328 Saroop Case : SGPC ਨੇ SIT ਨੂੰ ਚੌਥੀ ਵਾਰ ਸੌਂਪਿਆ ਰਿਕਾਰਡ, ਹਾਈਕੋਰਟ 'ਚ ਹਲਫਨਾਮੇ ਨੂੰ ਦੱਸਿਆ ਝੂਠਾ

328 Saroop Case : SGPC ਨੇ SIT ਨੂੰ ਚੌਥੀ ਵਾਰ ਸੌਂਪਿਆ ਰਿਕਾਰਡ, ਹਾਈਕੋਰਟ 'ਚ ਹਲਫਨਾਮੇ ਨੂੰ ਦੱਸਿਆ ਝੂਠਾ

Post by : Jan Punjab Bureau

May 28, 2026 5:59 p.m. 209

Amritsar / 328 Saroop Case : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ 328 ਪਾਵਨ ਬੀੜਾਂ ਨਾਲ ਜੁੜੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਅਤੇ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (SIT) ਵਿਚਕਾਰ ਚੱਲ ਰਹੇ ਵਿਵਾਦ ਨੇ ਇੱਕ ਨਵਾਂ ਮੋੜ ਲੈ ਲਿਆ ਹੈ। ਸ਼੍ਰੋਮਣੀ ਕਮੇਟੀ ਨੇ ਦਾਅਵਾ ਕੀਤਾ ਹੈ ਕਿ ਉਸ ਵੱਲੋਂ ਜਾਂਚ ਟੀਮ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਸਮੇਂ-ਸਮੇਂ 'ਤੇ ਮੰਗਿਆ ਗਿਆ ਹਰ ਰਿਕਾਰਡ ਪਾਰਦਰਸ਼ਤਾ ਨਾਲ ਸੌਂਪਿਆ ਗਿਆ ਹੈ।

ਚੰਡੀਗੜ੍ਹ ਸਥਿਤ ਸ਼੍ਰੋਮਣੀ ਕਮੇਟੀ ਦੇ ਉਪ ਦਫ਼ਤਰ ਵਿੱਚ ਅੱਜ ਚੌਥੀ ਵਾਰ SIT ਨੂੰ ਦਸਤਾਵੇਜ਼ਾਂ ਦੀਆਂ ਕਾਪੀਆਂ ਸੌਂਪਣ ਤੋਂ ਬਾਅਦ SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਾਂਚ ਟੀਮ ਵੱਲੋਂ ਹਾਈਕੋਰਟ ਵਿੱਚ ਇਹ ਕਹਿਣਾ ਕਿ ਸ਼੍ਰੋਮਣੀ ਕਮੇਟੀ ਸਹਿਯੋਗ ਨਹੀਂ ਕਰ ਰਹੀ, ਪੂਰੀ ਤਰ੍ਹਾਂ ਝੂਠ ਹੈ। ਉਨ੍ਹਾਂ ਕਿਹਾ ਕਿ ਕਮੇਟੀ ਕੋਲ ਰਿਕਾਰਡ ਸੌਂਪਣ ਦੀਆਂ ਵੀਡੀਓ ਰਿਕਾਰਡਿੰਗਾਂ ਵੀ ਮੌਜੂਦ ਹਨ ਅਤੇ ਜੇਕਰ SIT ਵੱਲੋਂ ਗਲਤ ਬਿਆਨੀ ਜਾਰੀ ਰਹੀ ਤਾਂ ਇਹ ਸਬੂਤ ਜਨਤਕ ਕਰ ਦਿੱਤੇ ਜਾਣਗੇ।

ਐਡਵੋਕੇਟ ਧਾਮੀ ਨੇ ਦੱਸਿਆ ਕਿ 328 ਪਾਵਨ ਬੀੜਾਂ ਨਾਲ ਜੁੜੇ ਇਸ ਮਾਮਲੇ ਵਿੱਚ 7 ਦਸੰਬਰ 2025 ਨੂੰ FIR ਦਰਜ ਹੋਈ ਸੀ। ਇਸ ਤੋਂ ਬਾਅਦ 13 ਜਨਵਰੀ 2026 ਨੂੰ ਜਾਂਚ ਟੀਮ ਵੱਲੋਂ ਪਹਿਲਾ ਪੱਤਰ ਮਿਲਿਆ, ਜਿਸ ਦੇ ਜਵਾਬ ਵਿੱਚ 29 ਜਨਵਰੀ ਨੂੰ ਲੋੜੀਂਦਾ ਰਿਕਾਰਡ ਸੌਂਪ ਦਿੱਤਾ ਗਿਆ। ਫਿਰ 17 ਫਰਵਰੀ ਨੂੰ ਦੂਜੇ ਪੱਤਰ ਰਾਹੀਂ 8 ਹੋਰ ਮੱਦਾਂ ਸਬੰਧੀ ਜਾਣਕਾਰੀ ਮੰਗੀ ਗਈ, ਜੋ 11 ਮਾਰਚ ਨੂੰ ਮੁਹੱਈਆ ਕਰਵਾ ਦਿੱਤੀ ਗਈ।

ਇਸੇ ਤਰ੍ਹਾਂ 3 ਅਪ੍ਰੈਲ 2026 ਨੂੰ ਤੀਜਾ ਪੱਤਰ ਭੇਜਿਆ ਗਿਆ, ਜਿਸ ਵਿੱਚ 18 ਵੱਖ-ਵੱਖ ਮੱਦਾਂ ਸਬੰਧੀ ਦਸਤਾਵੇਜ਼ ਮੰਗੇ ਗਏ ਸਨ। ਇਹ ਸਾਰਾ ਰਿਕਾਰਡ 27 ਅਪ੍ਰੈਲ ਨੂੰ SIT ਦੇ ਹਵਾਲੇ ਕਰ ਦਿੱਤਾ ਗਿਆ। ਅੱਜ ਚੌਥੀ ਵਾਰ ਬਿੱਲ ਬੁੱਕਾਂ ਅਤੇ ਲੈਜਰਾਂ ਨਾਲ ਸੰਬੰਧਿਤ ਰਿਕਾਰਡ ਦੀਆਂ ਕਾਪੀਆਂ ਜਾਂਚ ਟੀਮ ਨੂੰ ਸੌਂਪੀਆਂ ਗਈਆਂ ਹਨ।

SGPC ਪ੍ਰਧਾਨ ਨੇ ਕਿਹਾ ਕਿ ਇਹ ਸਾਰਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨਿਗਰਾਨੀ ਹੇਠ ਚੱਲ ਰਿਹਾ ਹੈ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਹਰ ਕਦਮ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਹੀ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਅਦਾਲਤ ਆਦੇਸ਼ ਦੇਵੇਗੀ ਤਾਂ ਸ਼੍ਰੋਮਣੀ ਕਮੇਟੀ ਅਸਲ ਰਿਕਾਰਡ ਵੀ ਕੋਰਟ ਵਿੱਚ ਪੇਸ਼ ਕਰੇਗੀ।

ਐਡਵੋਕੇਟ ਧਾਮੀ ਨੇ SIT 'ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਜਾਂਚ ਟੀਮ ਵੱਲੋਂ ਮਾਮਲੇ ਨਾਲ ਸੰਬੰਧਤ ਨਾ ਹੋਣ ਵਾਲੀਆਂ ਗੈਰ-ਜ਼ਰੂਰੀ ਜਾਣਕਾਰੀਆਂ ਵੀ ਮੰਗੀਆਂ ਜਾ ਰਹੀਆਂ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ SIT ਵੱਲੋਂ ਹਾਈਕੋਰਟ ਵਿੱਚ ਗਲਤ ਬਿਆਨੀ ਅਤੇ ਬੇਲੋੜੀਆਂ ਜਾਣਕਾਰੀਆਂ ਮੰਗਣ ਦਾ ਸਿਲਸਿਲਾ ਬੰਦ ਨਾ ਕੀਤਾ ਗਿਆ ਤਾਂ ਸ਼੍ਰੋਮਣੀ ਕਮੇਟੀ ਸਹਿਯੋਗ ਬੰਦ ਕਰਨ ਬਾਰੇ ਸੋਚਣ ਲਈ ਮਜ਼ਬੂਰ ਹੋਵੇਗੀ।

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਵੀ ਲਿਖਿਆ ਗਿਆ ਹੈ ਅਤੇ ਜੋ ਵੀ ਨਿਰਦੇਸ਼ ਆਉਣਗੇ, ਉਸ ਮੁਤਾਬਕ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਕਈ ਸੀਨੀਅਰ ਅਹੁਦੇਦਾਰ, ਕਾਨੂੰਨੀ ਸਲਾਹਕਾਰ ਅਤੇ ਮੈਂਬਰ ਵੀ ਮੌਜੂਦ ਰਹੇ।

#ਜਨ ਪੰਜਾਬ #ਪੰਜਾਬ ਖ਼ਬਰਾਂ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਰਾਜਨੀਤੀ - ਪੰਜਾਬ ਸਿਆਸਤ अपडेट्स