ਧੁੰਦ ਤੇ ਕੋਰੇ ਦਾ ਕਹਿਰ ਜਾਰੀ, ਹੱਡ-ਹੱਡ ਕੰਬਾਉਂਦੀ ਠੰਡ ਨੇ ਪੰਜਾਬ ਦੀ ਰਫ਼ਤਾਰ ਰੋਕੀ

Author : Harpal Singh

ਪੰਜਾਬ ਭਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਘਣੀ ਧੁੰਦ, ਕੋਰਾ ਅਤੇ ਹੱਡ-ਹੱਡ ਕੰਬਾਉਂਦੀ ਠੰਡ ਨੇ ਆਮ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਸਵੇਰੇ ਦੇ ਸਮੇਂ ਧੁੰਦ ਦਾ ਇੰਨਾ ਜ਼ੋਰ ਹੁੰਦਾ ਹੈ ਕਿ ਸੜਕਾਂ ਉੱਤੇ ਕੁਝ ਵੀ ਸਪਸ਼ਟ ਨਜ਼ਰ ਨਹੀਂ ਆਉਂਦਾ। ਚਾਰੇ ਪਾਸੇ ਹਨੇਰੇ ਵਰਗਾ ਮਾਹੌਲ ਬਣਿਆ ਰਹਿੰਦਾ ਹੈ, ਜਿਸ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਮੌਸਮ ਵਿਭਾਗ ਵੱਲੋਂ ਜਾਰੀ ਚੇਤਾਵਨੀ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਠੰਡ ਹੋਰ ਵੱਧ ਸਕਦੀ ਹੈ ਅਤੇ ਕੋਰਾ ਪੈਣ ਦੇ ਨਾਲ-ਨਾਲ ਧੁੰਦ ਹੋਰ ਘਣੀ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਸਵੇਰੇ ਦੇ ਸਮੇਂ ਦਿੱਖ ਘੱਟ ਹੋਣ ਕਾਰਨ ਸੜਕ ਹਾਦਸਿਆਂ ਦਾ ਖ਼ਤਰਾ ਕਾਫ਼ੀ ਵੱਧ ਗਿਆ ਹੈ।

ਘਣੀ ਧੁੰਦ ਅਤੇ ਸਖ਼ਤ ਠੰਡ ਦਾ ਸਭ ਤੋਂ ਵੱਡਾ ਅਸਰ ਸਫਾਈ ਕਰਮਚਾਰੀਆਂ ‘ਤੇ ਪੈ ਰਿਹਾ ਹੈ। ਸਫਾਈ ਕਰਮਚਾਰੀ ਹਰ ਰੋਜ਼ ਤਕਰੀਬਨ ਸਵੇਰੇ 4 ਵਜੇ ਘਰੋਂ ਨਿਕਲ ਕੇ ਡਿਊਟੀ ਲਈ ਜਾਂਦੇ ਹਨ। ਕਰਮਚਾਰੀਆਂ ਦਾ ਕਹਿਣਾ ਹੈ ਕਿ ਇੰਨੀ ਘਣੀ ਧੁੰਦ ਵਿੱਚ ਡਿਊਟੀ ਕਰਨੀ ਖ਼ਤਰੇ ਤੋਂ ਖਾਲੀ ਨਹੀਂ। ਹੱਥ-ਪੈਰ ਸੁੰਨ ਹੋ ਜਾਂਦੇ ਹਨ ਅਤੇ ਅੱਖਾਂ ਅੱਗੇ ਕੁਝ ਵੀ ਸਾਫ਼ ਦਿਸਦਾ ਨਹੀਂ।

ਸਫਾਈ ਕਰਮਚਾਰੀਆਂ ਨੇ ਦੱਸਿਆ ਕਿ ਸਭ ਤੋਂ ਵੱਡੀ ਮੁਸ਼ਕਲ ਉਸ ਵੇਲੇ ਆਉਂਦੀ ਹੈ, ਜਦੋਂ ਬਿਜਲੀ ਵਿਭਾਗ ਵੱਲੋਂ ਸਵੇਰੇ ਹੀ ਸ਼ਹਿਰ ਦੀਆਂ ਸਟਰੀਟ ਲਾਈਟਾਂ ਬੰਦ ਕਰ ਦਿੱਤੀਆਂ ਜਾਂਦੀਆਂ ਹਨ। ਲਾਈਟਾਂ ਬੰਦ ਹੋਣ ਕਾਰਨ ਸੜਕਾਂ ਪੂਰੀ ਤਰ੍ਹਾਂ ਹਨੇਰੇ ਵਿੱਚ ਡੁੱਬ ਜਾਂਦੀਆਂ ਹਨ। ਉੱਪਰੋਂ ਤੇਜ਼ ਰਫ਼ਤਾਰ ਨਾਲ ਲੰਘਦੀਆਂ ਗੱਡੀਆਂ ਦੀਆਂ ਚਮਕਦਾਰ ਲਾਈਟਾਂ ਅੱਖਾਂ ਨੂੰ ਚੁਭਦੀਆਂ ਹਨ, ਜਿਸ ਨਾਲ ਹਾਦਸਿਆਂ ਦਾ ਖ਼ਤਰਾ ਹੋਰ ਵੱਧ ਜਾਂਦਾ ਹੈ।

ਧੁੰਦ ਅਤੇ ਹਨੇਰੇ ਕਾਰਨ ਸ਼ਹਿਰ ਦੀਆਂ ਸੜਕਾਂ, ਪੁਲਾਂ ਅਤੇ ਚੌਕਾਂ ਉੱਤੇ ਹਾਦਸਿਆਂ ਦੀ ਸੰਭਾਵਨਾ ਕਾਫ਼ੀ ਵਧ ਗਈ ਹੈ। ਇਸ ਦੇ ਨਾਲ ਹੀ ਲੁੱਟ-ਖੋਹ ਵਰਗੀਆਂ ਘਟਨਾਵਾਂ ਦਾ ਡਰ ਵੀ ਲੋਕਾਂ ਦੇ ਮਨਾਂ ਵਿੱਚ ਬਣਿਆ ਹੋਇਆ ਹੈ।

ਸਫਾਈ ਕਰਮਚਾਰੀਆਂ ਅਤੇ ਆਮ ਲੋਕਾਂ ਵੱਲੋਂ ਪ੍ਰਸ਼ਾਸਨ ਕੋਲ ਅਪੀਲ ਕੀਤੀ ਗਈ ਹੈ ਕਿ ਠੰਡ ਅਤੇ ਧੁੰਦ ਨੂੰ ਧਿਆਨ ਵਿੱਚ ਰੱਖਦਿਆਂ ਸਟਰੀਟ ਲਾਈਟਾਂ ਬੰਦ ਕਰਨ ਦਾ ਸਮਾਂ ਵਧਾਇਆ ਜਾਵੇ, ਤਾਂ ਜੋ ਸਵੇਰੇ ਦੇ ਸਮੇਂ ਸੜਕਾਂ ਉੱਤੇ ਰੌਸ਼ਨੀ ਬਣੀ ਰਹੇ ਅਤੇ ਹਾਦਸਿਆਂ ਤੋਂ ਬਚਾਅ ਕੀਤਾ ਜਾ ਸਕੇ।

ਇਸ ਦੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਘਰੋਂ ਨਿਕਲਦੇ ਸਮੇਂ ਗਰਮ ਕੱਪੜੇ ਪਹਿਨਣ, ਮੂੰਹ ਅਤੇ ਸਿਰ ਢੱਕ ਕੇ ਰੱਖਣ, ਜਲਦਬਾਜ਼ੀ ਤੋਂ ਬਚਣ ਅਤੇ ਜੇ ਲੋੜ ਹੋਵੇ ਤਾਂ ਸਮੇਂ ਤੋਂ ਪਹਿਲਾਂ ਘਰੋਂ ਨਿਕਲਣ। ਮਾਪਿਆਂ ਨੂੰ ਵੀ ਸਲਾਹ ਦਿੱਤੀ ਗਈ ਹੈ ਕਿ ਬੱਚਿਆਂ ਨੂੰ ਠੰਡ ਤੋਂ ਬਚਾਉਣ ਲਈ ਪੂਰੇ ਗਰਮ ਕੱਪੜਿਆਂ ਨਾਲ ਹੀ ਸਕੂਲ ਭੇਜਿਆ ਜਾਵੇ।

Dec. 31, 2025 11:55 a.m. 9
#ਜਨ ਪੰਜਾਬ #ਪੰਜਾਬ ਖ਼ਬਰਾਂ #latest news punjab #jan punjab news
Watch Special Video
Sponsored
Trending News