AGTF ਮੁਖੀ ਪ੍ਰਮੋਦ ਭਾਨ ਦਾ ਅੰਮ੍ਰਿਤਸਰ ਦੌਰਾ, ਗੈਂਗਸਟਰਵਾਦ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ

Author : Vikramjeet Singh

ਅੰਮ੍ਰਿਤਸਰ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਦੇ ਏਡੀਜੀਪੀ ਪ੍ਰਮੋਦ ਭਾਨ ਨੇ ਅਚਾਨਕ ਦੌਰਾ ਕਰਦੇ ਹੋਏ ਬਾਰਡਰ ਰੇਂਜ ਦੇ ਸਾਰੇ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਸਥਿਤੀ ਸਮੀਖਿਆ ਮੀਟਿੰਗ ਕੀਤੀ। ਇਸ ਮੀਟਿੰਗ ਦਾ ਮਕਸਦ ਮੌਜੂਦਾ ਕਾਨੂੰਨ-ਵਿਵਸਥਾ ਦੀ ਹਾਲਤ ਦਾ ਜਾਇਜ਼ਾ ਲੈਣਾ ਅਤੇ ਹਾਲੀਆ ਸਮੇਂ ਦੌਰਾਨ ਵਾਪਰੀਆਂ ਅਪਰਾਧਿਕ ਘਟਨਾਵਾਂ ’ਤੇ ਪ੍ਰਭਾਵਸ਼ਾਲੀ ਕਾਬੂ ਪਾਉਣਾ ਸੀ।

ਮੀਟਿੰਗ ਦੌਰਾਨ ਗੈਂਗਸਟਰ ਗਤੀਵਿਧੀਆਂ, ਹਥਿਆਰਾਂ ਦੀ ਤਸਕਰੀ, ਨਸ਼ਿਆਂ ਦੇ ਫੈਲਾਅ ਅਤੇ ਸੰਗਠਿਤ ਅਪਰਾਧੀ ਨੈੱਟਵਰਕ ’ਤੇ ਵਿਸਥਾਰ ਨਾਲ ਚਰਚਾ ਹੋਈ। ਏਡੀਜੀਪੀ ਨੇ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਗੈਂਗਸਟਰਵਾਦ ਖ਼ਿਲਾਫ਼ ਚੱਲ ਰਹੀ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇ ਅਤੇ ਹਰ ਪੱਧਰ ’ਤੇ ਤੁਰੰਤ ਕਾਰਵਾਈ ਯਕੀਨੀ ਬਣਾਈ ਜਾਵੇ।

ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਮੋਦ ਭਾਨ ਨੇ ਕਿਹਾ ਕਿ ਕਈ ਗੈਂਗਸਟਰ ਵਿਦੇਸ਼ਾਂ ਵਿੱਚ ਬੈਠ ਕੇ ਪੰਜਾਬ ਦੇ ਨੌਜਵਾਨਾਂ ਨੂੰ ਛੋਟੇ ਲਾਲਚ, ਪੈਸਿਆਂ ਜਾਂ ਡਾਲਰਾਂ ਦੇ ਸੁਪਨੇ ਦਿਖਾ ਕੇ ਅਪਰਾਧ ਵੱਲ ਧੱਕ ਰਹੇ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਅਜਿਹੇ ਗੈਂਗਸਟਰਾਂ ਅਤੇ ਉਨ੍ਹਾਂ ਦੇ ਸਥਾਨਕ ਸਹਿਯੋਗੀਆਂ ਖ਼ਿਲਾਫ਼ ਸਖ਼ਤ ਅਤੇ ਲਗਾਤਾਰ ਕਾਰਵਾਈ ਜਾਰੀ ਹੈ ਅਤੇ ਅੱਗੇ ਵੀ ਹੋਰ ਤੇਜ਼ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਬਾਰਡਰ ਇਲਾਕਿਆਂ ਵਿੱਚ ਕ੍ਰਾਈਮ ਦੀ ਸਮੱਸਿਆ ਕ੍ਰਾਸ-ਬਾਰਡਰ ਤਸਕਰੀ ਨਾਲ ਵੀ ਜੁੜੀ ਹੋਈ ਹੈ। ਇਸ ਨੂੰ ਰੋਕਣ ਲਈ ਨਵੇਂ ਤਕਨੀਕੀ ਸਿਸਟਮ, ਨਿਗਰਾਨੀ ਉਪਕਰਣ ਅਤੇ ਇੰਟੈਲੀਜੈਂਸ ਅਧਾਰਿਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਹਥਿਆਰਾਂ ਅਤੇ ਨਸ਼ਿਆਂ ਦੀ ਸਪਲਾਈ ਸਰਹੱਦ ’ਤੇ ਹੀ ਰੋਕੀ ਜਾ ਸਕੇ।

ਏਡੀਜੀਪੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ ਜਾਂ ਕਿਸੇ ਵੀ ਹੋਰ ਮਾਧਿਅਮ ਰਾਹੀਂ ਆਉਣ ਵਾਲੇ ਗੈਂਗਸਟਰਾਂ ਦੇ ਝਾਂਸੇ ਵਿੱਚ ਨਾ ਆਉਣ। ਉਨ੍ਹਾਂ ਕਿਹਾ ਕਿ ਇਹ ਅਪਰਾਧੀ ਸਿਰਫ਼ ਆਪਣੇ ਫਾਇਦੇ ਲਈ ਨੌਜਵਾਨਾਂ ਦਾ ਭਵਿੱਖ ਖਰਾਬ ਕਰ ਰਹੇ ਹਨ।

ਉਨ੍ਹਾਂ ਇਹ ਵੀ ਦੱਸਿਆ ਕਿ ਜੇਲ੍ਹਾਂ ਵਿੱਚ ਐਂਟੀ-ਮੋਬਾਈਲ ਸਿਸਟਮ ਲਗਾਏ ਗਏ ਹਨ, ਨਿਯਮਤ ਚੈਕਿੰਗ ਹੋ ਰਹੀ ਹੈ ਅਤੇ ਇੰਟੈਲੀਜੈਂਸ ਦੇ ਆਧਾਰ ’ਤੇ ਕੜੀ ਨਿਗਰਾਨੀ ਰੱਖੀ ਜਾ ਰਹੀ ਹੈ। ਅੰਤ ਵਿੱਚ ਪ੍ਰਮੋਦ ਭਾਨ ਨੇ ਦਾਅਵਾ ਕੀਤਾ ਕਿ ਪੰਜਾਬ ਪੁਲਿਸ ਗੈਂਗਸਟਰਵਾਦ ਦੇ ਖ਼ਾਤਮੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਖ਼ਿਲਾਫ਼ ਹੋਰ ਵੀ ਸਖ਼ਤ ਅਤੇ ਨਤੀਜਾ-ਖੇਜ਼ ਕਾਰਵਾਈਆਂ ਕੀਤੀਆਂ ਜਾਣਗੀਆਂ।

Jan. 6, 2026 3:22 p.m. 4
#World News #ਜਨ ਪੰਜਾਬ #ਪੰਜਾਬ ਖ਼ਬਰਾਂ
Watch Special Video
Sponsored
Trending News