ਪੰਜਾਬ ਕਾਂਗਰਸ 'ਚ ਤਕਰਾਰ ਤੇਜ਼:ਨਵਜੋਤ ਕੌਰ ਸਿੱਧੂ ਨੇ ਰਾਜਾ ਵੜਿੰਗ 'ਤੇ ਲਾਏ ਗੰਭੀਰ ਇਲਜ਼ਾਮ, ਜ਼ੀਰਕਪੁਰ 'ਚ ਜ਼ਮੀਨ ਖਰੀਦਣ ਸਬੰਧੀ ਪੁੱਛੇ ਸਵਾਲ

ਪੰਜਾਬ ਕਾਂਗਰਸ 'ਚ  ਤਕਰਾਰ ਤੇਜ਼:ਨਵਜੋਤ ਕੌਰ ਸਿੱਧੂ ਨੇ ਰਾਜਾ ਵੜਿੰਗ 'ਤੇ ਲਾਏ ਗੰਭੀਰ ਇਲਜ਼ਾਮ, ਜ਼ੀਰਕਪੁਰ 'ਚ ਜ਼ਮੀਨ ਖਰੀਦਣ ਸਬੰਧੀ ਪੁੱਛੇ ਸਵਾਲ

Post by : Jan Punjab Bureau

Feb. 20, 2026 11:53 a.m. 1921

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ.ਨਵਜੋਤ ਕੌਰ ਸਿੱਧੂ ਨੇ ਇੱਕ ਵਾਰ ਫਿਰ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ‘ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਨੇ ਜ਼ੀਰਕਪੁਰ ਵਿੱਚ ਜ਼ਮੀਨ ਖਰੀਦ ਨਾਲ ਜੁੜੇ ਮਾਮਲੇ ‘ਚ ਵੜਿੰਗ ‘ਤੇ ਗੈਰ-ਕਾਨੂੰਨੀ ਤਰੀਕੇ ਨਾਲ ਜ਼ਮੀਨ ਹਾਸਲ ਕਰਨ ਦੇ ਆਰੋਪ ਲਗਾਏ ਹਨ।

ਨਵਜੋਤ ਕੌਰ ਸਿੱਧੂ ਨੇ ਟਵੀਟ ਕਰਦਿਆਂ ਜ਼ੀਰਕਪੁਰ 'ਚ ਜ਼ਮੀਨ ਖਰੀਦਣ ਸਬੰਧੀ ਰਾਜਾ ਵੜਿੰਗ ਤੋਂ ਸਵਾਲ ਪੁੱਛੇ । ਉਨ੍ਹਾਂ ਨੇ ਰਾਜਾ ਵੜਿੰਗ ਤੋਂ ਪੁੱਛਿਆ ਕਿ ਜ਼ੀਰਕਪੁਰ ਵਿੱਚ 100 ਏਕੜ ਜ਼ਮੀਨ ਕਿਵੇਂ ਖਰੀਦੀ। ਉਨ੍ਹਾਂ ਦਾ ਦਾਅਵਾ ਹੈ ਕਿ ਇਸ ਵਿੱਚੋਂ 60 ਏਕੜ ਜ਼ਮੀਨ ਜਾਲੀ ਦਸਤਖ਼ਤਾਂ ਅਤੇ ਲੋਕਾਂ ਦੇ ਅੰਗੂਠੇ ਦੇ ਨਿਸ਼ਾਨ ਲੈ ਕੇ ਗੈਰ-ਕਾਨੂੰਨੀ ਢੰਗ ਨਾਲ ਹਾਸਲ ਕੀਤੀ ਗਈ। ਇਸਦੇ ਨਾਲ ਹੀ ਉਨ੍ਹਾਂ ਨੇ ਇੱਕ ਵੱਡੇ ਆਰਥਿਕ ਘਪਲੇ ਨਾਲ ਸੰਬੰਧਿਤ ਮਾਮਲੇ ਵਿੱਚ ਵੀ ਅਦਾਲਤ ਵਿੱਚ ਜਵਾਬ ਦੇਣ ਦੀ ਗੱਲ ਕਹੀ।

ਇੱਕ ਹੋਰ ਬਿਆਨ ਵਿੱਚ ਡਾ. ਸਿੱਧੂ ਨੇ ਯੂਥ ਮੈਂਬਰਸ਼ਿਪ ਫੀਸ ਨੂੰ ਲੈ ਕੇ ਵੀ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਕਾਂਗਰਸ ਨਾਲ ਜੁੜਨ ਲਈ ਨੌਜਵਾਨਾਂ ਤੋਂ 75 ਰੁਪਏ ਫੀਸ ਲਈ ਜਾ ਰਹੀ ਹੈ ਅਤੇ ਪੁੱਛਿਆ ਕਿ ਇਕੱਠੇ ਕੀਤੇ ਜਾ ਰਹੇ ਕਰੋੜਾਂ ਰੁਪਏ ਕਿਵੇਂ ਖਰਚ ਕੀਤੇ ਜਾਣਗੇ। ਉਨ੍ਹਾਂ ਨੇ ਇਹ ਵੀ ਸਵਾਲ ਕੀਤਾ ਕਿ ਨੌਜਵਾਨਾਂ ਲਈ ਰੁਜ਼ਗਾਰ ਜਾਂ ਪਲੇਸਮੈਂਟ ਦੇ ਮੌਕੇ ਕਿੰਨੇ ਪ੍ਰਦਾਨ ਕੀਤੇ ਗਏ ਹਨ।

ਇਸ ਤੋਂ ਪਹਿਲਾਂ ਡਾ.ਨਵਜੋਤ ਕੌਰ ਸਿੱਧੂ ਨੇ ਇਹ ਵੀ ਬਿਆਨ ਦਿੱਤਾ ਸੀ ਕਿ ਪੰਜਾਬ ਵਿੱਚ ਮੁੱਖ ਮੰਤਰੀ ਦਾ ਚਿਹਰਾ ਬਣਨ ਲਈ ਵੱਡੀ ਰਕਮ ਦੀ ਲੋੜ ਪੈਂਦੀ ਹੈ। ਇਸ ਬਿਆਨ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਵੱਲੋਂ ਉਨ੍ਹਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ।

ਉੱਥੇ ਹੀ, ਆਪਣੇ ਉੱਤੇ ਲਗੇ ਇਲਜ਼ਾਮਾਂ ‘ਤੇ ਪ੍ਰਤੀਕਿਰਿਆ ਦਿੰਦਿਆਂ ਰਾਜਾ ਵੜਿੰਗ ਨੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਜ਼ੀਰਕਪੁਰ ਵਿੱਚ ਉਨ੍ਹਾਂ ਦੇ ਨਾਂ ਤੇ ਇੰਨੀ ਜ਼ਮੀਨ ਦੇ ਕੋਈ ਪੱਕੇ ਦਸਤਾਵੇਜ਼ ਸਾਹਮਣੇ ਆ ਜਾਂਦੇ ਹਨ, ਤਾਂ ਉਹ ਜ਼ਿੰਮੇਵਾਰੀ ਕਬੂਲ ਕਰਨ ਲਈ ਤਿਆਰ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਖ਼ਿਲਾਫ਼ ਬੇਬੁਨਿਆਦ ਦੋਸ਼ ਲਗਾਏ ਜਾ ਰਹੇ ਹਨ।

ਇਸਦੇ ਨਾਲ ਹੀ ਰਾਜਾ ਵੜਿੰਗ ਨੇ ਦੱਸਿਆ ਕਿ ਕਾਂਗਰਸ ਆਗੂ ਰਾਹੁਲ ਗਾਂਧੀ 28 ਫਰਵਰੀ ਨੂੰ ਬਰਨਾਲਾ ਵਿੱਚ ਇੱਕ ਵੱਡੀ ਰੈਲੀ ਨੂੰ ਸੰਬੋਧਨ ਕਰਨਗੇ। ਉਨ੍ਹਾਂ ਕਿਹਾ ਕਿ ਇਸ ਦੌਰੇ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਅਤੇ ਉਹ ਖੁਦ ਵੀ ਇਸ ਸਬੰਧੀ ਬਰਨਾਲਾ ਦਾ ਦੌਰਾ ਕਰਨ ਜਾ ਰਹੇ ਹਨ।


 

#World News #ਜਨ ਪੰਜਾਬ #ਪੰਜਾਬ ਖ਼ਬਰਾਂ #latest news punjab
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਰਾਜਨੀਤੀ - ਪੰਜਾਬ ਸਿਆਸਤ अपडेट्स