ਜ਼ੀਰਾ ਵਿੱਚ ਪੱਤਰਕਾਰਾਂ ਦਾ ਸਰਕਾਰ ਖ਼ਿਲਾਫ਼ ਜ਼ਬਰਦਸਤ ਪ੍ਰਦਰਸ਼ਨ, ਨਜਾਇਜ਼ ਪਰਚਿਆਂ ਦੇ ਵਿਰੋਧ ‘ਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ

Author : Harnam Singh

ਜ਼ੀਰਾ: ਪੰਜਾਬ ਸਰਕਾਰ ਦੇ ਹੈਲੀਕਾਪਟਰ ਦੀ ਵਰਤੋਂ ਨੂੰ ਲੈ ਕੇ ਸਵਾਲ ਉਠਾਉਣ ‘ਤੇ ਪੱਤਰਕਾਰਾਂ ਦੇ ਖ਼ਿਲਾਫ਼ ਦਰਜ ਕੀਤੇ ਗਏ ਨਜਾਇਜ਼ ਪਰਚਿਆਂ ਦੇ ਰੋਸ ਵਜੋਂ ਜ਼ੀਰਾ ਦੇ ਪੱਤਰਕਾਰ ਭਾਈਚਾਰੇ ਵੱਲੋਂ ਅੱਜ ਸਥਾਨਕ ਸ਼ਹਿਰ ਦੇ ਸ਼ੇਰਾਂ ਵਾਲਾ ਚੌਂਕ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।

ਇਸ ਪ੍ਰਦਰਸ਼ਨ ਦੌਰਾਨ ਪੱਤਰਕਾਰ ਮਿੰਟੂ ਗੁਰੂਸਰੀਆ ਸਮੇਤ 10 ਪੱਤਰਕਾਰਾਂ ‘ਤੇ ਦਰਜ ਕੀਤੇ ਗਏ ਪਰਚਿਆਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਦੀ ਕੀਤੀ ਗਈ। ਪੱਤਰਕਾਰਾਂ ਨੇ ਕਿਹਾ ਕਿ ਸਰਕਾਰ ਵੱਲੋਂ ਸੱਚ ਬੋਲਣ ਵਾਲੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਲੋਕਤੰਤਰ ਲਈ ਗੰਭੀਰ ਖ਼ਤਰਾ ਹੈ।

ਇਸ ਮੌਕੇ ਪ੍ਰੈਸ ਯੂਨੀਅਨ ਜ਼ੀਰਾ ਦੇ ਪ੍ਰਧਾਨ ਸਤੀਸ਼ ਵਿੱਜ, ਸੈਕਟਰੀ ਰਜਨੀਸ਼ ਕਥੂਰੀਆ ਅਤੇ ਚੇਅਰਮੈਨ ਧਰਮਪਾਲ ਸਚਦੇਵਾ ਨੇ ਸਾਂਝੇ ਤੌਰ ‘ਤੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਖੁਦ ਸੰਘਰਸ਼ ਕਰ ਰਹੇ ਸਨ, ਉਸ ਸਮੇਂ ਉਹ ਪੱਤਰਕਾਰਾਂ ਨੂੰ ਸੱਤਾ ‘ਚ ਬੈਠੇ ਮੰਤਰੀਆਂ ਤੋਂ ਸਵਾਲ ਪੁੱਛਣ ਲਈ ਪ੍ਰੇਰਿਤ ਕਰਦੇ ਸਨ, ਪਰ ਅੱਜ ਜਦੋਂ ਪੱਤਰਕਾਰ ਸਰਕਾਰ ਤੋਂ ਸਵਾਲ ਕਰ ਰਹੇ ਹਨ ਤਾਂ ਉਨ੍ਹਾਂ ‘ਤੇ ਨਜਾਇਜ਼ ਪਰਚੇ ਦਰਜ ਕੀਤੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਇਹ ਕਾਰਵਾਈ ਪੱਤਰਕਾਰਿਤਾ ਦੀ ਆਜ਼ਾਦੀ ‘ਤੇ ਸਿੱਧਾ ਹਮਲਾ ਹੈ ਅਤੇ ਇਸਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਪ੍ਰੈਸ ਯੂਨੀਅਨ ਜ਼ੀਰਾ ਦੇ ਪ੍ਰਧਾਨ ਸਤੀਸ਼ ਵਿੱਜ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੱਤਰਕਾਰਾਂ ਦੇ ਖ਼ਿਲਾਫ਼ ਦਰਜ ਕੀਤੇ ਗਏ ਇਹ ਪਰਚੇ ਤੁਰੰਤ ਰੱਦ ਨਾ ਕੀਤੇ ਗਏ ਤਾਂ ਪੀੜਤ ਪੱਤਰਕਾਰਾਂ ਵੱਲੋਂ ਐਲਾਨੇ ਗਏ ਸੰਘਰਸ਼ ਪ੍ਰੋਗਰਾਮਾਂ ਨੂੰ ਪੂਰੇ ਜ਼ੋਰ ਨਾਲ ਸਹਿਯੋਗ ਦਿੱਤਾ ਜਾਵੇਗਾ।

ਇਸ ਪ੍ਰਦਰਸ਼ਨ ਵਿੱਚ ਰਜਨੀਸ਼ ਕਥੂਰੀਆ, ਧਰਮਪਾਲ ਸਚਦੇਵਾ, ਹਰਨਾਮ ਸਿੰਘ ਅਤੇ ਸਤੀਸ਼ ਵਿੱਜ ਸਮੇਤ ਕਈ ਹੋਰ ਪੱਤਰਕਾਰ ਹਾਜ਼ਰ ਰਹੇ।

Jan. 4, 2026 4:39 p.m. 17
#ਜਨ ਪੰਜਾਬ #ਪੰਜਾਬ ਖ਼ਬਰਾਂ #ਰਾਜਨੀਤੀ #latest news punjab #jan punjab news
Watch Special Video
Sponsored
Trending News