ਸਾਬਕਾ ਮੰਤਰੀ Bhagat Chunni Lal ਦਾ 93 ਸਾਲ ਦੀ ਉਮਰ ’ਚ ਦੇਹਾਂਤ, ਜਲੰਧਰ ’ਚ ਅੱਜ ਅੰਤਿਮ ਸੰਸਕਾਰ

ਸਾਬਕਾ ਮੰਤਰੀ Bhagat Chunni Lal ਦਾ 93 ਸਾਲ ਦੀ ਉਮਰ ’ਚ ਦੇਹਾਂਤ, ਜਲੰਧਰ ’ਚ ਅੱਜ ਅੰਤਿਮ ਸੰਸਕਾਰ

Post by : Jan Punjab Bureau

Sept. 10, 2026 11:31 a.m. 245

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਜਲੰਧਰ ਦੀ ਸਿਆਸਤ ਦੇ ਸੀਨੀਅਰ ਆਗੂ ਭਗਤ ਚੁੰਨੀ ਲਾਲ ਦਾ ਵੀਰਵਾਰ ਸਵੇਰੇ ਜਲੰਧਰ ਸਥਿਤ ਉਨ੍ਹਾਂ ਦੀ ਰਿਹਾਇਸ਼ ’ਤੇ ਦੇਹਾਂਤ ਹੋ ਗਿਆ। ਉਹ 93 ਸਾਲ ਦੇ ਸਨ। ਭਗਤ ਚੁੰਨੀ ਲਾਲ ਆਮ ਆਦਮੀ ਪਾਰਟੀ ਦੇ ਮੰਤਰੀ ਮੋਹਿੰਦਰ ਭਗਤ ਦੇ ਪਿਤਾ ਸਨ। ਉਨ੍ਹਾਂ ਦੇ ਦੇਹਾਂਤ ਨਾਲ ਜਲੰਧਰ ਦੀ ਸਿਆਸਤ ਵਿੱਚ ਲੰਬੇ ਸਮੇਂ ਤੱਕ ਸਰਗਰਮ ਰਹੇ ਇੱਕ ਸੀਨੀਅਰ ਆਗੂ ਦਾ ਸਫ਼ਰ ਸਮਾਪਤ ਹੋ ਗਿਆ।

ਜਲੰਧਰ ਵਿੱਚ ਹੋਵੇਗਾ ਅੰਤਿਮ ਸੰਸਕਾਰ

ਭਗਤ ਚੁੰਨੀ ਲਾਲ ਦਾ ਅੰਤਿਮ ਸੰਸਕਾਰ ਵੀਰਵਾਰ ਸ਼ਾਮ ਕਰੀਬ 5 ਵਜੇ ਬਸਤੀ ਸ਼ੇਖ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਪੰਜਾਬ ਸਰਕਾਰ ਨੇ ਵੀ ਉਨ੍ਹਾਂ ਦੇ ਸਨਮਾਨ ਵਿੱਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਹੈ। ਉਨ੍ਹਾਂ ਦੇ ਪਰਿਵਾਰ ਵਿੱਚ ਚਾਰ ਪੁੱਤਰ ਅਤੇ ਚਾਰ ਧੀਆਂ ਹਨ।

Bhagat Chunni Lal ਦਾ ਸਿਆਸੀ ਸਫ਼ਰ

ਭਗਤ ਚੁੰਨੀ ਲਾਲ ਦਾ ਜਨਮ 1 ਦਸੰਬਰ 1932 ਨੂੰ ਸਿਆਲਕੋਟ ਵਿੱਚ ਹੋਇਆ ਸੀ, ਜੋ ਹੁਣ ਪਾਕਿਸਤਾਨ ਵਿੱਚ ਹੈ। ਦੇਸ਼ ਦੀ ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਜਲੰਧਰ ਆ ਵੱਸਿਆ। ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਉਹ ਸਪੋਰਟਸ ਗੁੱਡਜ਼ ਦੇ ਐਕਸਪੋਰਟ ਕਾਰੋਬਾਰ ਨਾਲ ਵੀ ਜੁੜੇ ਰਹੇ।

ਉਨ੍ਹਾਂ ਨੇ 1985 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਲੰਧਰ ਸਾਊਥ ਤੋਂ ਆਜ਼ਾਦ ਉਮੀਦਵਾਰ ਵਜੋਂ ਆਪਣੀ ਪਹਿਲੀ ਚੋਣ ਲੜੀ ਸੀ, ਪਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ।

1997 ਵਿੱਚ ਉਨ੍ਹਾਂ ਨੇ ਜਲੰਧਰ ਸਾਊਥ ਸੀਟ ਤੋਂ ਪਹਿਲੀ ਵਾਰ ਜਿੱਤ ਦਰਜ ਕਰਕੇ ਪੰਜਾਬ ਵਿਧਾਨ ਸਭਾ ਵਿੱਚ ਕਦਮ ਰੱਖਿਆ। 2007 ਵਿੱਚ ਉਹ ਮੁੜ ਇਸੇ ਹਲਕੇ ਤੋਂ ਵਿਧਾਇਕ ਚੁਣੇ ਗਏ। ਹੱਦਬੰਦੀ ਤੋਂ ਬਾਅਦ ਜਲੰਧਰ ਸਾਊਥ ਹਲਕੇ ਦਾ ਨਾਂ ਜਲੰਧਰ ਵੈਸਟ ਹੋ ਗਿਆ। 2012 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਭਾਜਪਾ ਦੀ ਟਿਕਟ ’ਤੇ ਜਲੰਧਰ ਵੈਸਟ ਤੋਂ ਚੋਣ ਲੜੀ ਅਤੇ ਜਿੱਤ ਹਾਸਲ ਕੀਤੀ।

Read Also: Punjab Power Crisis: ਵਧਦੀ ਮੰਗ ਵਿਚਕਾਰ ਕੋਲੇ ਦਾ ਘਟਦਾ ਸਟਾਕ, ਥਰਮਲ ਪਲਾਂਟਾਂ ’ਤੇ ਵਧਿਆ ਦਬਾਅ

ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਰਹੇ

ਭਗਤ ਚੁੰਨੀ ਲਾਲ ਨੇ ਆਪਣੇ ਸਿਆਸੀ ਜੀਵਨ ਦੌਰਾਨ ਕਈ ਅਹਿਮ ਅਹੁਦੇ ਸੰਭਾਲੇ। 2011 ਵਿੱਚ ਸਤਪਾਲ ਗੋਸਾਈਂ ਦੇ ਅਸਤੀਫ਼ੇ ਤੋਂ ਬਾਅਦ ਉਹ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਚੁਣੇ ਗਏ।

2012 ਤੋਂ 2017 ਤੱਕ ਉਹ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਰਹੇ। ਇਸ ਦੌਰਾਨ ਉਨ੍ਹਾਂ ਕੋਲ ਸਥਾਨਕ ਸਰਕਾਰਾਂ, ਮੈਡੀਕਲ, ਸਿੱਖਿਆ ਤੇ ਖੋਜ, ਕਿਰਤ ਅਤੇ ਜੰਗਲਾਤ ਤੇ ਜੰਗਲੀ ਜੀਵ ਵਰਗੇ ਵਿਭਾਗ ਰਹੇ। ਉਹ 2012 ਤੋਂ 2017 ਤੱਕ ਪੰਜਾਬ ਵਿਧਾਨ ਸਭਾ ਵਿੱਚ ਭਾਜਪਾ ਵਿਧਾਇਕ ਦਲ ਦੇ ਆਗੂ ਵੀ ਰਹੇ।

2017 ਵਿੱਚ ਸਰਗਰਮ ਸਿਆਸਤ ਤੋਂ ਹੋਏ ਦੂਰ

2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਗਤ ਚੁੰਨੀ ਲਾਲ ਨੇ ਚੋਣ ਨਾ ਲੜਨ ਦਾ ਫ਼ੈਸਲਾ ਕੀਤਾ ਅਤੇ ਸਰਗਰਮ ਸਿਆਸਤ ਤੋਂ ਦੂਰੀ ਬਣਾ ਲਈ। ਇਸ ਤੋਂ ਬਾਅਦ ਵੀ ਜਲੰਧਰ ਦੀ ਸਿਆਸਤ ਵਿੱਚ ਉਨ੍ਹਾਂ ਦੀ ਪਛਾਣ ਇੱਕ ਤਜਰਬੇਕਾਰ ਅਤੇ ਪ੍ਰਭਾਵਸ਼ਾਲੀ ਆਗੂ ਵਜੋਂ ਬਣੀ ਰਹੀ।

ਭਗਤ ਚੁੰਨੀ ਲਾਲ ਦੇ ਦੇਹਾਂਤ ਨਾਲ ਜਲੰਧਰ ਵੈਸਟ ਦੀ ਸਿਆਸਤ ਨਾਲ ਜੁੜੇ ਇੱਕ ਅਜਿਹੇ ਆਗੂ ਦਾ ਅੰਤ ਹੋਇਆ ਜਿਸ ਨੇ ਕਈ ਦਹਾਕਿਆਂ ਤੱਕ ਇਲਾਕੇ ਦੀ ਰਾਜਨੀਤੀ ਵਿੱਚ ਆਪਣੀ ਮੌਜੂਦਗੀ ਦਰਜ ਕਰਵਾਈ। ਉਨ੍ਹਾਂ ਦਾ ਸਿਆਸੀ ਸਫ਼ਰ 1985 ਵਿੱਚ ਸ਼ੁਰੂ ਹੋਇਆ ਅਤੇ 2017 ਵਿੱਚ ਸਰਗਰਮ ਰਾਜਨੀਤੀ ਤੋਂ ਸੰਨਿਆਸ ਲੈਣ ਤੱਕ ਜਾਰੀ ਰਿਹਾ।

#World News #ਜਨ ਪੰਜਾਬ #ਪੰਜਾਬ ਖ਼ਬਰਾਂ #ਰਾਜਨੀਤੀ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਦੇਸ਼ - ਰਾਜਨੀਤੀ अपडेट्स