ਸਮਾਜ ਤੇ ਸਰਕਾਰ ਦੀ ਸਾਂਝ ਨਾਲ ਸੰਭਵ ਹੋਇਆ ਵਿਕਾਸ
ਸਮਾਜ ਤੇ ਸਰਕਾਰ ਦੀ ਸਾਂਝ ਨਾਲ ਸੰਭਵ ਹੋਇਆ ਵਿਕਾਸ

Post by : Bandan Preet

Dec. 12, 2025 5:53 p.m. 148

ਸਮਾਜ ਤੇ ਸਰਕਾਰ ਦੀ ਸਾਂਝ ਨਾਲ ਸੰਭਵ ਹੋਇਆ ਵਿਕਾਸ - KAPA ਨੇ ਖਰੜ ਵਿੱਚ ਕਾਇਮ ਕੀਤੀ ਜਿੰਦੀ-ਜਾਗਦੀ ਮਿਸਾਲ

ਜਨ ਪੰਜਾਬ ਨਿਊਜ਼ - ਖਰੜ: ਜੇ ਸਮਾਜ ਅਤੇ ਸਰਕਾਰ ਇਕੱਠੇ ਹੋ ਕੇ ਨੀਅਤ ਨਾਲ ਕੰਮ ਕਰਨ, ਤਾਂ ਸਾਲਾਂ ਤੋਂ ਅਟਕੇ ਹੋਏ ਮਸਲੇ ਵੀ ਕੁਝ ਹੀ ਦਿਨਾਂ ਵਿੱਚ ਹੱਲ ਹੋ ਸਕਦੇ ਹਨ। ਇਸ ਗੱਲ ਦੀ ਜਿੰਦੀ-ਜਾਗਦੀ ਮਿਸਾਲ ਖਰੜ ਏਰੀਆ ਪ੍ਰੋਗਰੈਸਿਵ ਅਸੋਸੀਏਸ਼ਨ (KAPA) ਵੱਲੋਂ ਖਰੜ ਵਿੱਚ ਕਾਇਮ ਕੀਤੀ ਗਈ ਹੈ। ਏਅਰਪੋਰਟ ਰੋਡ ਤੋਂ ਨਿੱਜਰ ਰੋਡ ਨੂੰ ਜਾਂਦੀ ਸੜਕ ‘ਤੇ ਟ੍ਰੈਫਿਕ ਲਾਈਟਾਂ ਦੇ ਬਿਲਕੁਲ ਸ਼ੁਰੂ ਵਿੱਚ ਕਾਫ਼ੀ ਸਮੇਂ ਤੋਂ ਵੱਡੇ-ਵੱਡੇ ਖੱਡੇ ਬਣੇ ਹੋਏ ਸਨ। ਇਨ੍ਹਾਂ ਖੱਡਿਆਂ ਕਾਰਨ ਇੱਥੋਂ ਲੰਘਣ ਵਾਲੇ ਵਾਹਨ ਬਹੁਤ ਹੀ ਜ਼ਿਆਦਾ ਸ਼ਤਿਗ੍ਰਸਤ ਹੁੰਦੇ ਸਨ ਅਤੇ ਦੋ-ਪਹੀਆ ਵਾਹਨ ਚਾਲਕ ਅਕਸਰ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਸਨ। ਸਥਿਤੀ ਇਸ ਕਦਰ ਗੰਭੀਰ ਸੀ ਕਿ ਇਹ ਸਥਾਨ ਹਮੇਸ਼ਾ ਖ਼ਤਰੇ ਦਾ ਕੇਂਦਰ ਬਣਿਆ ਰਹਿੰਦਾ ਸੀ।

kapa kharar area progressive associationਇਸ ਸਮੱਸਿਆ ਨੂੰ ਦੇਖਦਿਆਂ KAPA ਦੀ ਟੀਮ ਨੇ ਸਿਰਫ਼ ਸ਼ਿਕਾਇਤਾਂ ਕਰਨ ਦੀ ਬਜਾਇ ਪ੍ਰਸ਼ਾਸਨ ਨਾਲ ਸਿੱਧੀ ਸਾਂਝ ਬਣਾਈ ਅਤੇ ਤੁਰੰਤ ਕਾਰਵਾਈ ਸ਼ੁਰੂ ਕਰਵਾਈ। KAPA ਇੱਕ ਐਸੀ ਸਮਾਜਿਕ ਸੰਸਥਾ ਹੈ ਜੋ ਖਰੜ ਅਤੇ ਆਸ-ਪਾਸ ਦੇ ਪਿੰਡਾਂ ਅਤੇ ਰਿਹਾਇਸ਼ੀ ਸੌਸਾਇਟੀਆਂ ਦੇ ਵਸਨੀਕਾਂ ਵੱਲੋਂ ਮਿਲ ਕੇ ਬਣਾਈ ਗਈ ਹੈ। ਸੰਸਥਾ ਦਾ ਮਕਸਦ ਬਿਨਾਂ ਕਿਸੇ ਨੁਕਤਾ-ਚੀਨੀ ਦੇ, ਸਰਕਾਰ ਅਤੇ ਸੰਬੰਧਤ ਵਿਭਾਗਾਂ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਆਪਣੇ ਇਲਾਕੇ ਨੂੰ ਬਿਹਤਰ ਬਣਾਉਣਾ ਹੈ।

ਇਸ ਦੌਰਾਨ KAPA ਦੇ ਮੈਂਬਰਾਂ ਨੇ ਦੱਸਿਆ ਕਿ ਖਰੜ ਦੇ ਐਮਐਲਏ ਅਨਮੋਲ ਗਗਨ ਮਾਨ ਅਤੇ ਮਿਊਂਸਪਲ ਕੌਂਸਲ ਖਰੜ ਵੱਲੋਂ ਉਨ੍ਹਾਂ ਨੂੰ ਪੂਰਾ ਸਹਿਯੋਗ ਮਿਲਿਆ, ਜਿਸ ਤੋਂ ਬਿਨਾਂ ਇਹ ਕੰਮ ਸੰਭਵ ਨਹੀਂ ਸੀ। ਖ਼ਾਸ ਤੌਰ ਤੇ ਐਮਐਲਏ ਅਨਮੋਲ ਗਗਨ ਮਾਨ ਦੇ ਪੀਏ ਵਿਕਾਸ ਮੋਹਨ ਨੇ ਮੌਕੇ ਤੇ ਖੁਦ ਮੌਜੂਦ ਰਹਿ ਕੇ ਸਾਰੇ ਇੰਤਜ਼ਾਮ ਸੁਨਿਸ਼ਚਿਤ ਕਰਵਾਏ, ਜਿਸ ਲਈ KAPA ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।

11 ਦਸੰਬਰ 2025 ਨੂੰ ਸਵੇਰੇ 9 ਵਜੇ KAPA ਦੀ ਟੀਮ ਨੇ ਕੰਮ ਦੀ ਸ਼ੁਰੂਆਤ ਕਰਵਾਈ। ਮਿਊਂਸਪਲ ਕੌਂਸਲ ਵੱਲੋਂ ਮਜ਼ਦੂਰ, ਟਾਈਲਾਂ, ਟਾਈਲਾਂ ਲਗਾਉਣ ਲਈ ਮੈਨਪਾਵਰ ਅਤੇ ਲੋੜੀਂਦੀਆਂ ਸਹੂਲਤਾਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਜਿਹੜੀਆਂ ਤੁਰੰਤ ਲੋੜੀਂਦੀਆਂ ਚੀਜ਼ਾਂ, ਜਿਵੇਂ JCB ਮਸ਼ੀਨ, ਟਰੈਕਟਰ-ਟਰਾਲੀ, ਰੇਤਾ, ਬਜਰੀ ਅਤੇ ਸੀਮੈਂਟਦੀ ਜ਼ਰੂਰਤ ਪਈ, ਉਹ ਸਾਰਾ ਇੰਤਜ਼ਾਮ KAPA ਦੀ ਟੀਮ ਨੇ ਆਪਣੇ ਪੱਧਰ ਤੇ ਤੁਰੰਤ ਕੀਤਾ, ਤਾਂ ਜੋ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਾ ਆਵੇ। KAPA ਅਤੇ ਮਿਊਂਸਪਲ ਕੌਂਸਲ ਦੀ ਸਾਂਝੀ ਟੀਮ ਨੇ ਰਾਤ ਕਰੀਬ 10 ਵਜੇ ਤੱਕ ਸਾਰਾ ਖ਼ਤਰਨਾਕ ਪੈਚ ਪੂਰੀ ਤਰ੍ਹਾਂ ਕਲੀਅਰ ਕਰ ਦਿੱਤਾ।

ਕੰਮ ਦੌਰਾਨ KAPA ਦੇ ਵੋਲੰਟੀਅਰਾਂ ਵੱਲੋਂ ਸਾਰਾ ਟ੍ਰੈਫਿਕ ਡਾਇਵਰਟ ਕੀਤਾ ਗਿਆ ਅਤੇ ਦਿਨ ਭਰ ਟ੍ਰੈਫਿਕ ਜਾਮ ਨੂੰ ਸੁਚੱਜੇ ਢੰਗ ਨਾਲ ਸੰਭਾਲਿਆ ਗਿਆ, ਤਾਂ ਜੋ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆਵੇ। ਇਲਾਕੇ ਦੇ ਲੋਕਾਂ ਵੱਲੋਂ ਰੁਕ-ਰੁਕ ਕੇ KAPA ਦੀ ਟੀਮ ਅਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਗਿਆ। ਕਿਸੇ ਨੇ ਪੀਣ ਵਾਲਾ ਪਾਣੀ ਦਿੱਤਾ, ਤਾਂ ਕਿਸੇ ਨੇ ਖਾਣ-ਪੀਣ ਦੀਆਂ ਚੀਜ਼ਾਂ ਲਿਆ ਕੇ ਵੋਲੰਟੀਅਰਾਂ ਦੀ ਹੌਸਲਾ ਅਫ਼ਜ਼ਾਈ ਕੀਤੀ।

KAPA ਦੇ ਸੀਨੀਅਰ ਮੈਂਬਰ ਅਤੇ ਸੰਸਥਾ ਦੇ ਵਾਈਸ ਪ੍ਰੈਜ਼ੀਡੈਂਟ ਸੁਖਵਿੰਦਰ ਸਿੰਘ ਸੁੱਖਾ ਨੇ ਕਿਹਾ, “KAPA ਦਾ ਮਤਲਬ ਕਿਸੇ ਦੇ ਖ਼ਿਲਾਫ਼ ਖੜ੍ਹਾ ਹੋਣਾ ਨਹੀਂ, ਸਗੋਂ ਨਾਲ ਖੜ੍ਹਾ ਹੋਣਾ ਹੈ। ਇਹ ਇਲਾਕਾ ਸਾਡਾ ਆਪਣਾ ਘਰ ਹੈ। ਜੇ ਅਸੀਂ ਆਪ ਕੁਝ ਕਰਨ ਲਈ ਤਿਆਰ ਨਹੀਂ, ਤਾਂ ਫਿਰ ਕਿਸੇ ਹੋਰ ਤੋਂ ਉਮੀਦ ਕਿਵੇਂ ਕਰ ਸਕਦੇ ਹਾਂ।” ਛੱਜੂਮਾਜਰਾ ਪਿੰਡ ਤੋਂ ਜਨਰਲ ਸਕੱਤਰ ਰਵਿੰਦਰ ਸਿੰਘ ਸਿੱਧੂ ਨੇ ਕਿਹਾ, “ਅੱਜ ਜੋ ਕੰਮ ਹੋਇਆ ਹੈ, ਉਹ ਸਿਰਫ਼ ਸੜਕਾਂ ਦੀ ਮੁਰੰਮਤ ਨਹੀਂ, ਸਗੋਂ ਲੋਕਾਂ ਅਤੇ ਪ੍ਰਸ਼ਾਸਨ ਵਿਚਕਾਰ ਭਰੋਸੇ ਦੀ ਮੁਰੰਮਤ ਹੈ। ਇਹੀ ਸੱਚਾ ਵਿਕਾਸ ਹੈ।”

ਸੁਖਵਿੰਦਰ ਸਿੰਘ ਸੁੱਖਾ (ਵਾਈਸ ਪ੍ਰੈਜ਼ੀਡੈਂਟ), ਜੋ ਆਪਣੀ JCB ਨਾਲ ਖੁਦ ਸੇਵਾ ਵਿੱਚ ਡਟੇ ਰਹੇ, ਰਾਜ ਕੁਮਾਰ ਕਟਾਰੀਆ (ਸੀਨੀਅਰ ਮੈਂਬਰ, ਸ਼ਿਵਾਲਿਕ ਸਿਟੀ), ਬੀ.ਐਸ. ਹੰਡਾ (ਸੀਨੀਅਰ, ਰੋਇਲ ਰੈਜ਼ੀਡੈਂਸ ਸੈਕਟਰ 117), ਮੀਨਾ ਸ਼ਰਮਾ ਜੀ (ਗੋਬਿੰਦ ਇਨਕਲੇਵ) ਅਤੇ ਨਰੇਸ਼ ਕੁਮਾਰ (ਡ੍ਰੀਮ ਹੋਮਜ਼ ਸੈਕਟਰ 117) ਨੇ ਇਕਸੁਰ ਵਿੱਚ ਕਿਹਾ ਕਿ “ਏਕਤਾ ਵਿੱਚ ਹੀ ਸ਼ਕਤੀ ਹੈ ਅਤੇ ਅੱਜ ਖਰੜ ਵਿੱਚ ਇਸ ਏਕਤਾ ਦੀ ਤਾਕਤ ਜ਼ਮੀਨ ਤੇ ਨਜ਼ਰ ਆਈ ਹੈ।” ਇਸ ਸੇਵਾ ਕਾਰਜ ਵਿੱਚ ਪਰਮਵੀਰ ਸਿੰਘ, ਜੁਗਰਾਜ ਸਿੰਘ, ਜਸਪ੍ਰੀਤ ਸਿੰਘ, ਕਰਨ, ਮੁਕੇਸ਼ ਕੁਮਾਰ ਸਮੇਤ ਘੱਟੋ-ਘੱਟ 18 KAPA ਮੈਂਬਰ ਸਾਰਾ ਦਿਨ ਮੌਕੇ ‘ਤੇ ਡਟੇ ਰਹੇ।

ਟ੍ਰੈਫਿਕ ਪ੍ਰਬੰਧ ਵਿੱਚ ਵੀ ਲਗਾਤਾਰ ਸਰਗਰਮ KAPA

ਜ਼ਿਕਰਯੋਗ ਹੈ ਕਿ KAPA ਦੀ ਟੀਮ ਹਾਲੇ ਗਿਣਤੀ ਵਿੱਚ ਛੋਟੀ ਹੈ, ਪਰ ਜ਼ਿੰਮੇਵਾਰੀ ਵਿੱਚ ਕਾਫ਼ੀ ਵੱਡੀ। ਹਰ ਰੋਜ਼ ਸ਼ਾਮ ਕਰੀਬ 6 ਵਜੇ ਤੋਂ 8 ਵਜੇ ਤੱਕ KAPA ਦੇ ਵੋਲੰਟੀਅਰ ਟ੍ਰੈਫਿਕ ਪੁਲਿਸ ਨਾਲ ਮਿਲ ਕੇ ਏਅਰਪੋਰਟ ਰੋਡ ‘ਤੇ ਟ੍ਰੈਫਿਕ ਜਾਮ ਨੂੰ ਸੰਭਾਲ ਰਹੇ ਹਨ। ਗੋਪਾਲ ਸਵੀਟਸ ਵਾਲਾ ਪੁਆਇੰਟ, ਸਨੀ ਇਨਕਲੇਵ ਕ੍ਰਾਸਿੰਗ ਅਤੇ ਖਰੜ ਬੱਸ ਸਟੈਂਡ ਚੌਕ ਵਰਗੇ ਸੰਵੇਦਨਸ਼ੀਲ ਸਥਾਨਾਂ ‘ਤੇ ਵੋਲੰਟੀਅਰਾਂ ਦੀ ਲਗਾਤਾਰ ਲੋੜ ਹੈ।

KAPA ਵੱਲੋਂ ਖਰੜ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਵੱਧ ਤੋਂ ਵੱਧ ਲੋਕ ਅੱਗੇ ਆ ਕੇ ਇਸ ਮੁਹਿੰਮ ਨਾਲ ਜੁੜਨ। ਇੱਛੁਕ ਨਾਗਰਿਕ KAPA ਦੀ ਵੈੱਬਸਾਈਟ ਰਾਹੀਂ ਵੋਲੰਟੀਅਰ ਵਜੋਂ ਜੁੜ ਸਕਦੇ ਹਨ ਅਤੇ ਆਪਣੇ ਇਲਾਕੇ ਦੇ ਸੁਧਾਰ ਵਿੱਚ ਸਿੱਧੀ ਭੂਮਿਕਾ ਨਿਭਾ ਸਕਦੇ ਹਨ। ਇਹ ਪੂਰੀ ਪਹਿਲ ਸਾਫ਼ ਤੌਰ ਤੇ ਦਰਸਾਉਂਦੀ ਹੈ ਕਿ ਜਦੋਂ ਨੀਅਤ ਸਾਫ਼ ਹੋਵੇ, ਸਮਾਜ ਇਕਜੁੱਟ ਹੋਵੇ ਅਤੇ ਪ੍ਰਸ਼ਾਸਨ ਨਾਲ ਸਹੀ ਸਾਂਝ ਬਣੇ, ਤਾਂ ਵਿਕਾਸ ਸਿਰਫ਼ ਸੰਭਵ ਹੀ ਨਹੀਂ ਰਹਿੰਦਾ, ਸਗੋਂ ਤੇਜ਼ੀ ਨਾਲ ਜ਼ਮੀਨ ਤੇ ਵੀ ਦਿਖਾਈ ਦਿੰਦਾ ਹੈ।

 

#ਜਨ ਪੰਜਾਬ #ਪੰਜਾਬ ਖ਼ਬਰਾਂ #ਰਾਜਨੀਤੀ #ਅਰਥਿਕਤਾ #kharar news #kharar MC office #nijjer road development #amrinder singh kharar #kapa president
Articles
Sponsored
Trending News