Drug Lord ਦੀ ਮੌਤ ਤੋਂ ਬਾਅਦ ਮੈਕਸੀਕੋ ਅੱਗ ਦੀ ਲਪੇਟ ਵਿੱਚ, ਸੜਕਾਂ ’ਤੇ ਹਫੜਾ-ਦਫੜੀ; ਭਾਰਤੀ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ

Drug Lord ਦੀ ਮੌਤ ਤੋਂ ਬਾਅਦ ਮੈਕਸੀਕੋ ਅੱਗ ਦੀ ਲਪੇਟ ਵਿੱਚ, ਸੜਕਾਂ ’ਤੇ ਹਫੜਾ-ਦਫੜੀ; ਭਾਰਤੀ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ

Post by : Jan Punjab Bureau

Feb. 23, 2026 9:56 a.m. 2349

ਮੈਕਸੀਕੋ ਵਿੱਚ ਇੱਕ ਵੱਡੇ ਅਤੇ ਪ੍ਰਭਾਵਸ਼ਾਲੀ ਡਰੱਗ ਕਾਰਟੇਲ ਦੇ ਮੁਖੀ ਨੂੰ ਸੁਰੱਖਿਆ ਬਲਾਂ ਵੱਲੋਂ ਮਾਰੇ ਜਾਣ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆਂ ਵਿੱਚ ਤਣਾਅ ਅਤੇ ਹਿੰਸਾ ਦਾ ਮਾਹੌਲ ਬਣ ਗਿਆ ਹੈ। ਘਟਨਾ ਤੋਂ ਬਾਅਦ ਅਪਰਾਧਿਕ ਗਰੁੱਪਾਂ ਵੱਲੋਂ ਵੱਖ-ਵੱਖ ਇਲਾਕਿਆਂ ਵਿੱਚ ਵਿਰੋਧ ਦੇ ਤੌਰ ’ਤੇ ਅੱਗਜ਼ਨੀ, ਤੋੜਫੋੜ ਅਤੇ ਸੜਕਾਂ ਦੀ ਨਾਕਾਬੰਦੀ ਕੀਤੀ ਗਈ।

ਰਿਪੋਰਟਾਂ ਅਨੁਸਾਰ ਲਗਭਗ ਇੱਕ ਦਰਜਨ ਰਾਜਾਂ ਵਿੱਚ ਸੜਕਾਂ ਨੂੰ ਰੋਕਿਆ ਗਿਆ ਹੈ ਅਤੇ ਕਈ ਥਾਵਾਂ ’ਤੇ ਵਾਹਨਾਂ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਜੈਲਿਸਕੋ ਦੀ ਰਾਜਧਾਨੀ ਗੁਆਡਾਲਜਾਰਾ ਵਿੱਚ ਸੁਰੱਖਿਆ ਕਾਰਨਾਂ ਕਰਕੇ ਸਕੂਲ ਵੀ ਬੰਦ ਰੱਖੇ ਗਏ, ਜਦਕਿ ਕੁਝ ਇਲਾਕਿਆਂ ਵਿੱਚ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਅਪੀਲ ਕੀਤੀ ਗਈ ਹੈ।

ਤਣਾਅ ਦੇ ਮੱਦੇਨਜ਼ਰ ਮੈਕਸੀਕੋ ਵਿੱਚ ਰਹਿੰਦੇ ਭਾਰਤੀ ਨਾਗਰਿਕਾਂ ਲਈ ਸੁਰੱਖਿਆ ਸਲਾਹ ਜਾਰੀ ਕੀਤੀ ਗਈ ਹੈ। ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਅਗਲੇ ਹੁਕਮ ਤੱਕ ਬੇਲੋੜੀ ਯਾਤਰਾ ਤੋਂ ਬਚਿਆ ਜਾਵੇ, ਭੀੜ-ਭਾੜ ਵਾਲੇ ਇਲਾਕਿਆਂ ਵਿੱਚ ਨਾ ਜਾਇਆ ਜਾਵੇ ਅਤੇ ਸੰਭਵ ਹੋਵੇ ਤਾਂ ਘਰਾਂ ਜਾਂ ਸੁਰੱਖਿਅਤ ਥਾਵਾਂ ’ਤੇ ਹੀ ਰਹਿਣ।

ਸੁਰੱਖਿਆ ਕਾਰਵਾਈਆਂ ਅਤੇ ਅਪਰਾਧਿਕ ਗਤੀਵਿਧੀਆਂ ਦੀਆਂ ਖਬਰਾਂ ਦੇ ਚਲਦੇ ਜੈਲਿਸਕੋ, ਤਾਮੌਲੀਪਾਸ, ਮਿਚੋਆਕਨ, ਗੁਏਰੇਰੋ ਅਤੇ ਨੁਏਵੋ ਲਿਓਨ ਦੇ ਕੁਝ ਇਲਾਕਿਆਂ ਵਿੱਚ ਖਾਸ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਸਥਾਨਕ ਪ੍ਰਸ਼ਾਸਨ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ।

ਇਸ ਦੌਰਾਨ, ਸੈਲਾਨੀ ਇਲਾਕੇ ਪਿਊਰਟੋ ਵਾਲਾਰਟਾ ਦੇ ਆਲੇ-ਦੁਆਲੇ ਹਵਾਈ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ। ਕੁਝ ਉਡਾਣਾਂ ਨੂੰ ਅਸਥਾਈ ਤੌਰ ’ਤੇ ਰੱਦ ਜਾਂ ਮੁੜ ਰੂਟ ਕੀਤਾ ਗਿਆ ਹੈ। ਮੈਕਸੀਕੋ ਦੇ ਕਈ ਹਿੱਸਿਆਂ ਵਿੱਚ ਅਜੇ ਵੀ ਤਣਾਅਪੂਰਨ ਹਾਲਾਤ ਬਣੇ ਹੋਏ ਹਨ ਅਤੇ ਸੁਰੱਖਿਆ ਬਲ ਸਥਿਤੀ ਨੂੰ ਕਾਬੂ ਕਰਨ ਲਈ ਮੁਹਿੰਮ ਚਲਾ ਰਹੇ ਹਨ।

#World News #ਜਨ ਪੰਜਾਬ #ਪੰਜਾਬ ਖ਼ਬਰਾਂ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਵਿਦੇਸ਼ - ਦੁਨੀਆ ਦੀਆਂ ਖ਼ਬਰਾਂ अपडेट्स