ED Raid: ‘ਆਪ’ ਮੰਤਰੀ Sanjeev Arora ਦੇ ਘਰ ਛਾਪੇਮਾਰੀ ਮੁੱਕੀ, ਗੁਰੂਗ੍ਰਾਮ ਦਫ਼ਤਰਾਂ ’ਚ ਤਲਾਸ਼ੀ ਜਾਰੀ

ED Raid: ‘ਆਪ’ ਮੰਤਰੀ Sanjeev Arora ਦੇ ਘਰ ਛਾਪੇਮਾਰੀ ਮੁੱਕੀ, ਗੁਰੂਗ੍ਰਾਮ ਦਫ਼ਤਰਾਂ ’ਚ ਤਲਾਸ਼ੀ ਜਾਰੀ

Post by : Jan Punjab Bureau

April 18, 2026 2:48 p.m. 234

ਲੁਧਿਆਣਾ: ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨਾਲ ਜੁੜੀ ਈਡੀ (Enforcement Directorate) ਦੀ ਵੱਡੀ ਕਾਰਵਾਈ ਸ਼ਨੀਵਾਰ ਨੂੰ ਨਵੇਂ ਮੋੜ ’ਤੇ ਪਹੁੰਚ ਗਈ। ਲੁਧਿਆਣਾ ਸਥਿਤ ਉਨ੍ਹਾਂ ਦੇ ਘਰ ਅਤੇ ਹੋਰ ਟਿਕਾਣਿਆਂ ’ਤੇ ਚੱਲ ਰਹੀ ਛਾਪੇਮਾਰੀ ਮੁੱਕ ਚੁੱਕੀ ਹੈ, ਜਦਕਿ ਗੁਰੂਗ੍ਰਾਮ ਸਥਿਤ ਉਨ੍ਹਾਂ ਦੇ ਦਫ਼ਤਰਾਂ ਅਤੇ ਸਾਥੀਆਂ ਦੇ ਠਿਕਾਣਿਆਂ ’ਤੇ ਤਲਾਸ਼ੀ ਅਜੇ ਵੀ ਜਾਰੀ ਹੈ।

ਜਾਣਕਾਰੀ ਅਨੁਸਾਰ, ਈਡੀ ਦੀ ਟੀਮ ਸ਼ਨੀਵਾਰ ਦੁਪਹਿਰ ਕਰੀਬ 12 ਵਜੇ ਲੁਧਿਆਣਾ ਦੇ ਗੁਰਦੇਵ ਨਗਰ ਵਿਚਲੇ ਅਰੋੜਾ ਦੇ ਨਿਵਾਸ ਸਥਾਨ ਤੋਂ ਰਵਾਨਾ ਹੋ ਗਈ। ਇਹ ਛਾਪੇਮਾਰੀ ਸ਼ੁੱਕਰਵਾਰ ਸਵੇਰੇ ਕਰੀਬ 6 ਵਜੇ ਸ਼ੁਰੂ ਹੋਈ ਸੀ, ਜੋ ਲਗਾਤਾਰ ਕਈ ਘੰਟਿਆਂ ਤੱਕ ਚੱਲਦੀ ਰਹੀ।

ਇਸ ਕਾਰਵਾਈ ਦੌਰਾਨ ਈਡੀ ਨੇ ਸੰਜੀਵ ਅਰੋੜਾ, ਉਨ੍ਹਾਂ ਦੇ ਪੁੱਤਰ ਅਤੇ ਉਨ੍ਹਾਂ ਦੇ ਦੋ ਕਾਰੋਬਾਰੀ ਭਾਈਵਾਲਾਂ—ਹੇਮੰਤ ਸੂਦ ਅਤੇ ਚੰਦਰਸ਼ੇਖਰ ਅਗਰਵਾਲ—ਦੇ ਰਿਹਾਇਸ਼ੀ ਅਤੇ ਕਾਰੋਬਾਰੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਲੁਧਿਆਣਾ, ਜਲੰਧਰ, ਗੁਰੂਗ੍ਰਾਮ ਅਤੇ ਚੰਡੀਗੜ੍ਹ ਵਿੱਚ ਕੁੱਲ 13 ਥਾਵਾਂ ’ਤੇ ਇਕੱਠੇ ਛਾਪੇ ਮਾਰੇ ਗਏ।

ਸੂਤਰਾਂ ਮੁਤਾਬਕ, ਜ਼ਿਆਦਾਤਰ ਥਾਵਾਂ ’ਤੇ ਤਲਾਸ਼ੀ ਮੁਕੰਮਲ ਹੋ ਚੁੱਕੀ ਹੈ, ਪਰ ਗੁਰੂਗ੍ਰਾਮ ਵਿੱਚ ਸਥਿਤ ਦਫ਼ਤਰਾਂ ’ਚ ਈਡੀ ਦੀ ਜਾਂਚ ਹਾਲੇ ਵੀ ਜਾਰੀ ਹੈ। ਖ਼ਾਸ ਕਰਕੇ ਹੇਮੰਤ ਸੂਦ ਦੇ ਦਫ਼ਤਰਾਂ ਵਿੱਚ ਟੀਮ ਵੱਲੋਂ ਬਾਰੀਕੀ ਨਾਲ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਕਾਰਵਾਈ ਮਨੀ ਲਾਂਡਰਿੰਗ ਮਾਮਲੇ ਨਾਲ ਜੁੜੀ ਹੋ ਸਕਦੀ ਹੈ। ਇਸ ਦੌਰਾਨ ਲੁਧਿਆਣਾ ਵਿੱਚ ਕੇਂਦਰੀ ਸੁਰੱਖਿਆ ਬਲਾਂ ਦੀ ਤਾਇਨਾਤੀ ਵੀ ਕੀਤੀ ਗਈ ਸੀ, ਜੋ ਹੁਣ ਹਟਾ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਮੰਤਰੀ ਸੰਜੀਵ ਅਰੋੜਾ ਇਸ ਸਮੇਂ ‘ਇਨਵੈਸਟ ਸਮਿਟ’ ਦੇ ਸਿਲਸਿਲੇ ਵਿੱਚ ਯੂਰਪ ਦੌਰੇ ’ਤੇ ਹਨ।

ਇਸ ਵੱਡੀ ਕਾਰਵਾਈ ਨੇ ਸਿਆਸੀ ਮਾਹੌਲ ਵਿੱਚ ਚਰਚਾ ਨੂੰ ਹੋਰ ਤੇਜ਼ ਕਰ ਦਿੱਤਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ ਵਿੱਚ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।

#ਜਨ ਪੰਜਾਬ #ਪੰਜਾਬ ਖ਼ਬਰਾਂ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਰਾਜਨੀਤੀ - ਪੰਜਾਬ ਸਿਆਸਤ अपडेट्स