ਸ਼ਹੀਦ ਹੋਮਗਾਰਡ ਜਵਾਨ ਅਸ਼ੋਕ ਕੁਮਾਰ ਨੂੰ ਦਿੱਤੀ ਭਾਵੁਕ ਸ਼ਰਧਾਂਜਲੀ

ਸ਼ਹੀਦ ਹੋਮਗਾਰਡ ਜਵਾਨ ਅਸ਼ੋਕ ਕੁਮਾਰ ਨੂੰ ਦਿੱਤੀ ਭਾਵੁਕ ਸ਼ਰਧਾਂਜਲੀ

Author : Sonu Samyal

March 5, 2026 10:10 a.m. 124

ਧਾਰੀਵਾਲ/ਗੁਰਦਾਸਪੁਰ, 4 ਮਾਰਚ : ਬੀਤੇ ਦਿਨ ਆਦੀਆਂ ਚੈਕ ਪੋਸਟ ‘ਤੇ ਡਿਊਟੀ ਦੌਰਾਨ ਸ਼ਹੀਦ ਹੋਏ ਪੰਜਾਬ ਹੋਮਗਾਰਡ ਦੇ ਜਵਾਨ ਅਸ਼ੋਕ ਕੁਮਾਰ ਦੀ ਯਾਦ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਅਕਲਾਸ਼ਪੁਰ ਨੇੜੇ ਧਾਰੀਵਾਲ ਵਿਖੇ ਸ਼ਰਧਾਂਜਲੀ ਸਮਾਗਮ ਆਯੋਜਿਤ ਕੀਤਾ ਗਿਆ। ਸਮਾਗਮ ਦੌਰਾਨ ਪੰਜਾਬ ਪੁਲਿਸ ਦੇ ਏ.ਡੀ.ਜੀ.ਪੀ ਐੱਮ.ਐੱਫ. ਫਾਰੂਕੀ ਅਤੇ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਕੇ ਨਮਨ ਕੀਤਾ।

ਇਸ ਮੌਕੇ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਸ਼ਹੀਦ ਦੇਸ਼ ਦਾ ਕੀਮਤੀ ਧਨ ਹੁੰਦੇ ਹਨ ਅਤੇ ਉਨ੍ਹਾਂ ਦੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸੁਰੱਖਿਆ ਫੋਰਸਾਂ ਨੇ ਹਮੇਸ਼ਾ ਸੂਬੇ ਅਤੇ ਦੇਸ਼ ਦੀ ਅਮਨ-ਸ਼ਾਂਤੀ ਲਈ ਡੱਟ ਕੇ ਡਿਊਟੀ ਨਿਭਾਈ ਹੈ ਅਤੇ ਆਪਣੀਆਂ ਜਾਨਾਂ ਦੀ ਕੁਰਬਾਨੀ ਦੇ ਕੇ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰੱਖਿਆ ਕੀਤੀ ਹੈ।

ਉਨ੍ਹਾਂ ਸ਼ਹੀਦ ਅਸ਼ੋਕ ਕੁਮਾਰ ਦੀ ਸ਼ਹਾਦਤ ਨੂੰ ਸਲਾਮ ਕਰਦਿਆਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਸਭ ਲੋਕ ਸ਼ਹੀਦ ਦੇ ਪਰਿਵਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਹਲਕਾ ਇੰਚਾਰਜ ਕਾਦੀਆਂ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਵੀ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਅਸ਼ੋਕ ਕੁਮਾਰ ਦੀ ਕੁਰਬਾਨੀ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ ਅਤੇ ਪੰਜਾਬ ਸਰਕਾਰ ਇਸ ਦੁੱਖ ਦੀ ਘੜੀ ਵਿੱਚ ਸ਼ਹੀਦ ਪਰਿਵਾਰ ਦੇ ਨਾਲ ਖੜੀ ਹੈ।

ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਖੁਦ ਸ਼ਹੀਦ ਅਸ਼ੋਕ ਕੁਮਾਰ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਆਉਣਗੇ ਅਤੇ ਉਨ੍ਹਾਂ ਦੀ ਸ਼ਹਾਦਤ ਨੂੰ ਨਮਨ ਕਰਨਗੇ। ਇਸ ਮੌਕੇ ਐੱਸ.ਐੱਸ.ਪੀ ਗੁਰਦਾਸਪੁਰ ਆਦਿਤਿਆ, ਚੇਅਰਮੈਨ ਵਜ਼ੀਰ ਸਿੰਘ ਲਾਲੀ, ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ, ਬਿਊਟੀ ਰੰਧਾਵਾ ਸਮੇਤ ਕਈ ਸਮਾਜਿਕ ਅਤੇ ਰਾਜਨੀਤਿਕ ਆਗੂ, ਸ਼ਹੀਦ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਅਤੇ ਪਿੰਡ ਵਾਸੀ ਹਾਜ਼ਰ ਸਨ।

#World News #ਜਨ ਪੰਜਾਬ #ਪੰਜਾਬ ਖ਼ਬਰਾਂ #ਰਾਜਨੀਤੀ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਖਾਸ ਰਿਪੋਰਟ - ਗਰਾਊਂਡ ਰਿਪੋਰਟਾਂ अपडेट्स