ਬਟਾਲਾ ਨੇੜੇ ਪਿੰਡ ਅਲੋਵਾਲ ‘ਚ ਸਿਲੰਡਰ ਫਟਣ ਨਾਲ ਭਿਆਨਕ ਹਾਦਸਾ, ਇੱਕੋ ਪਰਿਵਾਰ ਸਮੇਤ 5 ਲੋਕ ਝੁਲਸੇ

Author : Lovepreet Singh

ਬਟਾਲਾ ਦੇ ਨੇੜਲੇ ਪਿੰਡ ਅਲੋਵਾਲ ਵਿੱਚ ਇੱਕ ਦਰਦਨਾਕ ਹਾਦਸਾ ਵਾਪਰ ਗਿਆ, ਜਿੱਥੇ ਗੈਸ ਸਿਲੰਡਰ ਫਟਣ ਕਾਰਨ ਪੰਜ ਲੋਕ ਗੰਭੀਰ ਤੌਰ ‘ਤੇ ਜਖਮੀ ਹੋ ਗਏ। ਹਾਦਸੇ ਵਿੱਚ ਇੱਕੋ ਪਰਿਵਾਰ ਦੇ ਪਤੀ, ਪਤਨੀ ਅਤੇ ਇੱਕ ਬੱਚਾ ਸਮੇਤ ਦੋ ਸਕੇ ਭਰਾ ਅੱਗ ਦੀ ਚਪੇਟ ਵਿੱਚ ਆ ਗਏ।

ਮਿਲੀ ਜਾਣਕਾਰੀ ਮੁਤਾਬਕ ਹਾਦਸਾਗ੍ਰਸਤ ਪਰਿਵਾਰ ਦਿਹਾੜੀਦਾਰ ਮਜ਼ਦੂਰੀ ਕਰਦਾ ਹੈ। ਸਵੇਰੇ ਕੰਮ ‘ਤੇ ਜਾਣ ਤੋਂ ਪਹਿਲਾਂ ਘਰ ਵਿੱਚ ਖਾਣਾ ਤਿਆਰ ਕੀਤਾ ਜਾ ਰਿਹਾ ਸੀ ਕਿ ਅਚਾਨਕ ਗੈਸ ਲੀਕ ਹੋਣ ਕਾਰਨ ਸਿਲੰਡਰ ਨੂੰ ਅੱਗ ਲੱਗ ਗਈ। ਹਾਲਾਤ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦਿਆਂ ਸਿਲੰਡਰ ਨੂੰ ਘਰ ਤੋਂ ਬਾਹਰ ਖੁੱਲ੍ਹੀ ਜਗ੍ਹਾ ‘ਚ ਸੁੱਟਿਆ ਗਿਆ, ਪਰ ਕੁਝ ਹੀ ਪਲਾਂ ਵਿੱਚ ਜ਼ੋਰਦਾਰ ਧਮਾਕਾ ਹੋ ਗਿਆ।

ਧਮਾਕੇ ਨਾਲ ਪੰਜੇ ਲੋਕ ਅੱਗ ਦੀ ਲਪੇਟ ਵਿੱਚ ਆ ਗਏ ਅਤੇ ਗੰਭੀਰ ਝੁਲਸ ਗਏ। ਜਖਮੀਆਂ ਨੂੰ ਤੁਰੰਤ ਸਰਕਾਰੀ ਹਸਪਤਾਲ ਬਟਾਲਾ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਦੱਸਿਆ ਕਿ ਕੁਝ ਜਖਮੀਆਂ ਦੀ ਹਾਲਤ ਨਾਜੁਕ ਬਣੀ ਹੋਈ ਹੈ, ਜਿਨ੍ਹਾਂ ਨੂੰ ਵਧੀਆ ਇਲਾਜ ਲਈ ਅੰਮ੍ਰਿਤਸਰ ਰੈਫਰ ਕੀਤਾ ਜਾਵੇਗਾ।

ਹਾਦਸੇ ਤੋਂ ਬਾਅਦ ਪਿੰਡ ਵਿੱਚ ਸਹਿਮ ਦਾ ਮਾਹੌਲ ਹੈ। ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਲੋਕਾਂ ਨੂੰ ਗੈਸ ਸੁਰੱਖਿਆ ਸਬੰਧੀ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ।

Dec. 31, 2025 3:52 p.m. 5
#ਜਨ ਪੰਜਾਬ #ਪੰਜਾਬ ਖ਼ਬਰਾਂ #latest news punjab #jan punjab news
Watch Special Video
Sponsored
Trending News