ਮੋਰਿੰਡਾ ਕੂੜਾ ਡੰਪ ਖ਼ਿਲਾਫ਼ ਪਿੰਡਾਂ ਦਾ ਵੱਡਾ ਵਿਰੋਧ, ਲੋਕ ਸੜਕਾਂ ‘ਤੇ ਆਏ

Author : Varinder Singh

ਮੋਰਿੰਡਾ ਸ਼ਹਿਰ ਦੇ ਕੂੜਾ-ਕਰਕਟ ਨਾਲ ਬਣੇ ਡੰਪ ਨੂੰ ਲੈ ਕੇ ਇਲਾਕੇ ਵਿੱਚ ਲੋਕਾਂ ਦਾ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ। 9 ਤਾਰੀਖ ਨੂੰ ਫਤਿਹਪੁਰ ਖੇੜੀ ਅਤੇ ਮੱਛੀਪੁਰ ਪਿੰਡਾਂ ਦੇ ਵਸਨੀਕਾਂ ਵੱਲੋਂ ਇਸ ਕੂੜਾ-ਕਰਕਟ ਡੰਪ ਦੇ ਖ਼ਿਲਾਫ਼ ਵੱਡਾ ਧਰਨਾ ਲਗਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਸ਼ਾਮਲ ਹੋਏ।

ਵਸਨੀਕਾਂ ਦਾ ਦੋਸ਼ ਹੈ ਕਿ ਮੋਰਿੰਡਾ (ਰੋਪੜ) ਸ਼ਹਿਰ ਦਾ ਸਾਰਾ ਕੂੜਾ-ਕਰਕਟ ਭਟੇਰੀ ਪਿੰਡ ਦੀ ਜ਼ਮੀਨ ਵਿੱਚ ਸੁੱਟਿਆ ਜਾ ਰਿਹਾ ਹੈ। ਇਹ ਕੂੜਾ-ਕਰਕਟ ਡੰਪ ਪਿੰਡਾਂ ਦੇ ਬਿਲਕੁਲ ਨੇੜੇ ਹੋਣ ਕਾਰਨ ਗੰਦੀ ਬੂ, ਮੱਖੀਆਂ ਅਤੇ ਬਿਮਾਰੀਆਂ ਨੂੰ ਜਨਮ ਦੇ ਰਿਹਾ ਹੈ, ਜਿਸ ਨਾਲ ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ ਦੀ ਸਿਹਤ ਲਈ ਗੰਭੀਰ ਖ਼ਤਰਾ ਬਣਦਾ ਜਾ ਰਿਹਾ ਹੈ।

ਧਿਆਨਯੋਗ ਗੱਲ ਇਹ ਹੈ ਕਿ ਇਹ ਕੂੜਾ-ਕਰਕਟ ਡੰਪ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੀ ਜ਼ਮੀਨ ਵਿੱਚ ਪੈਂਦਾ ਹੈ, ਪਰ ਇਸ ਦਾ ਸਭ ਤੋਂ ਵੱਧ ਅਸਰ ਮੋਹਾਲੀ ਜ਼ਿਲ੍ਹੇ ਦੇ ਪਿੰਡਾਂ ‘ਤੇ ਪੈ ਰਿਹਾ ਹੈ। ਇਸ ਗੱਲ ਨੂੰ ਲੈ ਕੇ ਇਲਾਕੇ ਦੇ ਲੋਕਾਂ ਵਿੱਚ ਭਾਰੀ ਗੁੱਸਾ ਹੈ।

ਧਰਨਾਕਾਰੀਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਪਿੰਡਾਂ ਦੇ ਵਸਨੀਕਾਂ ਵੱਲੋਂ ਐਸ.ਡੀ.ਐਮ. ਨੂੰ ਮੰਗ ਪੱਤਰ ਦਿੱਤਾ ਗਿਆ ਸੀ ਅਤੇ ਖਰੜ, ਮੋਰਿੰਡਾ ਅਤੇ ਬੱਸੀ ਪਠਾਣਾ ਦੀ ਪ੍ਰਸ਼ਾਸਨਾ ਨੂੰ ਕਈ ਵਾਰ ਅਪੀਲ ਕੀਤੀ ਗਈ, ਪਰ ਹੁਣ ਤੱਕ ਕਿਸੇ ਵੀ ਅਧਿਕਾਰੀ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ।

ਪ੍ਰਸ਼ਾਸਨ ਦੀ ਲਗਾਤਾਰ ਅਣਦੇਖੀ ਤੋਂ ਦੁਖੀ ਹੋ ਕੇ ਲੋਕਾਂ ਨੇ ਹੁਣ ਧਰਨਾ ਸ਼ੁਰੂ ਕਰ ਦਿੱਤਾ ਹੈ, ਜੋ ਕਿ ਕੂੜਾ-ਕਰਕਟ ਡੰਪ ਬੰਦ ਹੋਣ ਤੱਕ ਜਾਰੀ ਰਹੇਗਾ। ਇਸ ਧਰਨੇ ਦੀ ਅਗਵਾਈ ਮੇਹਰ ਸਿੰਘ ਖੇੜੀ, ਹਕੀਕਤ ਘੜੂਆਂ, ਸੁਰਿੰਦਰ ਪਾਲ ਸਿੰਘ ਖੇੜੀ, ਬਲਦੇਵ ਸਿੰਘ, ਗੁਰਦੀਪ ਸਿੰਘ, ਭਜਨ ਸਿੰਘ ਸਿਲਕਪੜਾ, ਹਰਦੀਪ ਸਿੰਘ, ਸਰਪੰਚ ਮੱਛੀਪੁਰ ਮਨਪ੍ਰੀਤ ਸਿੰਘ, ਰਵਿੰਦਰ ਸਿੰਘ, ਰਘਵੀਰ ਸਿੰਘ ਨੰਬਰਦਾਰ, ਭੁਪਿੰਦਰ ਸਿੰਘ ਸਿਲਕਪੜਾ, ਜੋਗਾ ਸਿੰਘ ਮੱਛੀਪੁਰ ਅਤੇ ਅਮਨ ਸਿੰਘ ਸਮੇਤ ਹੋਰ ਕਈ ਇਲਾਕਾ ਵਾਸੀਆਂ ਨੇ ਕੀਤੀ।

ਧਰਨਾਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦ ਤੋਂ ਜਲਦ ਇਸ ਕੂੜਾ-ਕਰਕਟ ਡੰਪ ਨੂੰ ਬੰਦ ਨਾ ਕੀਤਾ ਗਿਆ ਤਾਂ ਵਿਰੋਧ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਸਿੱਧੀ ਤੌਰ ‘ਤੇ ਪ੍ਰਸ਼ਾਸਨ ਦੀ ਹੋਵੇਗੀ।

Jan. 11, 2026 4:42 p.m. 10
#World News #ਜਨ ਪੰਜਾਬ #ਪੰਜਾਬ ਖ਼ਬਰਾਂ #latest news punjab #jan punjab news
Watch Special Video
Sponsored
Trending News