Menstrual Hygiene Day: ਪੰਜਾਬ ਦੇ ਸਰਕਾਰੀ ਸਕੂਲਾਂ ’ਚ ਮਨਾਇਆ ਗਿਆ ‘ਮਾਹਵਾਰੀ ਸਿਹਤ ਸਿੱਖਿਆ ਦਿਵਸ’, ਵਿਦਿਆਰਥਣਾਂ ਨੂੰ ਕੀਤਾ ਜਾਗਰੂਕ

Menstrual Hygiene Day: ਪੰਜਾਬ ਦੇ ਸਰਕਾਰੀ ਸਕੂਲਾਂ ’ਚ ਮਨਾਇਆ ਗਿਆ ‘ਮਾਹਵਾਰੀ ਸਿਹਤ ਸਿੱਖਿਆ ਦਿਵਸ’, ਵਿਦਿਆਰਥਣਾਂ ਨੂੰ ਕੀਤਾ ਜਾਗਰੂਕ

Post by : Jan Punjab Bureau

May 29, 2026 12:04 p.m. 204

ਫ਼ਰੀਦਕੋਟ: ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਅੱਜ ਸੂਬੇ ਦੇ ਸਾਰੇ ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ‘ਮਾਹਵਾਰੀ ਸਿਹਤ ਸਿੱਖਿਆ ਦਿਵਸ’ (Menstrual Hygiene Day) ਮਨਾਇਆ ਗਿਆ। ਇਸ ਵਿਸ਼ੇਸ਼ ਮੁਹਿੰਮ ਦਾ ਮਕਸਦ ਵਿਦਿਆਰਥਣਾਂ ਨੂੰ ਮਾਹਵਾਰੀ ਸਬੰਧੀ ਸਿਹਤ, ਸਫ਼ਾਈ ਅਤੇ ਮਾਨਸਿਕ ਤੰਦਰੁਸਤੀ ਬਾਰੇ ਜਾਗਰੂਕ ਕਰਨਾ ਹੈ।

ਭਾਵੇਂ ਕਿ ਵਿਸ਼ਵ ਪੱਧਰ ’ਤੇ Menstrual Hygiene Day ਹਰ ਸਾਲ 28 ਮਈ ਨੂੰ ਮਨਾਇਆ ਜਾਂਦਾ ਹੈ, ਪਰ ਬੀਤੇ ਦਿਨ ਸਰਕਾਰੀ ਛੁੱਟੀ ਹੋਣ ਕਾਰਨ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪਰਿਸ਼ਦ (SCERT), ਪੰਜਾਬ ਵੱਲੋਂ ਸੋਧੇ ਗਏ ਦਿਸ਼ਾ-ਨਿਰਦੇਸ਼ਾਂ ਤਹਿਤ ਇਹ ਦਿਵਸ 29 ਮਈ ਨੂੰ ਮਨਾਉਣ ਦਾ ਫੈਸਲਾ ਲਿਆ ਗਿਆ। ਇਸ ਸੰਬੰਧੀ ਸਿੱਖਿਆ ਵਿਭਾਗ ਵੱਲੋਂ ਪਹਿਲਾਂ ਹੀ ਸਕੂਲਾਂ ਨੂੰ ਵਿਸ਼ੇਸ਼ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਸਨ।

ਵਿਦਿਆਰਥਣਾਂ ਨੂੰ ਮਾਹਵਾਰੀ ਬਾਰੇ ਸਹੀ ਜਾਣਕਾਰੀ ਅਤੇ ਜਾਗਰੂਕਤਾ ਦੇਣ ਲਈ ਸਕੂਲ ਸਿੱਖਿਆ ਵਿਭਾਗ ਨੇ ‘ਵਾਸ਼ ਯੂਨਾਈਟਿਡ’ (WASH United) ਸੰਸਥਾ ਦੇ ਸਹਿਯੋਗ ਨਾਲ ਪੰਜਾਬੀ ਲਰਨਿੰਗ ਮੋਡੀਊਲ ‘ਰੂਬੀ ਦੀ ਦੁਨੀਆ’ (Ruby’s World) ਤਿਆਰ ਕੀਤਾ ਹੈ। ਇਸ ਮੋਡੀਊਲ ਰਾਹੀਂ ਮਾਹਵਾਰੀ ਸਿਹਤ, ਸਫ਼ਾਈ, ਪੌਸ਼ਟਿਕ ਆਹਾਰ, ਸਵੈ-ਸੰਭਾਲ ਅਤੇ ਮਾਨਸਿਕ ਸਿਹਤ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾ ਰਹੀ ਹੈ।

ਇਸ ਮੁਹਿੰਮ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਸਿੱਖਿਆ ਵਿਭਾਗ ਵੱਲੋਂ ਪਹਿਲਾਂ ਹੀ ਵੱਡੇ ਪੱਧਰ ’ਤੇ ਤਿਆਰੀਆਂ ਕੀਤੀਆਂ ਗਈਆਂ ਸਨ। ਪਾਇਲਟ ਪ੍ਰੋਜੈਕਟ ਤਹਿਤ 100 ਚੋਣਵੇਂ ਸਕੂਲਾਂ ਦੇ 100 ਅਧਿਆਪਕਾਂ ਨੂੰ ਖ਼ਾਸ ਸਿਖਲਾਈ ਦਿੱਤੀ ਗਈ ਸੀ। ਇਸ ਤੋਂ ਬਾਅਦ 13 ਤੋਂ 16 ਮਈ ਤੱਕ ਜ਼ਿਲ੍ਹਾ ਪੱਧਰੀ ਵਰਕਸ਼ਾਪਾਂ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ ਸੂਬੇ ਦੇ 3,668 ਸਰਕਾਰੀ ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਦੋ-ਦੋ ਅਧਿਆਪਕਾਂ ਨੂੰ ਮਾਸਟਰ ਟ੍ਰੇਨਰ ਵਜੋਂ ਤਿਆਰ ਕੀਤਾ ਗਿਆ।

ਸਿੱਖਿਆ ਵਿਭਾਗ ਵੱਲੋਂ ਸਮੂਹ ਸਕੂਲ ਮੁਖੀਆਂ ਨੂੰ ਸਕੂਲਾਂ ਵਿੱਚ ‘ਪੀਰੀਅਡ ਫ੍ਰੈਂਡਲੀ’ ਮਾਹੌਲ ਬਣਾਉਣ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ। ਸਕੂਲਾਂ ਵਿੱਚ ਸਾਫ਼-ਸੁਥਰੇ ਟਾਇਲਟ, ਪਾਣੀ ਦੀ ਉਚਿਤ ਸਹੂਲਤ ਅਤੇ ਸੈਨਿਟਰੀ ਪੈਡਾਂ ਦੇ ਸੁਰੱਖਿਅਤ ਨਿਪਟਾਰੇ ਲਈ ਪ੍ਰਬੰਧਾਂ ਦੀ ਸਮੀਖਿਆ ਕਰਨ ਲਈ ਵੀ ਕਿਹਾ ਗਿਆ ਹੈ।

ਇਸ ਦੌਰਾਨ ਵਿਦਿਆਰਥਣਾਂ ਨੂੰ ਸੈਨਿਟਰੀ ਪੈਡਾਂ ਦੀ ਸਹੀ ਵਰਤੋਂ ਅਤੇ ਉਨ੍ਹਾਂ ਨੂੰ ਸੁਰੱਖਿਅਤ ਤਰੀਕੇ ਨਾਲ ਨਸ਼ਟ ਕਰਨ ਦੇ ਢੰਗਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਮਾਹਵਾਰੀ ਨਾਲ ਜੁੜੀਆਂ ਸਮਾਜਿਕ ਰੂੜ੍ਹੀਆਂ ਅਤੇ ਝਿਜਕ ਨੂੰ ਦੂਰ ਕਰਨ ਲਈ ਸਕੂਲਾਂ ਵਿੱਚ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਗਈਆਂ।

ਸਕੂਲਾਂ ਦੀਆਂ ‘ਪਿੰਕ ਸੁਸਾਇਟੀਆਂ’ ਅਤੇ ਹੈਲਥ ਐਂਡ ਵੈੱਲਨੈੱਸ ਕਲੱਬਾਂ ਰਾਹੀਂ ਪੋਸਟਰ ਮੇਕਿੰਗ, ਨਾਅਰਾ ਲਿਖਣ, ਲੇਖ ਮੁਕਾਬਲੇ ਅਤੇ ਜਾਗਰੂਕਤਾ ਰੈਲੀਆਂ ਦਾ ਆਯੋਜਨ ਕੀਤਾ ਗਿਆ। ਅਧਿਆਪਕਾਂ ਨੇ ਵਿਦਿਆਰਥੀਆਂ ਨਾਲ ਖੁੱਲ੍ਹ ਕੇ ਗੱਲਬਾਤ ਕਰਦਿਆਂ ਮਾਹਵਾਰੀ ਸਬੰਧੀ ਗਲਤ ਧਾਰਣਾਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ।

SCERT ਪੰਜਾਬ ਨੇ ਇਸ ਮੁਹਿੰਮ ਨੂੰ ਬੇਹੱਦ ਜ਼ਰੂਰੀ ਕਰਾਰ ਦਿੱਤਾ ਹੈ। ਸਮੂਹ ਸਕੂਲ ਮੁਖੀਆਂ ਲਈ ਇਹ ਲਾਜ਼ਮੀ ਕੀਤਾ ਗਿਆ ਹੈ ਕਿ ਉਹ ਦਿਨ ਭਰ ਦੌਰਾਨ ਹੋਈਆਂ ਗਤੀਵਿਧੀਆਂ ਦੀ ਸੰਖੇਪ ਰਿਪੋਰਟ ਅਤੇ ਤਸਵੀਰਾਂ ਆਪਣੇ-ਆਪਣੇ ਜ਼ਿਲ੍ਹਾ ਦਫ਼ਤਰਾਂ ਨੂੰ ਭੇਜਣ।

ਸਿੱਖਿਆ ਵਿਭਾਗ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੀਆਂ ਜਾਗਰੂਕਤਾ ਮੁਹਿੰਮਾਂ ਨਾਲ ਨਾ ਸਿਰਫ਼ ਵਿਦਿਆਰਥਣਾਂ ਵਿੱਚ ਸਿਹਤ ਸਬੰਧੀ ਜਾਣਕਾਰੀ ਵਧੇਗੀ, ਸਗੋਂ ਸਮਾਜ ਵਿੱਚ ਮਾਹਵਾਰੀ ਨੂੰ ਲੈ ਕੇ ਬਣੀ ਚੁੱਪ ਅਤੇ ਝਿਜਕ ਨੂੰ ਵੀ ਤੋੜਨ ਵਿੱਚ ਮਦਦ ਮਿਲੇਗੀ।

#ਜਨ ਪੰਜਾਬ #ਪੰਜਾਬ ਖ਼ਬਰਾਂ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਸਿੱਖਿਆ ਖੇਤਰ - ਸਕੂਲ–ਕਾਲਜ अपडेट्स