ਫਰੈਂਡਜ਼ ਕਲੱਬ ਫਰੀਦਕੋਟ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਜਨਮ ਦਿਨ ਤੇ ਕੀਤਾ ਯਾਦ ਤੇ ਬੁੱਤ ਤੇ ਪਹਿਨਾਏ ਫੁੱਲਾਂ ਦੇ ਹਾਰ

ਫਰੈਂਡਜ਼ ਕਲੱਬ ਫਰੀਦਕੋਟ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਜਨਮ ਦਿਨ ਤੇ ਕੀਤਾ ਯਾਦ  ਤੇ ਬੁੱਤ ਤੇ ਪਹਿਨਾਏ ਫੁੱਲਾਂ ਦੇ ਹਾਰ

Author : Kanwalinder Pal Singh Sra

Jan. 24, 2026 9:43 a.m. 116

ਫਰੀਦਕੋਟ:- ਫਰੈਂਡਜ਼ ਕਲੱਬ ਫਰੀਦਕੋਟ ਵੱਲੋਂ ਆਜ਼ਾਦ ਹਿੰਦ ਫੌਜ ਦੇ ਬਾਣੀ, ਮਹਾਨ ਦੇਸ਼ਭਗਤ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਸ਼ਰਧਾ ਨਾਲ ਯਾਦ ਕੀਤਾ ਗਿਆ। ਇਸ ਮੌਕੇ ਸਥਾਨਕ ਦਰਬਾਰ ਗੰਜ ਕੰਪਲੈਕਸ, ਫਰੀਦਕੋਟ ਵਿੱਚ ਨੇਤਾ ਜੀ ਦੇ ਬੁੱਤ ‘ਤੇ ਫੁੱਲਾਂ ਦੇ ਹਾਰ ਪਹਿਨਾਏ ਗਏ ਅਤੇ ਦੇਸ਼ਭਗਤੀ ਦੇ ਨਾਅਰਿਆਂ ਨਾਲ ਵਾਤਾਵਰਣ ਗੂੰਜ ਉਠਿਆ।

ਇਸ ਸਮਾਗਮ ਦੀ ਅਗਵਾਈ ਅੰਤਰ-ਰਾਸ਼ਟਰੀ ਭੰਗੜਾ ਕੋਚ ਗੁਰਚਰਨ ਸਿੰਘ ਨੇ ਕੀਤੀ। ਉਨ੍ਹਾਂ ਦੀ ਅਗਵਾਈ ਹੇਠ ਫਰੈਂਡਜ਼ ਕਲੱਬ ਦੇ ਮੈਂਬਰਾਂ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਨਮ ਦਿਨ ਮਨਾਇਆ। ਇਸ ਦੌਰਾਨ ਗੁਰਚਰਨ ਸਿੰਘ ਭੰਗੜਾ ਕੋਚ ਨੇ ਨੇਤਾ ਜੀ ਦੀ ਜੀਵਨੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਭਾਸ਼ ਚੰਦਰ ਬੋਸ ਦਾ ਜਨਮ 23 ਜਨਵਰੀ 1897 ਨੂੰ ਕਟਕ, ਉੜੀਸਾ ਵਿੱਚ ਹੋਇਆ ਸੀ। ਉਹ ਇੱਕ ਪੜ੍ਹੇ-ਲਿਖੇ ਅਤੇ ਅਮੀਰ ਪਰਿਵਾਰ ਨਾਲ ਸਬੰਧ ਰੱਖਦੇ ਸਨ। ਉਨ੍ਹਾਂ ਦੇ ਪਿਤਾ ਜਨਕੀ ਨਾਥ ਬੋਸ ਪ੍ਰਸਿੱਧ ਵਕੀਲ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਮੁੱਖ ਨੇਤਾ ਸਨ।

ਉਨ੍ਹਾਂ ਦੱਸਿਆ ਕਿ ਨੇਤਾ ਜੀ ਨੇ ਆਪਣੀ ਮੁੱਢਲੀ ਸਿੱਖਿਆ ਕਟਕ ਦੇ ਸਕੂਲ ਤੋਂ ਪ੍ਰਾਪਤ ਕੀਤੀ। 1913 ਵਿੱਚ ਦਸਵੀਂ ਅਤੇ 1915 ਵਿੱਚ ਇੰਟਰਮੀਡੀਏਟ ਦੀ ਪ੍ਰੀਖਿਆ ਵਜ਼ੀਫੇ ਨਾਲ ਪਾਸ ਕੀਤੀ। 1919 ਵਿੱਚ ਉਨ੍ਹਾਂ ਨੇ ਦਰਸ਼ਨ ਅਤੇ ਇਤਿਹਾਸ ਵਿਸ਼ਿਆਂ ਵਿੱਚ ਪਹਿਲੇ ਦਰਜੇ ਨਾਲ ਆਨਰਜ਼ ਦੀ ਡਿਗਰੀ ਹਾਸਲ ਕੀਤੀ। ਉੱਚੀ ਪੜ੍ਹਾਈ ਲਈ ਉਨ੍ਹਾਂ ਨੇ ਕੈਂਬਰਿਜ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਵਾਸਤੇ ਵੱਕਾਰੀ ਰਜਿੰਦਰ ਪ੍ਰਸਾਦ ਸਕਾਲਰਸ਼ਿਪ ਹਾਸਲ ਕੀਤੀ।

ਗੁਰਚਰਨ ਸਿੰਘ ਨੇ ਦੱਸਿਆ ਕਿ 1920 ਵਿੱਚ ਨੇਤਾ ਜੀ ਨੇ ਇੰਡੀਅਨ ਸਿਵਿਲ ਸਰਵਿਸਿਜ਼ (ਆਈ.ਸੀ.ਐੱਸ.) ਦਾ ਇਮਤਿਹਾਨ ਪਾਸ ਕੀਤਾ, ਪਰ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਵਿੱਚ ਹਿੱਸਾ ਲੈਣ ਦੀ ਇੱਛਾ ਕਾਰਨ 23 ਅਪਰੈਲ 1921 ਨੂੰ ਆਪਣੀ ਟ੍ਰੇਨਿੰਗ ਅਧੂਰੀ ਛੱਡ ਕੇ ਭਾਰਤ ਵਾਪਸ ਆ ਗਏ। ਉਨ੍ਹਾਂ ਨੇ ਮਹਾਤਮਾ ਗਾਂਧੀ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ਉਨ੍ਹਾਂ ਨੂੰ ਬੰਗਾਲ ਵਿੱਚ ਦੇਸ਼ਭਗਤ ਸੀ.ਆਰ. ਦਾਸ ਨਾਲ ਕੰਮ ਕਰਨ ਦੀ ਸਲਾਹ ਦਿੱਤੀ।

ਨੇਤਾ ਜੀ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ‘ਫਾਰਵਰਡ’ ਅਖ਼ਬਾਰ ਦੇ ਸੰਪਾਦਕ ਵਜੋਂ ਕੀਤੀ। ਕੇਵਲ 26 ਸਾਲ ਦੀ ਉਮਰ ਵਿੱਚ ਉਹ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਬਣੇ। ਦੇਸ਼ਭਗਤੀ ਭਰੀਆਂ ਸਰਗਰਮੀਆਂ ਕਾਰਨ ਬਰਤਾਨਵੀ ਸਰਕਾਰ ਨੇ ਉਨ੍ਹਾਂ ਨੂੰ ਦੋ ਸਾਲ ਲਈ ਬਰਮਾ ਦੀ ਮਾਂਡਲੇ ਜੇਲ੍ਹ ਵਿੱਚ ਕੈਦ ਰੱਖਿਆ। 1927 ਵਿੱਚ ਜੇਲ੍ਹ ਤੋਂ ਰਿਹਾਈ ਮਗਰੋਂ ਉਨ੍ਹਾਂ ਨੂੰ ਬੰਗਾਲ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।

1938 ਵਿੱਚ ਨੇਤਾ ਜੀ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਚੁਣੇ ਗਏ। ਇਸ ਸਮੇਂ ਦੇਸ਼ ਦੀ ਆਜ਼ਾਦੀ ਲਈ ਦੋ ਵਿਚਾਰਧਾਰਾਵਾਂ ਸਾਹਮਣੇ ਆਈਆਂ—ਇੱਕ ਅਹਿੰਸਾ ਰਾਹੀਂ ਸੰਘਰਸ਼, ਜਿਸ ਦੀ ਅਗਵਾਈ ਮਹਾਤਮਾ ਗਾਂਧੀ ਕਰ ਰਹੇ ਸਨ, ਅਤੇ ਦੂਜੀ ਇਨਕਲਾਬੀ ਰਾਹ, ਜਿਸ ਦੀ ਅਗਵਾਈ ਨੇਤਾ ਜੀ ਸੁਭਾਸ਼ ਚੰਦਰ ਬੋਸ ਕਰ ਰਹੇ ਸਨ। 1939 ਵਿੱਚ ਗਾਂਧੀ ਜੀ ਦੇ ਵਿਰੋਧ ਦੇ ਬਾਵਜੂਦ ਨੇਤਾ ਜੀ ਨੇ ਚੋਣ ਜਿੱਤ ਕੇ ਮੁੜ ਕਾਂਗਰਸ ਦੀ ਪ੍ਰਧਾਨਗੀ ਸੰਭਾਲੀ, ਪਰ ਵਿਰੋਧ ਕਾਰਨ ਉਨ੍ਹਾਂ ਨੇ ਬਾਅਦ ਵਿੱਚ ਅਸਤੀਫ਼ਾ ਦੇ ਦਿੱਤਾ।

ਗੁਰਚਰਨ ਸਿੰਘ ਭੰਗੜਾ ਕੋਚ ਨੇ ਕਿਹਾ ਕਿ ਨੇਤਾ ਜੀ ਆਪਣੀਆਂ ਕਦਰਾਂ-ਕੀਮਤਾਂ ਅਤੇ ਦੇਸ਼ਭਗਤੀ ਭਰੇ ਵਿਚਾਰਾਂ ‘ਤੇ ਅਡਿੱਗ ਰਹੇ। ਉਨ੍ਹਾਂ ਨੇ ਆਜ਼ਾਦ ਹਿੰਦ ਫੌਜ ਦੀ ਸਥਾਪਨਾ ਕਰਕੇ ਆਜ਼ਾਦੀ ਦੀ ਲੜਾਈ ਨੂੰ ਨਵੀਂ ਦਿਸ਼ਾ ਦਿੱਤੀ। ਕੋਚ ਨੇ ਕਿਹਾ ਕਿ ਅੱਜ ਅਸੀਂ ਜੋ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ, ਉਹ ਨੇਤਾ ਜੀ ਵਰਗੇ ਮਹਾਨ ਯੋਧਿਆਂ ਦੀ ਬਦੌਲਤ ਹੀ ਹੈ। ਇਸ ਮੌਕੇ ਉਨ੍ਹਾਂ ਨੇ ਸਾਰਿਆਂ ਨੂੰ ਬਸੰਤ ਪੰਚਮੀ ਦੀਆਂ ਵਧਾਈਆਂ ਵੀ ਦਿੱਤੀਆਂ।

ਇਸ ਸਮਾਗਮ ਵਿੱਚ ਰੋਸ਼ਨ ਗੋਇਲ, ਤਰਸੇਮ ਕਟਾਰੀਆ, ਕੇ.ਪੀ. ਸਿੰਘ ਸਰਾਂ, ਹੈਪੀ ਗੁਪਤਾ, ਦੀਪ ਰਾਧੇ ਰਾਧੇ, ਚੰਦਰ ਭਾਨ ਯੋਗ ਟੀਚਰ ਅਤੇ ਯਸ਼ਪਾਲ ਚਾਵਲਾ ਸਮੇਤ ਹੋਰ ਕਈ ਮੈਂਬਰ ਹਾਜ਼ਰ ਰਹੇ। ਅੰਤ ਵਿੱਚ ਸਾਰਿਆਂ ਨੇ ਮਿਲ ਕੇ “ਇਨਕਲਾਬ ਜਿੰਦਾਬਾਦ” ਅਤੇ “ਸੁਭਾਸ਼ ਚੰਦਰ ਬੋਸ ਅਮਰ ਰਹੇ” ਦੇ ਨਾਅਰੇ ਲਗਾਏ।

#World News #ਜਨ ਪੰਜਾਬ #ਪੰਜਾਬ ਖ਼ਬਰਾਂ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਖਾਸ ਰਿਪੋਰਟ - ਗਰਾਊਂਡ ਰਿਪੋਰਟਾਂ अपडेट्स