ਦਿੱਲੀ ਦੇ ਤੁਰਕਮਾਨ ਗੇਟ ਨੇੜੇ ਗੈਰਕਾਨੂੰਨੀ ਕਬਜ਼ੇ ਹਟਾਉਣ ਦੌਰਾਨ ਹਿੰਸਾ, ਪੰਜ ਪੁਲਿਸ ਮੁਲਾਜ਼ਮ ਜ਼ਖ਼ਮੀ

ਦਿੱਲੀ ਦੇ ਤੁਰਕਮਾਨ ਗੇਟ ਨੇੜੇ ਗੈਰਕਾਨੂੰਨੀ ਕਬਜ਼ੇ ਹਟਾਉਣ ਦੌਰਾਨ ਹਿੰਸਾ, ਪੰਜ ਪੁਲਿਸ ਮੁਲਾਜ਼ਮ ਜ਼ਖ਼ਮੀ

Post by : Raman Preet

Jan. 7, 2026 3:22 p.m. 2125

ਦਿੱਲੀ ਦੇ ਤੁਰਕਮਾਨ ਗੇਟ ਇਲਾਕੇ ਵਿੱਚ ਸਯਦ ਫੈਜ਼ ਏ ਇਲਾਹੀ ਮਸਜਿਦ ਅਤੇ ਕਬਰਿਸਤਾਨ ਨਾਲ ਲੱਗਦੀ ਜ਼ਮੀਨ ਤੋਂ ਗੈਰਕਾਨੂੰਨੀ ਕਬਜ਼ੇ ਹਟਾਉਣ ਲਈ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ। ਇਹ ਕਾਰਵਾਈ ਮਾਨਯੋਗ ਦਿੱਲੀ ਹਾਈ ਕੋਰਟ ਦੇ ਨਵੰਬਰ 2025 ਦੇ ਹੁਕਮਾਂ ਅਧੀਨ ਕੀਤੀ ਗਈ ਸੀ, ਜਿਸ ਵਿੱਚ ਤਿੰਨ ਮਹੀਨਿਆਂ ਦੇ ਅੰਦਰ ਐਨਕ੍ਰੋਚਮੈਂਟ ਹਟਾਉਣ ਲਈ ਕਿਹਾ ਗਿਆ ਸੀ।

ਕਾਰਵਾਈ ਦੌਰਾਨ ਲਗਭਗ 300 ਦੇ ਕਰੀਬ ਨਗਰ ਨਿਗਮ ਦੇ ਕਰਮਚਾਰੀ ਅਤੇ ਅਧਿਕਾਰੀ ਮੌਕੇ ‘ਤੇ ਮੌਜੂਦ ਸਨ, ਜਿਨ੍ਹਾਂ ਨਾਲ ਭਾਰੀ ਪੁਲਿਸ ਬਲ ਵੀ ਤਾਇਨਾਤ ਕੀਤਾ ਗਿਆ ਸੀ। ਜਿਵੇਂ ਹੀ ਬੁਲਡੋਜ਼ਰਾਂ ਰਾਹੀਂ ਗੈਰਕਾਨੂੰਨੀ ਢਾਂਚਿਆਂ ਨੂੰ ਢਾਹਿਆ ਜਾਣ ਲੱਗਾ, ਤਦ ਕੁਝ ਸਥਾਨਕ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ, ਜੋ ਬਾਅਦ ਵਿੱਚ ਹਿੰਸਕ ਹੋ ਗਿਆ।

ਹਾਲਾਤ ਉਸ ਸਮੇਂ ਬੇਕਾਬੂ ਹੋ ਗਏ ਜਦੋਂ ਕੁਝ ਲੋਕਾਂ ਨੇ ਪੁਲਿਸ ਅਤੇ ਪ੍ਰਸ਼ਾਸਨਕ ਟੀਮਾਂ ‘ਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਪੰਜ ਪੁਲਿਸ ਮੁਲਾਜ਼ਮਾਂ ਨੂੰ ਮਾਮੂਲੀ ਚੋਟਾਂ ਆਈਆਂ। ਭੀੜ ਨੂੰ ਕਾਬੂ ਵਿੱਚ ਕਰਨ ਲਈ ਪੁਲਿਸ ਵੱਲੋਂ ਆਂਸੂ ਗੈਸ ਦੀ ਵਰਤੋਂ ਕੀਤੀ ਗਈ, ਜਿਸ ਨਾਲ ਸਥਿਤੀ ਹੌਲੀ-ਹੌਲੀ ਸੰਭਾਲੀ ਗਈ।

ਪ੍ਰਸ਼ਾਸਨ ਵੱਲੋਂ ਦੱਸਿਆ ਗਿਆ ਕਿ ਇਸ ਕਾਰਵਾਈ ਦੌਰਾਨ ਬਰਾਤ ਘਰ, ਡਿਸਪੈਂਸਰੀ, ਪਾਰਕਿੰਗ ਏਰੀਆ ਅਤੇ ਹੋਰ ਗੈਰਕਾਨੂੰਨੀ ਢਾਂਚਿਆਂ ਨੂੰ ਹਟਾਇਆ ਗਿਆ ਹੈ। ਰਾਤ ਦੇ ਸਮੇਂ ਇਹ ਕਾਰਵਾਈ ਇਸ ਲਈ ਕੀਤੀ ਗਈ ਤਾਂ ਜੋ ਆਮ ਲੋਕਾਂ ਨੂੰ ਘੱਟ ਤੋਂ ਘੱਟ ਦਿੱਕਤ ਆਵੇ।

ਪੁਲਿਸ ਨੇ ਮੌਕੇ ਤੋਂ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਵੀਡੀਓ ਫੁਟੇਜ ਦੇ ਆਧਾਰ ‘ਤੇ ਹੋਰ ਦੋਸ਼ੀਆਂ ਦੀ ਪਹਿਚਾਣ ਕੀਤੀ ਜਾ ਰਹੀ ਹੈ। ਜ਼ਖ਼ਮੀ ਪੁਲਿਸ ਕਰਮਚਾਰੀਆਂ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਜਾਰੀ ਹੈ।

ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਥਿਤੀ ਪੂਰੀ ਤਰ੍ਹਾਂ ਕਾਬੂ ਵਿੱਚ ਹੈ ਅਤੇ ਕਾਨੂੰਨ ਅਨੁਸਾਰ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

#ਜਨ ਪੰਜਾਬ #ਪੰਜਾਬ ਖ਼ਬਰਾਂ #latest news punjab #jan punjab news
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਕਾਨੂੰਨ–ਵਿਵਸਥਾ - ਕਾਨੂੰਨ ਤੇ ਕਾਰਵਾਈ अपडेट्स