YPSF Free UPSC Coaching : ਯੰਗ ਪ੍ਰੋਗਰੈਸਿਵ ਸਿੱਖ ਫੋਰਮ ਵੱਲੋਂ UPSC ਅਤੇ PCS ਲਈ ਮੁਫ਼ਤ ਕੋਚਿੰਗ ਦੀ ਰਜਿਸਟ੍ਰੇਸ਼ਨ ਸ਼ੁਰੂ

YPSF Free UPSC Coaching : ਯੰਗ ਪ੍ਰੋਗਰੈਸਿਵ ਸਿੱਖ ਫੋਰਮ ਵੱਲੋਂ UPSC ਅਤੇ PCS ਲਈ ਮੁਫ਼ਤ ਕੋਚਿੰਗ ਦੀ ਰਜਿਸਟ੍ਰੇਸ਼ਨ ਸ਼ੁਰੂ

Post by : Jan Punjab Bureau

May 21, 2026 6:30 p.m. 235

YPSF Free UPSC Coaching : ਸਿੱਖਿਆ ਦੇ ਖੇਤਰ ਵਿੱਚ ਲੰਬੇ ਸਮੇਂ ਤੋਂ ਨਿਸ਼ਕਾਮ ਸੇਵਾਵਾਂ ਨਿਭਾ ਰਹੀ ਪ੍ਰਮੁੱਖ ਸੰਸਥਾ ਯੰਗ ਪ੍ਰੋਗਰੈਸਿਵ ਸਿੱਖ ਫੋਰਮ (YPSF) ਵੱਲੋਂ UPSC ਅਤੇ PCS ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਇੱਕ ਵੱਡਾ ਅਤੇ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ। ਸੰਸਥਾ ਨੇ ਨਵੇਂ ਸੈਸ਼ਨ ਲਈ ਮੁਫ਼ਤ ਕੋਚਿੰਗ ਬੈਚਾਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਚੰਡੀਗੜ੍ਹ ਵਿੱਚ ਚਲਾਏ ਜਾ ਰਹੇ ਇਸ ਪ੍ਰੋਜੈਕਟ ਤਹਿਤ ਚੁਣੇ ਗਏ ਵਿਦਿਆਰਥੀਆਂ ਨੂੰ UPSC ਅਤੇ PCS ਦੀ ਉੱਚ ਪੱਧਰੀ ਕੋਚਿੰਗ ਦੇ ਨਾਲ-ਨਾਲ ਰਹਿਣ, ਖਾਣ-ਪੀਣ, ਡਰੈੱਸ ਅਤੇ ਹੋਰ ਲੋੜੀਂਦੀਆਂ ਸੁਵਿਧਾਵਾਂ ਵੀ ਬਿਲਕੁਲ ਮੁਫ਼ਤ ਮੁਹੱਈਆ ਕਰਵਾਈਆਂ ਜਾਣਗੀਆਂ।

ਸੰਸਥਾ ਦੇ ਪ੍ਰਧਾਨ ਡਾ. ਪ੍ਰਭਲੀਨ ਸਿੰਘ ਨੇ ਦੱਸਿਆ ਕਿ YPSF ਪਿਛਲੇ ਕਈ ਸਾਲਾਂ ਤੋਂ ਸਕੂਲੀ ਸਿੱਖਿਆ, ਹਾਇਰ ਐਜੂਕੇਸ਼ਨ ਅਤੇ ਖ਼ਾਸ ਤੌਰ ’ਤੇ ਰਾਗੀ, ਪਾਠੀ, ਕੀਰਤਨੀਏ ਅਤੇ ਪੁਜਾਰੀ ਸਿੰਘਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਦੌਰਾਨ ਸੰਸਥਾ ਦੇ ਬੱਚਿਆਂ ਨੇ ਕਾਬਿਲੇ-ਤਾਰੀਫ਼ ਨਤੀਜੇ ਦਿੱਤੇ ਹਨ।

ਉਨ੍ਹਾਂ ਜਾਣਕਾਰੀ ਦਿੱਤੀ ਕਿ 17 ਵਿਦਿਆਰਥੀਆਂ ਦੇ ਪਿਛਲੇ ਬੈਚ ਵਿੱਚੋਂ ਇੱਕ ਲੜਕੀ ਨੇ UPSC ਸਿਵਲ ਸੇਵਾਵਾਂ ਦੀ ਪ੍ਰੀਖਿਆ ਕਲੀਅਰ ਕੀਤੀ ਹੈ, ਜਦਕਿ ਇੱਕ ਹੋਰ ਵਿਦਿਆਰਥੀ ਇੰਟਰਵਿਊ ਤੱਕ ਪਹੁੰਚਣ ਵਿੱਚ ਕਾਮਯਾਬ ਰਿਹਾ। ਇਸ ਤੋਂ ਇਲਾਵਾ 12 ਵਿਦਿਆਰਥੀਆਂ ਨੇ State PCS ਦਾ ਪ੍ਰੀਲਿਮਸ ਪੇਪਰ ਵੀ ਪਾਸ ਕੀਤਾ ਹੈ ਅਤੇ ਹੁਣ ਉਹ ਮੇਨਜ਼ ਪ੍ਰੀਖਿਆ ਵਿੱਚ ਸ਼ਾਮਲ ਹੋਏ ਹਨ।

ਇਸ ਵਾਰ ਸੰਸਥਾ ਵੱਲੋਂ ਦੋ ਵਿਸ਼ੇਸ਼ ਬੈਚ ਸ਼ੁਰੂ ਕੀਤੇ ਜਾ ਰਹੇ ਹਨ। ਪਹਿਲਾ ਬੈਚ ਗ੍ਰੈਜੂਏਸ਼ਨ ਪਾਸ ਵਿਦਿਆਰਥੀਆਂ ਲਈ ਹੋਵੇਗਾ, ਜਦਕਿ ਦੂਜਾ ਬੈਚ 12ਵੀਂ ਪਾਸ ਵਿਦਿਆਰਥੀਆਂ ਲਈ ਹੋਵੇਗਾ, ਜਿਸ ਵਿੱਚ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਨਾਲ-ਨਾਲ UPSC ਦੀ ਤਿਆਰੀ ਵੀ ਕਰਵਾਈ ਜਾਵੇਗੀ।

ਡਾ. ਪ੍ਰਭਲੀਨ ਸਿੰਘ ਨੇ ਦੱਸਿਆ ਕਿ ਇਸ ਪ੍ਰੋਜੈਕਟ ਦਾ ਸਾਰਾ ਖ਼ਰਚਾ ਦਾਨੀ ਸੱਜਣਾਂ ਅਤੇ ਸਮਾਜਸੇਵੀਆਂ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ, ਜਿਨ੍ਹਾਂ ਵਿੱਚ ਕੰਪਾਰੀ ਗਰੁੱਪ, ਰਾਜੂ ਚੱਢਾ, ਬਾਂਗਾ ਸਾਹਿਬ ਅਤੇ ਹੋਰ ਕਈ ਪਤਵੰਤੇ ਵਿਅਕਤੀ ਸ਼ਾਮਲ ਹਨ।

ਸੰਸਥਾ ਵੱਲੋਂ ਨਵਾਂ ਕੋਚਿੰਗ ਸੈਸ਼ਨ 1 ਜੁਲਾਈ ਤੋਂ ਸ਼ੁਰੂ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਰਜਿਸਟ੍ਰੇਸ਼ਨ, ਲਿਖਤੀ ਟੈਸਟ ਅਤੇ ਇੰਟਰਵਿਊ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ।

ਚਾਹਵਾਨ ਵਿਦਿਆਰਥੀ 98729-98720 ’ਤੇ ਸੰਪਰਕ ਕਰਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਰਜਿਸਟ੍ਰੇਸ਼ਨ ਤੋਂ ਬਾਅਦ ਸੰਸਥਾ ਵੱਲੋਂ ਖੁਦ ਵਿਦਿਆਰਥੀਆਂ ਨਾਲ ਸੰਪਰਕ ਕੀਤਾ ਜਾਵੇਗਾ।

ਸੰਸਥਾ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸੁਨਹਿਰੀ ਮੌਕੇ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਮਿਹਨਤ ਰਾਹੀਂ ਆਪਣੇ ਸੁਪਨੇ ਪੂਰੇ ਕਰਕੇ ਦੇਸ਼ ਅਤੇ ਸਮਾਜ ਦਾ ਨਾਮ ਰੌਸ਼ਨ ਕਰਨ।

#ਜਨ ਪੰਜਾਬ #ਪੰਜਾਬ ਖ਼ਬਰਾਂ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਸਿੱਖਿਆ ਖੇਤਰ - ਵਿਦਿਆਈ ਉਪਲਬਧੀਆਂ अपडेट्स