328 ਸਰੂਪ ਮਾਮਲੇ ‘ਤੇ ਅਕਾਲੀ ਦਲ ਦਾ ਹਮਲਾ | ਸਮਰਾਲਾ ‘ਚ ਪ੍ਰੈਸ ਕਾਨਫਰੰਸ | ਮਾਨ ਸਰਕਾਰ ‘ਤੇ ਗੰਭੀਰ ਦੋਸ਼

Author : Anurag Sandal

ਸਮਰਾਲਾ ਵਿਖੇ 328 ਸਰੂਪਾਂ ਦੇ ਮਾਮਲੇ ਨੂੰ ਲੈ ਕੇ ਅਕਾਲੀ ਦਲ ਦੀ ਪ੍ਰੈਸ ਕਾਨਫਰੰਸ, ਪੰਜਾਬ ਸਰਕਾਰ ਵੱਲੋਂ ਬਣਾਈ ਗਈ ਸਿੱਟ ਦੀ ਕੜੀ ਨਿੰਦਾ

ਸ਼੍ਰੋਮਣੀ ਅਕਾਲੀ ਦਲ ਵੱਲੋਂ ਸਮਰਾਲਾ ਵਿਖੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋ ਦੇ ਘਰ 328 ਸਰੂਪਾਂ ਦੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਸਿੱਟ ਦੇ ਖ਼ਿਲਾਫ਼ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਪ੍ਰੈਸ ਕਾਨਫਰੰਸ ਵਿੱਚ ਚਾਰ ਹਲਕਿਆਂ ਦੇ ਇੰਚਾਰਜਾਂ ਅਤੇ ਇਲਾਕੇ ਦੇ ਜਥੇਦਾਰਾਂ ਨੇ ਸ਼ਮੂਲੀਅਤ ਕੀਤੀ।

ਪ੍ਰੈਸ ਕਾਨਫਰੰਸ ਦੌਰਾਨ ਸਮਰਾਲਾ ਤੋਂ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋ, ਖੰਨਾ ਤੋਂ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਜਾਦੂ, ਸਾਹਨੇਵਾਲ ਤੋਂ ਹਲਕਾ ਇੰਚਾਰਜ ਅਤੇ ਸਾਬਕਾ ਮੰਤਰੀ ਪੰਜਾਬ ਸ਼ਰਨਜੀਤ ਸਿੰਘ ਢਿੱਲੋ ਅਤੇ ਪਾਇਲ ਤੋਂ ਹਲਕਾ ਇੰਚਾਰਜ ਮਨਜੀਤ ਸਿੰਘ ਮਦਲੀਪੁਰ ਹਾਜ਼ਰ ਰਹੇ। ਇਸ ਮੌਕੇ ਪੰਜਾਬ ਸਰਕਾਰ ਵੱਲੋਂ 328 ਸਰੂਪਾਂ ਦੇ ਮਾਮਲੇ ਨੂੰ ਲੈ ਕੇ ਬਣਾਈ ਗਈ ਸਿੱਟ ਦੀ ਕੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ।

ਇਸ ਦੌਰਾਨ ਸਾਬਕਾ ਮੰਤਰੀ ਪੰਜਾਬ ਸ਼ਰਨਜੀਤ ਸਿੰਘ ਢਿੱਲੋ ਨੇ ਪੰਜਾਬ ਦੀ ਮਾਨ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਇਹ ਸਰਕਾਰ ਸਿੱਖ ਵਿਰੋਧੀ ਸੋਚ ਰੱਖਦੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚ ਰਹੀ ਹੈ।

ਸ਼ਰਨਜੀਤ ਸਿੰਘ ਢਿੱਲੋ ਨੇ ਕਿਹਾ ਕਿ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਸ਼ੀ ਮਾਰਲੇ ਵੱਲੋਂ ਵਿਧਾਨ ਸਭਾ ਵਿੱਚ ਗੁਰੂ ਸਾਹਿਬਾਨ ਬਾਰੇ ਅਪ ਸ਼ਬਦ ਬੋਲੇ ਗਏ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੀ ਮਾਨ ਸਰਕਾਰ ਵੱਲੋਂ ਉਸ ਵੀਡੀਓ ਨੂੰ AI ਨਾਲ ਬਣਾਇਆ ਹੋਇਆ ਦੱਸ ਕੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਵੱਲੋਂ ਇਸ ਗੰਭੀਰ ਮੁੱਦੇ ਨੂੰ ਭੁਲਾਇਆ ਜਾ ਰਿਹਾ ਹੈ, ਜਦਕਿ 328 ਸਰੂਪਾਂ ਦੇ ਮਾਮਲੇ ਨੂੰ ਬੜੇ ਜ਼ੋਰ-ਸ਼ੋਰ ਨਾਲ ਉਠਾ ਕੇ ਰਾਜਨੀਤਿਕ ਲਾਭ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਕਾਲੀ ਆਗੂਆਂ ਨੇ ਕਿਹਾ ਕਿ ਸਿੱਖ ਭਾਵਨਾਵਾਂ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਮਾਮਲੇ ‘ਤੇ ਸੱਚ ਸਾਹਮਣੇ ਲਿਆਉਣ ਲਈ ਸੰਘਰਸ਼ ਜਾਰੀ ਰਹੇਗਾ।

Jan. 13, 2026 5:27 p.m. 106
#World News #ਜਨ ਪੰਜਾਬ #ਪੰਜਾਬ ਖ਼ਬਰਾਂ
Watch Special Video
Sponsored
Trending News