Civil Hospital Samrala Death Case: ਮਹਿਲਾ ਦੀ ਇਲਾਜ ਦੌਰਾਨ ਮੌਤ, ਪਰਿਵਾਰ ਵੱਲੋਂ ਲਾਪਰਵਾਹੀ ਦੇ ਦੋਸ਼

Civil Hospital Samrala Death Case: ਮਹਿਲਾ ਦੀ ਇਲਾਜ ਦੌਰਾਨ ਮੌਤ, ਪਰਿਵਾਰ ਵੱਲੋਂ ਲਾਪਰਵਾਹੀ ਦੇ ਦੋਸ਼

Post by : Jan Punjab Bureau

April 24, 2026 6:05 p.m. 152

ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਅੱਜ ਇੱਕ ਦੁਖਦਾਈ ਘਟਨਾ ਸਾਹਮਣੇ ਆਈ, ਜਿੱਥੇ 27 ਸਾਲਾ ਮਹਿਲਾ ਪੂਜਾ (ਵਾਸੀ ਪਿੰਡ ਊਰਨਾ, ਪਿਛੋਕੜ ਨੇਪਾਲ) ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਹਸਪਤਾਲ ਵਿੱਚ ਤਣਾਅਪੂਰਨ ਮਾਹੌਲ ਬਣ ਗਿਆ ਅਤੇ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਪ੍ਰਸ਼ਾਸਨ ਅਤੇ ਡਾਕਟਰਾਂ ‘ਤੇ ਗੰਭੀਰ ਲਾਪਰਵਾਹੀ ਦੇ ਦੋਸ਼ ਲਗਾਏ।

ਪਰਿਵਾਰ ਦਾ ਕਹਿਣਾ ਹੈ ਕਿ ਪੂਜਾ ਨੂੰ ਪਹਿਲਾਂ ਸਿਰਫ਼ ਖਾਂਸੀ ਦੀ ਸ਼ਿਕਾਇਤ ਸੀ ਅਤੇ ਉਹ ਬਿਲਕੁਲ ਠੀਕ ਸੀ। ਮ੍ਰਿਤਕਾ ਦੇ ਪਿਤਾ ਨੇ ਰੋਂਦਿਆਂ ਦੱਸਿਆ ਕਿ ਤਿੰਨ ਦਿਨ ਪਹਿਲਾਂ ਉਸਦੀ ਸਿਜ਼ੇਰੀਅਨ ਸਰਜਰੀ ਹੋਈ ਸੀ ਅਤੇ ਉਸਨੇ ਇੱਕ ਬੱਚੇ ਨੂੰ ਜਨਮ ਦਿੱਤਾ ਸੀ। ਉਹਨਾਂ ਅਨੁਸਾਰ, ਉਹ ਹਸਪਤਾਲ ਜਾਣ ਤੋਂ ਅੱਧਾ ਘੰਟਾ ਪਹਿਲਾਂ ਧੀ ਨਾਲ ਗੱਲ ਕਰਕੇ ਗਏ ਸਨ ਅਤੇ ਉਸ ਸਮੇਂ ਉਸਦੀ ਹਾਲਤ ਸਥਿਰ ਸੀ।

ਪਰਿਵਾਰ ਨੇ ਦੋਸ਼ ਲਗਾਇਆ ਕਿ ਜਦੋਂ ਮਰੀਜ਼ ਦੀ ਹਾਲਤ ਵਿਗੜੀ ਤਾਂ ਹਸਪਤਾਲ ਵਿੱਚ ਕੋਈ ਸੀਨੀਅਰ ਡਾਕਟਰ ਮੌਜੂਦ ਨਹੀਂ ਸੀ। ਸਿਰਫ਼ ਨਰਸਾਂ ਅਤੇ ਸਟਾਫ਼ ਨੇ ਹੀ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਬਾਅਦ ਵਿੱਚ ਡਾਕਟਰਾਂ ਨੇ ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ, ਜਿਸ ਨੂੰ ਪਰਿਵਾਰ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।

ਇੱਕ ਰਿਸ਼ਤੇਦਾਰ ਨੇ ਵੀ ਦੱਸਿਆ ਕਿ ਪੂਜਾ ਨੇ ਖਾਂਸੀ ਦੀ ਬਹੁਤ ਜ਼ਿਆਦਾ ਤਕਲੀਫ਼ ਬਾਰੇ ਇਸ਼ਾਰਿਆਂ ਵਿੱਚ ਜਾਣਕਾਰੀ ਦਿੱਤੀ ਸੀ, ਪਰ ਸਮੇਂ ਸਿਰ ਢੁਕਵਾਂ ਇਲਾਜ ਨਹੀਂ ਮਿਲਿਆ। ਪਰਿਵਾਰ ਦਾ ਇਹ ਵੀ ਦੋਸ਼ ਹੈ ਕਿ ਹਸਪਤਾਲ ਵਿੱਚ ਸਹੂਲਤਾਂ ਦੀ ਕਮੀ ਹੈ ਅਤੇ ਸਮੇਂ ‘ਤੇ ਡਾਕਟਰ ਨਾ ਹੋਣ ਕਾਰਨ ਇਹ ਹਾਦਸਾ ਵਾਪਰਿਆ।

ਦੂਜੇ ਪਾਸੇ, ਹਸਪਤਾਲ ਦੀ ਗਾਇਨੀ ਡਾਕਟਰ ਸੁਖਵਿੰਦਰ ਕੌਰ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਮਰੀਜ਼ ਨੂੰ ਬਚਾਉਣ ਲਈ ਪੂਰੀ ਕੋਸ਼ਿਸ਼ ਕੀਤੀ ਗਈ ਸੀ ਅਤੇ ਕਰੀਬ 45 ਮਿੰਟ ਤੱਕ ਸੀਪੀਆਰ ਵੀ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਸਾਰੀ ਮੈਡੀਕਲ ਪ੍ਰਕਿਰਿਆ ਅਨੁਸਾਰ ਇਲਾਜ ਕੀਤਾ ਗਿਆ।

ਘਟਨਾ ਦੀ ਜਾਣਕਾਰੀ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਸਥਿਤੀ ਨੂੰ ਕਾਬੂ ਵਿੱਚ ਕੀਤਾ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪਰਿਵਾਰ ਨੇ ਹਸਪਤਾਲ ਪ੍ਰਸ਼ਾਸਨ ਤੋਂ ਲਿਖਤੀ ਰਿਪੋਰਟ ਅਤੇ ਪੂਰੀ ਜਾਂਚ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਜਦ ਤੱਕ ਸੱਚਾਈ ਸਾਹਮਣੇ ਨਹੀਂ ਆਉਂਦੀ, ਉਹ ਸੰਘਰਸ਼ ਜਾਰੀ ਰੱਖਣਗੇ।

#ਜਨ ਪੰਜਾਬ #ਪੰਜਾਬ ਖ਼ਬਰਾਂ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਦੇਸ਼ - ਅਪਰਾਧ अपडेट्स