ਵਧੀਕ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ- 2026 ਦੀਆਂ ਚੋਣਾਂ ਸਬੰਧੀ ਰੀਵਿਊ ਮੀਟਿੰਗ

ਵਧੀਕ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ- 2026 ਦੀਆਂ ਚੋਣਾਂ ਸਬੰਧੀ  ਰੀਵਿਊ ਮੀਟਿੰਗ

Author : Sonu Samyal

March 17, 2026 5:25 p.m. 109

ਗੁਰਦਾਸਪੁਰ, 17 ਮਾਰਚ — ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ-2026 ਦੀਆਂ ਚੋਣਾਂ ਨੂੰ ਲੈ ਕੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਦੇ ਕਾਨਫਰੰਸ ਹਾਲ ਵਿੱਚ ਇਕ ਮਹੱਤਵਪੂਰਨ ਰੀਵਿਊ ਮੀਟਿੰਗ ਆਯੋਜਿਤ ਕੀਤੀ ਗਈ। ਇਹ ਮੀਟਿੰਗ ਗੁਰਸਿਮਰਨ ਸਿੰਘ ਢਿੱਲੋਂ (ਵਧੀਕ ਡਿਪਟੀ ਕਮਿਸ਼ਨਰ-ਕਮ-ਨੋਡਲ ਅਫਸਰ) ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ।

ਮੀਟਿੰਗ ਵਿੱਚ ਸੁਪਰਵਾਈਜ਼ਰਾਂ, ਪੋਲਿੰਗ ਅਫਸਰਾਂ ਅਤੇ ਹੋਰ ਚੋਣ ਅਧਿਕਾਰੀਆਂ ਨੂੰ ਚੋਣ ਪ੍ਰਕਿਰਿਆ ਦੇ ਹਰ ਪੱਖ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਇਸ ਮੌਕੇ ਚੋਣ ਤਹਿਸੀਲਦਾਰ ਮਨਜਿੰਦਰ ਸਿੰਘ, ਤਹਿਸੀਲਦਾਰ ਅਰਜਨ ਸਿੰਘ ਗਰੇਵਾਲ, ਡੀਐੱਸਪੀ ਬੀ.ਐੱਸ ਔਲਖ, ਤੇਜਿੰਦਰ ਸਿੰਘ, ਨਾਇਬ ਤਹਿਸੀਲਦਾਰ ਨਿਤਿਨ ਸਹੋਤਾ ਅਤੇ ਗੁਰਪ੍ਰੀਤ ਸਿੰਘ, ਚੋਣ ਕਾਨੂੰਗੋ ਸੁਨੀਲ ਕੁਮਾਰ, ਰਣਜੀਤ ਸਿੰਘ ਬੁੱਟਰ, ਸਤਿੰਦਰ ਸਿੰਘ ਅਤੇ ਜਸਬੀਰ ਸਿੰਘ ਸਮੇਤ ਹੋਰ ਅਧਿਕਾਰੀ ਅਤੇ ਸਟਾਫ ਹਾਜ਼ਰ ਰਹੇ।

ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਾਣਯੋਗ ਮੁੱਖ ਚੋਣ ਅਫ਼ਸਰ ਪੰਜਾਬ ਅਤੇ ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਗੁਰਦਾਸਪੁਰ ਵਿੱਚ ਬਾਰ ਕੌਂਸਲ ਚੋਣਾਂ 18 ਮਾਰਚ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕਰਵਾਈਆਂ ਜਾਣਗੀਆਂ। ਉਨ੍ਹਾਂ ਨੇ ਦੱਸਿਆ ਕਿ ਇਹ ਚੋਣਾਂ ਰਾਜ ਪੱਧਰੀ ਰਿਟਰਨਿੰਗ ਅਫ਼ਸਰ ਜਸਟਿਸ ਜੈਸ੍ਰੀ ਠਾਕੁਰ ਵੱਲੋਂ ਨਿਰਧਾਰਤ ਪੋਲਿੰਗ ਬੂਥਾਂ ’ਤੇ ਕਰਵਾਈਆਂ ਜਾਣਗੀਆਂ ਅਤੇ ਜਾਰੀ ਕੀਤੀਆਂ ਗਾਈਡਲਾਈਨਜ਼ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਗੀ।

ਉਨ੍ਹਾਂ ਪੋਲਿੰਗ ਬੂਥਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੋਲਿੰਗ ਬੂਥ ਨੰਬਰ 1 ਜ਼ਿਲ੍ਹਾ ਕੋਰਟ ਕੰਪਲੈਕਸ ਗੁਰਦਾਸਪੁਰ ਦੀ ਪਹਿਲੀ ਮੰਜ਼ਿਲ ’ਤੇ ਸਥਿਤ ਬਾਰ ਰੂਮ ਵਿੱਚ ਬਣਾਇਆ ਗਿਆ ਹੈ, ਜਿੱਥੇ ਕੁੱਲ 456 ਵੋਟਾਂ ਦਰਜ ਹਨ। ਪੋਲਿੰਗ ਬੂਥ ਨੰਬਰ 2 ਡਾਈਨਿੰਗ ਰੂਮ, ਜ਼ਿਲ੍ਹਾ ਕੋਰਟ ਕੰਪਲੈਕਸ ਗੁਰਦਾਸਪੁਰ ਵਿੱਚ ਬਣਾਇਆ ਗਿਆ ਹੈ, ਜਿੱਥੇ 474 ਵੋਟਾਂ ਹਨ। ਇਸ ਤੋਂ ਇਲਾਵਾ ਬਟਾਲਾ ਦੇ ਕੋਰਟ ਕੰਪਲੈਕਸ ਦੇ ਬਾਰ ਰੂਮ ਵਿੱਚ ਵੀ ਪੋਲਿੰਗ ਬੂਥ ਸਥਾਪਿਤ ਕੀਤਾ ਗਿਆ ਹੈ, ਜਿੱਥੇ ਕੁੱਲ 315 ਵੋਟਾਂ ਹਨ।

ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਪੂਰੇ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਯੋਗ ਪ੍ਰਬੰਧ ਕੀਤੇ ਗਏ ਹਨ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਰੇ ਪੋਲਿੰਗ ਬੂਥਾਂ ’ਤੇ ਵੀਡੀਓਗ੍ਰਾਫੀ ਕੀਤੀ ਜਾਵੇਗੀ ਅਤੇ ਪਾਰਦਰਸ਼ੀ ਚੋਣ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਮਾਈਕਰੋ ਆਬਜ਼ਰਵਰ ਵੀ ਤਾਇਨਾਤ ਕੀਤੇ ਗਏ ਹਨ, ਜੋ ਸਿੱਧੇ ਤੌਰ ’ਤੇ ਰਿਟਰਨਿੰਗ ਅਫ਼ਸਰ ਅਤੇ ਹਾਈ ਪਾਵਰ ਇਲੈਕਸ਼ਨ ਕਮੇਟੀ ਦੀ ਦੇਖ-ਰੇਖ ਹੇਠ ਆਪਣੀ ਡਿਊਟੀ ਨਿਭਾਉਣਗੇ।

ਉਨ੍ਹਾਂ ਵੋਟਿੰਗ ਲਈ ਲਾਜ਼ਮੀ ਦਸਤਾਵੇਜ਼ਾਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਸਿਰਫ ਉਹੀ ਵੋਟਰ ਵੋਟ ਪਾ ਸਕਣਗੇ ਜਿਨ੍ਹਾਂ ਕੋਲ ਫੋਟੋ ਸਮੇਤ ਪੰਜ ਵਿੱਚੋਂ ਕੋਈ ਇੱਕ ਮਾਨਤਾ ਪ੍ਰਾਪਤ ਦਸਤਾਵੇਜ਼ ਹੋਵੇ। ਇਨ੍ਹਾਂ ਵਿੱਚ ਬਾਰ ਕੌਂਸਲ ਦਾ ਆਈਡੀ ਕਾਰਡ, ਐਨਰੋਲਮੈਂਟ ਸਰਟੀਫਿਕੇਟ, ਡਰਾਈਵਿੰਗ ਲਾਈਸੈਂਸ, ਪਾਸਪੋਰਟ ਅਤੇ ਵੋਟਰ ਫੋਟੋ ਆਈਡੀ ਕਾਰਡ ਸ਼ਾਮਲ ਹਨ।

ਸੁਰੱਖਿਆ ਪ੍ਰਬੰਧਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਪੋਲਿੰਗ ਸਟੇਸ਼ਨਾਂ ਦੇ 100 ਮੀਟਰ ਦੇ ਘੇਰੇ ਵਿੱਚ ਪੁਲਿਸ ਵੱਲੋਂ ਕੜੀ ਨਿਗਰਾਨੀ ਅਤੇ ਸੁਰੱਖਿਆ ਯਕੀਨੀ ਬਣਾਈ ਜਾਵੇਗੀ, ਤਾਂ ਜੋ ਚੋਣਾਂ ਸ਼ਾਂਤੀਪੂਰਵਕ ਅਤੇ ਨਿਰਪੱਖ ਢੰਗ ਨਾਲ ਸੰਪੰਨ ਹੋ ਸਕਣ।

ਉਨ੍ਹਾਂ ਹੋਰ ਦੱਸਿਆ ਕਿ ਵੋਟਿੰਗ ਸਮਾਪਤ ਹੋਣ ਉਪਰੰਤ ਬੈਲਟ ਬਕਸਿਆਂ ਅਤੇ ਹੋਰ ਚੋਣ ਸਮੱਗਰੀ ਨੂੰ ਉਸੇ ਦਿਨ, 18 ਮਾਰਚ ਨੂੰ ਹੀ ਪੁਲਿਸ ਗਾਰਦ ਦੀ ਸੁਰੱਖਿਆ ਹੇਠ ਪੰਜਾਬ ਐਂਡ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਿਖੇ ਭੇਜਿਆ ਜਾਵੇਗਾ, ਜਿੱਥੇ ਗਿਣਤੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ।

ਮੀਟਿੰਗ ਦੇ ਅੰਤ ਵਿੱਚ ਵਧੀਕ ਡਿਪਟੀ ਕਮਿਸ਼ਨਰ ਨੇ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਅਤੇ ਵਕੀਲ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਚੋਣ ਪ੍ਰਕਿਰਿਆ ਦੌਰਾਨ ਅਨੁਸ਼ਾਸਨ ਬਣਾਈ ਰੱਖਣ ਅਤੇ ਲੋਕਤੰਤਰਿਕ ਮਰਿਆਦਾ ਦੀ ਪਾਲਣਾ ਕਰਦਿਆਂ 18 ਮਾਰਚ ਨੂੰ ਆਪਣੇ ਵੋਟ ਦੇ ਅਧਿਕਾਰ ਦਾ ਜ਼ਰੂਰ ਇਸਤੇਮਾਲ ਕਰਨ।

#World News #ਜਨ ਪੰਜਾਬ #ਪੰਜਾਬ ਖ਼ਬਰਾਂ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਰਾਜਨੀਤੀ - ਪੰਜਾਬ ਸਿਆਸਤ अपडेट्स