ਬੀ.ਐਸ.ਐਫ ਬ੍ਰਾਸ ਬੈਂਡ ਦੀ ਵੰਦੇ ਮਾਤਰਮ ਪੇਸ਼ਕਾਰੀ ਨਾਲ ਗੁਰਦਾਸਪੁਰ ‘ਚ ਦੇਸ਼ ਭਗਤੀ ਦਾ ਜਜ਼ਬਾ ਉਭਰਿਆ

ਬੀ.ਐਸ.ਐਫ ਬ੍ਰਾਸ ਬੈਂਡ ਦੀ ਵੰਦੇ ਮਾਤਰਮ ਪੇਸ਼ਕਾਰੀ ਨਾਲ ਗੁਰਦਾਸਪੁਰ ‘ਚ ਦੇਸ਼ ਭਗਤੀ ਦਾ ਜਜ਼ਬਾ ਉਭਰਿਆ

Author : Sonu Samyal

Jan. 24, 2026 10:07 a.m. 115

ਗੁਰਦਾਸਪੁਰ:- ਡਿਪਟੀ ਕਮਿਸ਼ਨਰ, ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅੱਜ ਸੀਮਾ ਸੁਰੱਖਿਆ ਬਲ (ਬੀ.ਐਸ.ਐਫ) ਵੱਲੋਂ ਇੱਕ ਵਿਸ਼ੇਸ਼ ਦੇਸ਼ ਭਗਤੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੌਰਾਨ ਬੀ.ਐਸ.ਐਫ ਬ੍ਰਾਸ ਬੈਂਡ ਵੱਲੋਂ ਰਾਸ਼ਟਰੀ ਗੀਤ “ਵੰਦੇ ਮਾਤਰਮ” ਦੀ ਸ਼ਾਨਦਾਰ ਅਤੇ ਪ੍ਰਭਾਵਸ਼ਾਲੀ ਪੇਸ਼ਕਾਰੀ ਕੀਤੀ ਗਈ, ਜਿਸ ਨੇ ਮੌਜੂਦ ਸਾਰੇ ਦਰਸ਼ਕਾਂ ਨੂੰ ਦੇਸ਼ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ।

ਇਸ ਪ੍ਰੋਗਰਾਮ ਵਿੱਚ ਸ਼੍ਰੀ ਆਦਿਤਿਆ ਗੁਪਤਾ, ਸਹਾਇਕ ਕਮਿਸ਼ਨਰ (ਜ) ਗੁਰਦਾਸਪੁਰ ਵਲੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਗਈ। ਉਨ੍ਹਾਂ ਦੇ ਨਾਲ ਐਸ.ਡੀ.ਐਮ ਗੁਰਦਾਸਪੁਰ ਸ੍ਰੀਮਤੀ ਅਨੁਪ੍ਰੀਤ ਕੌਰ, ਡੀ.ਐਸ.ਪੀ ਬਟਾਲਾ, ਡਿਪਟੀ ਕਮਿਸ਼ਨਰ ਦਫ਼ਤਰ ਦੇ ਅਧਿਕਾਰੀ ਅਤੇ ਕਰਮਚਾਰੀ, ਪੁਲਿਸ ਵਿਭਾਗ ਦੇ ਲਗਭਗ 60 ਕਰਮਚਾਰੀ, 25 ਨਾਗਰਿਕ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰ ਵਿਭਾਗਾਂ ਦੇ 11 ਕਰਮਚਾਰੀ ਵੀ ਇਸ ਸਮਾਗਮ ਵਿੱਚ ਹਾਜ਼ਰ ਰਹੇ। ਬੀ.ਐਸ.ਐਫ ਵੱਲੋਂ 3 ਅਧਿਕਾਰੀ ਅਤੇ 23 ਕਰਮਚਾਰੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ।

ਬੀ.ਐਸ.ਐਫ ਬ੍ਰਾਸ ਬੈਂਡ ਦੀ 24 ਜਵਾਨਾਂ ਦੀ ਟੀਮ ਨੇ “ਵੰਦੇ ਮਾਤਰਮ” ਸਮੇਤ ਵੱਖ-ਵੱਖ ਦੇਸ਼ ਭਗਤੀ ਗੀਤਾਂ ਦੀ ਰੂਹਾਨੀ ਅਤੇ ਪ੍ਰੇਰਨਾਦਾਇਕ ਪੇਸ਼ਕਾਰੀ ਕੀਤੀ। ਬੈਂਡ ਦੀ ਧੁਨ ਨਾਲ ਪੂਰਾ ਪ੍ਰੰਗਣ ਦੇਸ਼ ਭਗਤੀ, ਰਾਸ਼ਟਰੀ ਮਾਣ ਅਤੇ ਏਕਤਾ ਦੇ ਜਜ਼ਬੇ ਨਾਲ ਗੂੰਜ ਉਠਿਆ। ਮੌਜੂਦ ਲੋਕਾਂ ਨੇ ਪੇਸ਼ਕਾਰੀ ਦੌਰਾਨ ਖੜ੍ਹੇ ਹੋ ਕੇ ਤਾਲੀਆਂ ਵੱਜਾ ਕੇ ਬੈਂਡ ਦੀ ਹੌਂਸਲਾ ਅਫ਼ਜ਼ਾਈ ਕੀਤੀ।

ਇਸ ਮੌਕੇ ਸਹਾਇਕ ਕਮਿਸ਼ਨਰ (ਜ) ਗੁਰਦਾਸਪੁਰ ਸ਼੍ਰੀ ਆਦਿਤਿਆ ਗੁਪਤਾ ਨੇ ਬੀ.ਐਸ.ਐਫ ਬ੍ਰਾਸ ਬੈਂਡ ਦੀ ਭਰਪੂਰ ਸਰਾਹਨਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਦੇਸ਼ ਭਗਤੀ ਪ੍ਰੋਗਰਾਮ ਨੌਜਵਾਨਾਂ ਵਿੱਚ ਰਾਸ਼ਟਰੀ ਚੇਤਨਾ ਪੈਦਾ ਕਰਦੇ ਹਨ ਅਤੇ ਰਾਸ਼ਟਰੀ ਏਕਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਭਗਤੀ ਦੀਆਂ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨ ਅਤੇ ਸਿਵਲ ਪ੍ਰਸ਼ਾਸਨ ਤੇ ਸੁਰੱਖਿਆ ਬਲਾਂ ਵਿਚਕਾਰ ਤਾਲਮੇਲ ਨੂੰ ਮਜ਼ਬੂਤ ਕਰਨ ਲਈ ਬੀ.ਐਸ.ਐਫ ਵੱਲੋਂ ਕੀਤਾ ਗਿਆ ਇਹ ਉਪਰਾਲਾ ਬਹੁਤ ਹੀ ਸਲਾਘਾਯੋਗ ਹੈ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਭਵਿੱਖ ਵਿੱਚ ਵੀ ਅਜਿਹੇ ਉਪਰਾਲਿਆਂ ਲਈ ਪੂਰਾ ਸਹਿਯੋਗ ਦਿੱਤਾ ਜਾਵੇਗਾ। ਇਸ ਦੌਰਾਨ ਸਹਾਇਕ ਕਮਿਸ਼ਨਰ ਨੇ ਬੀ.ਐਸ.ਐਫ ਬ੍ਰਾਸ ਬੈਂਡ ਦੀ ਟੀਮ ਨਾਲ ਮਿਲ ਕੇ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ।

ਪ੍ਰੋਗਰਾਮ ਦੇ ਆਖ਼ਰ ਵਿੱਚ ਬੀ.ਐਸ.ਐਫ ਦੇ ਅਧਿਕਾਰੀਆਂ ਵੱਲੋਂ ਸਹਾਇਕ ਕਮਿਸ਼ਨਰ (ਜ) ਗੁਰਦਾਸਪੁਰ ਨੂੰ ਪ੍ਰਸ਼ੰਸਾ ਦੇ ਚਿੰਨ੍ਹ ਵਜੋਂ ਇੱਕ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ। ਇਸ ਦੇ ਨਾਲ ਹੀ ਬੀ.ਐਸ.ਐਫ ਬ੍ਰਾਸ ਬੈਂਡ ਦੀ ਟੀਮ ਨੂੰ ਵੀ ਉਨ੍ਹਾਂ ਦੀ ਸ਼ਲਾਘਾਯੋਗ ਪੇਸ਼ਕਾਰੀ ਅਤੇ ਪ੍ਰੋਗਰਾਮ ਦੀ ਸਫਲਤਾ ਵਿੱਚ ਯੋਗਦਾਨ ਲਈ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

#World News #ਜਨ ਪੰਜਾਬ #ਪੰਜਾਬ ਖ਼ਬਰਾਂ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਖਾਸ ਰਿਪੋਰਟ - ਗਰਾਊਂਡ ਰਿਪੋਰਟਾਂ अपडेट्स