ ਹਨ ਕਿ ਨੌਜਵਾਨਾਂ ਵਿੱਚ ਵਧ ਰਹੀ ਹਿੰਸਾ ਅਤੇ ਮਾਨਸਿਕ ਸਮੱਸਿਆਵਾਂ ਲਈ ਸੋਸ਼ਲ ਮੀਡੀਆ ਇੱਕ ਵੱਡਾ ਕਾਰਨ ਹੈ। ਰਿਪੋਰਟਾਂ ਅਨੁਸਾਰ ਮੈਕਰੋਂ ਨਵੇਂ ਸਾਲ ਦੇ ਸੰਦੇਸ਼ ਦੌਰਾਨ ਇਸ ਨੀਤੀ ਦਾ ਐਲਾਨ ਕਰ ਸਕਦੇ ਹਨ, ਜਿਸ ਤੋਂ ਬਾਅਦ ਸਰਕਾਰ ਜਨਵਰੀ ਦੀ ਸ਼ੁਰੂਆਤ ਵਿੱਚ ਇਸ ਸਬੰਧੀ ਕਾਨੂੰਨੀ ਮਸੌਦਾ ਪੇਸ਼ ਕਰੇਗੀ।

ਫਰਾਂਸ ਇਸ ਮਾਮਲੇ ਵਿੱਚ ਆਸਟ੍ਰੇਲੀਆ ਦੇ ਮਾਡਲ ਨੂੰ ਫਾਲੋ ਕਰਨ ਦੀ ਤਿਆਰੀ ‘ਚ ਹੈ, ਜਿੱਥੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਫੇਸਬੁੱਕ, ਟਿਕਟੌਕ, ਸਨੇਪਚੈਟ ਅਤੇ ਯੂਟਿਊਬ ਵਰਗੇ ਪਲੇਟਫਾਰਮਾਂ ‘ਤੇ ਪਾਬੰਦੀ ਲਾਗੂ ਕੀਤੀ ਜਾ ਚੁੱਕੀ ਹੈ।

ਇਸ ਤੋਂ ਪਹਿਲਾਂ 2023 ਵਿੱਚ ਫਰਾਂਸ ਨੇ ਇੱਕ ਕਾਨੂੰਨ ਵੀ ਬਣਾਇਆ ਸੀ, ਜਿਸ ਅਧੀਨ 15 ਸਾਲ ਤੋਂ ਘੱਟ ਬੱਚਿਆਂ ਨੂੰ ਸੋਸ਼ਲ ਮੀਡੀਆ ਅਕਾਊਂਟ ਬਣਾਉਣ ਲਈ ਮਾਪਿਆਂ ਦੀ ਮਨਜ਼ੂਰੀ ਲਾਜ਼ਮੀ ਕੀਤੀ ਗਈ ਸੀ, ਪਰ ਤਕਨੀਕੀ ਮੁਸ਼ਕਲਾਂ ਕਾਰਨ ਇਸਦੀ ਸਖ਼ਤੀ ਨਾਲ ਪਾਲਣਾ ਨਹੀਂ ਹੋ ਸਕੀ।

ਯੂਰਪੀ ਯੂਨੀਅਨ ਪੱਧਰ ‘ਤੇ ਵੀ ਬੱਚਿਆਂ ਦੀ ਸੋਸ਼ਲ ਮੀਡੀਆ ਤੱਕ ਪਹੁੰਚ ‘ਤੇ ਉਮਰ ਸੀਮਾ ਲਗਾਉਣ ਦੀ ਮੰਗ ਜ਼ੋਰ ਪਕੜ ਰਹੀ ਹੈ। ਸਰਵੇਖਣਾਂ ਮੁਤਾਬਕ ਫਰਾਂਸ ਦੇ 73 ਫੀਸਦੀ ਲੋਕ 15 ਸਾਲ ਤੋਂ ਘੱਟ ਬੱਚਿਆਂ ਲਈ ਸੋਸ਼ਲ ਮੀਡੀਆ ਬੈਨ ਦੇ ਹੱਕ ਵਿੱਚ ਹਨ, ਜਿਸ ਕਾਰਨ ਇਹ ਫੈਸਲਾ ਲੋਕਪ੍ਰਿਯ ਮੰਨਿਆ ਜਾ ਰਿਹਾ ਹੈ।

#ਜਨ ਪੰਜਾਬ #ਪੰਜਾਬ ਖ਼ਬਰਾਂ #latest news punjab #jan punjab news
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਵਪਾਰ–ਉਦਯੋਗ - ਉਦਯੋਗੀ ਨੀਤੀਆਂ अपडेट्स