Buddha Nala Crisis: ਬੁੱਢਾ ਦਰਿਆ ਮਿੱਟੀ ਨਾਲ ਭਰਿਆ ਜਾ ਰਿਹਾ? ਪ੍ਰਸ਼ਾਸਨ ਖਾਮੋਸ਼

Author : Ashwani Kumar

ਲੁਧਿਆਣਾ ਦਾ ਬੁੱਢਾ ਦਰਿਆ, ਜੋ ਕਦੇ ਇਸ ਸ਼ਹਿਰ ਦੀ ਪਹਿਚਾਣ ਸੀ, ਅੱਜ ਇਕ ਵਾਰ ਫਿਰ ਗੰਭੀਰ ਮੁੱਦਾ ਬਣ ਗਿਆ ਹੈ। ਚੰਦਰ ਨਗਰ ਦੀ ਛੋਟੀ ਪੁੱਲੀ ਨੇੜੇ ਦਰਿਆ ਦੇ ਅੰਦਰ ਮਿੱਟੀ ਪਾਏ ਜਾਣ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਰੋਸ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕਦੇ ਬੁੱਢਾ ਦਰਿਆ ਦੇ ਨਾਂ ਨਾਲ ਜਾਣਿਆ ਜਾਣ ਵਾਲਾ ਇਹ ਪਾਣੀ ਦਾ ਸਰੋਤ ਹੁਣ ਹੌਲੀ-ਹੌਲੀ ਨਾਲੇ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ।

ਮੌਕੇ ’ਤੇ ਦੇਖਿਆ ਗਿਆ ਕਿ ਮਸ਼ੀਨਾਂ ਰਾਹੀਂ ਮਿੱਟੀ ਦਰਿਆ ਦੇ ਅੰਦਰ ਸੁੱਟੀ ਜਾ ਰਹੀ ਹੈ। ਕਦੇ ਦਰਿਆ ਵਿੱਚੋਂ ਮਿੱਟੀ ਕੱਢੀ ਜਾਂਦੀ ਹੈ ਤੇ ਕਦੇ ਮੁੜ ਉਸੇ ਵਿੱਚ ਪਾ ਦਿੱਤੀ ਜਾਂਦੀ ਹੈ, ਜਿਸ ਕਾਰਨ ਦਰਿਆ ਦੀ ਚੌੜਾਈ ਘੱਟ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਕੰਮ ਨਾਲ ਦਰਿਆ ਦਾ ਕੁਦਰਤੀ ਵਹਾਅ ਰੁਕ ਸਕਦਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਪੂਰੀ ਤਰ੍ਹਾਂ ਨਾਲੇ ਵਿੱਚ ਬਦਲ ਸਕਦਾ ਹੈ।

ਇਲਾਕੇ ਵਾਸੀਆਂ ਨੇ ਸਵਾਲ ਉਠਾਇਆ ਹੈ ਕਿ ਇਹ ਸਾਰਾ ਕੰਮ ਕਿਸ ਦੀ ਮਨਜ਼ੂਰੀ ਨਾਲ ਹੋ ਰਿਹਾ ਹੈ ਅਤੇ ਇਸ ਦਾ ਅਸਲ ਮਕਸਦ ਕੀ ਹੈ। ਲੋਕਾਂ ਦਾ ਦੋਸ਼ ਹੈ ਕਿ ਅਜੇ ਤੱਕ ਨਾ ਤਾਂ ਪ੍ਰਸ਼ਾਸਨ ਵੱਲੋਂ ਕੋਈ ਸਪਸ਼ਟ ਜਾਣਕਾਰੀ ਦਿੱਤੀ ਗਈ ਹੈ ਅਤੇ ਨਾ ਹੀ ਜਨਤਾ ਨੂੰ ਇਸ ਬਾਰੇ ਕੁਝ ਦੱਸਿਆ ਗਿਆ ਹੈ। ਪਹਿਲਾਂ ਇਥੇ ਦਰਿਆ ਦੀ ਸੁਰੱਖਿਆ ਲਈ ਲਗਾਈਆਂ ਗਈਆਂ ਜਾਲੀਆਂ ਵੀ ਹੁਣ ਹਟਾਈਆਂ ਜਾ ਰਹੀਆਂ ਹਨ, ਜਿਸ ਨਾਲ ਹਾਲਾਤ ਹੋਰ ਗੰਭੀਰ ਬਣ ਰਹੇ ਹਨ।

ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਤੁਰੰਤ ਜਾਂਚ ਹੋਵੇ ਅਤੇ ਦਰਿਆ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੰਮਾਂ ’ਤੇ ਰੋਕ ਲਗਾਈ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਜੇ ਹੁਣ ਵੀ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੀ ਪੀੜ੍ਹੀ ਨੂੰ ਬੁੱਢਾ ਦਰਿਆ ਸਿਰਫ਼ ਨਾਂ ਹੀ ਯਾਦ ਰਹੇਗਾ।

Jan. 16, 2026 9:24 p.m. 9
#World News #ਜਨ ਪੰਜਾਬ #ਪੰਜਾਬ ਖ਼ਬਰਾਂ
Watch Special Video
Sponsored
Trending News