ਤੇਜ਼ਧਾਰ ਹਥਿਆਰਾਂ ਦੇ ਜ਼ੋਰ ’ਤੇ ਲੁੱਟ-ਖੋਹ ਦੀ ਯੋਜਨਾ ਬਣਾਉਂਦੇ ਦੋ ਗਿਰੋਹ ਫਰੀਦਕੋਟ ਪੁਲਿਸ ਵੱਲੋਂ ਕਾਬੂ, 11 ਦੋਸ਼ੀ ਹਥਿਆਰਾਂ ਸਮੇਤ ਗ੍ਰਿਫ਼ਤਾਰ

Author : Bhupinder Kumar

ਫਰੀਦਕੋਟ : ਡਾ. ਪ੍ਰਗਿਆ ਜੈਨ ਆਈ.ਪੀ.ਐਸ., ਐਸ.ਐਸ.ਪੀ. ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਖ਼ਿਲਾਫ ਲਗਾਤਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਕੜੀ ਤਹਿਤ ਸ਼੍ਰੀ ਜੋਗੇਸ਼ਵਰ ਸਿੰਘ ਗੋਰਾਇਆ ਐਸ.ਪੀ. (ਇਨਵੈਸਟੀਗੇਸ਼ਨ) ਫਰੀਦਕੋਟ ਅਤੇ ਸ਼੍ਰੀ ਸੰਜੀਵ ਕੁਮਾਰ ਡੀ.ਐਸ.ਪੀ. (ਸਬ-ਡਿਵੀਜ਼ਨ) ਕੋਟਕਪੂਰਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਥਾਣਾ ਸਿਟੀ ਕੋਟਕਪੂਰਾ ਅਤੇ ਥਾਣਾ ਸਦਰ ਕੋਟਕਪੂਰਾ ਦੀ ਪੁਲਿਸ ਨੇ ਲੁੱਟ-ਖੋਹ ਦੀ ਯੋਜਨਾ ਬਣਾਉਂਦੇ ਦੋ ਗਿਰੋਹਾਂ ਦੇ ਕੁੱਲ 11 ਦੋਸ਼ੀਆਂ ਨੂੰ ਤੇਜ਼ਧਾਰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।

ਪਹਿਲੀ ਕਾਰਵਾਈ:

ਮਿਤੀ 03 ਜਨਵਰੀ 2026 ਨੂੰ ਇੰਸਪੈਕਟਰ ਚਮਕੌਰ ਸਿੰਘ, ਮੁੱਖ ਅਫਸਰ ਥਾਣਾ ਸਿਟੀ ਕੋਟਕਪੂਰਾ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਪੁਲਿਸ ਪਾਰਟੀ ਨਾਲ ਗਸ਼ਤ ਦੌਰਾਨ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਅਕਾਸ਼ਦੀਪ ਸਿੰਘ ਉਰਫ ਅਕਾਸ਼, ਮਿੰਟੂ ਸਿੰਘ, ਸੁਖਵਿੰਦਰ ਸਿੰਘ ਉਰਫ ਵਿੱਕੀ, ਸੁਖਵੀਰ ਸਿੰਘ, ਗੁਰਜੀਤ ਸਿੰਘ ਅਤੇ ਲਖਵਿੰਦਰ ਸਿੰਘ ਲੁੱਟ-ਖੋਹ ਕਰਨ ਦੀ ਨੀਅਤ ਨਾਲ ਦਾਣਾ ਮੰਡੀ ਨਾਲ ਲੱਗਦੀ ਲੱਕੜ ਮੰਡੀ, ਮੋਗਾ ਰੋਡ ਕੋਟਕਪੂਰਾ ਨੇੜੇ ਲੁਕ ਕੇ ਯੋਜਨਾ ਬਣਾ ਰਹੇ ਹਨ।
ਸੂਚਨਾ ਦੇ ਆਧਾਰ ’ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਸਾਰੇ ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 02 ਲੋਹੇ ਦੇ ਖੰਡੇ, 01 ਕਾਪਾ, 01 ਨਲਕੇ ਦੀ ਹੱਥੀ ਅਤੇ 02 ਕ੍ਰਿਪਾਨਾਂ ਬਰਾਮਦ ਕੀਤੀਆਂ।

ਇਸ ਸਬੰਧੀ ਥਾਣਾ ਸਿਟੀ ਕੋਟਕਪੂਰਾ ਵਿੱਚ ਮੁਕੱਦਮਾ ਨੰਬਰ 02 ਮਿਤੀ 03.01.2026 ਅਧੀਨ ਧਾਰਾ 310(4), 310(5) ਬੀ.ਐਨ.ਐਸ. ਦਰਜ ਕੀਤਾ ਗਿਆ। ਜਾਂਚ ਦੌਰਾਨ ਸਾਹਮਣੇ ਆਇਆ ਕਿ ਕੁਝ ਦੋਸ਼ੀਆਂ ਖ਼ਿਲਾਫ ਪਹਿਲਾਂ ਵੀ ਨਸ਼ਾ ਤਸਕਰੀ, ਲੁੱਟ-ਖੋਹ ਅਤੇ ਹੋਰ ਗੰਭੀਰ ਮਾਮਲੇ ਦਰਜ ਹਨ।

ਦੂਜੀ ਕਾਰਵਾਈ:

ਇਸੇ ਦਿਨ ਇੰਸਪੈਕਟਰ ਗੁਰਾਦਿੱਤਾ ਸਿੰਘ, ਮੁੱਖ ਅਫਸਰ ਥਾਣਾ ਸਦਰ ਕੋਟਕਪੂਰਾ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਸੁਰਿੰਦਰਜੀਤ ਸਿੰਘ ਪੁਲਿਸ ਪਾਰਟੀ ਨਾਲ ਗਸ਼ਤ ਅਤੇ ਚੈਕਿੰਗ ਲਈ ਨੈਸ਼ਨਲ ਹਾਈਵੇਅ–54 ’ਤੇ ਪਿੰਡ ਦੇਵੀਵਾਲਾ ਕੱਟ ਨੇੜੇ ਮੌਜੂਦ ਸਨ। ਉਨ੍ਹਾਂ ਨੂੰ ਸੂਚਨਾ ਮਿਲੀ ਕਿ ਨਿੱਕਾ ਪੁੱਤਰ ਸੇਵਕ ਸਿੰਘ, ਬੂਟਾ ਪੁੱਤਰ ਦਰਿਆਈ, ਦੀਪੂ ਪੁੱਤਰ ਗੁਰਮੀਤ ਸਿੰਘ, ਪ੍ਰਿਤਪਾਲ ਸਿੰਘ ਪੁੱਤਰ ਜਗਤਾਰ ਸਿੰਘ ਅਤੇ ਬਹਾਦਰ ਸਿੰਘ ਪੁੱਤਰ ਬੂਟਾ ਸਿੰਘ ਲੁੱਟ-ਖੋਹ ਕਰਨ ਦੀ ਯੋਜਨਾ ਨਾਲ ਬੋਹੜ ਦੇ ਦਰੱਖਤ ਹੇਠ ਬੈਠੇ ਹਨ।
ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਪੰਜੇ ਦੋਸ਼ੀਆਂ ਨੂੰ 01 ਕਾਪਾ, 01 ਗਰਾਰੀ ਲੱਗੀ ਲੋਹੇ ਦੀ ਪਾਈਪ, 01 ਨਲਕੇ ਦੀ ਹੱਥੀ, 01 ਦਾਤਰ ਅਤੇ 01 ਡਾਗ ਸਮੇਤ ਗ੍ਰਿਫ਼ਤਾਰ ਕਰ ਲਿਆ।

ਇਸ ਸਬੰਧੀ ਥਾਣਾ ਸਦਰ ਕੋਟਕਪੂਰਾ ਵਿੱਚ ਮੁਕੱਦਮਾ ਨੰਬਰ 02 ਮਿਤੀ 03.01.2026 ਅਧੀਨ ਧਾਰਾ 310(4), 310(5), 111(3) ਬੀ.ਐਨ.ਐਸ. ਦਰਜ ਕੀਤਾ ਗਿਆ ਹੈ।

ਸਾਰੇ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਰਿਮਾਂਡ ਦੌਰਾਨ ਹੋਰ ਪੁੱਛਗਿੱਛ ਕਰਕੇ ਇਹ ਪਤਾ ਲਗਾਇਆ ਜਾਵੇਗਾ ਕਿ ਦੋਸ਼ੀਆਂ ਵੱਲੋਂ ਹੋਰ ਅਪਰਾਧ ਤਾਂ ਨਹੀਂ ਕੀਤੇ ਗਏ ਅਤੇ ਕੀ ਇਸ ਗਿਰੋਹ ਨਾਲ ਹੋਰ ਵਿਅਕਤੀ ਵੀ ਸ਼ਾਮਿਲ ਹਨ। ਮਾਮਲੇ ਦੀ ਪੂਰੀ ਜਾਂਚ ਜਾਰੀ ਹੈ।

Jan. 6, 2026 11:56 a.m. 6
#ਜਨ ਪੰਜਾਬ #ਪੰਜਾਬ ਖ਼ਬਰਾਂ
Watch Special Video
Sponsored
Trending News