ਗੁਰਦਾਸਪੁਰ: ਪਿੰਡ ਧਰਮਕੋਟ ਰੰਧਾਵਾ ’ਚ ਸ਼ਾਰਟ ਸਰਕਟ ਕਾਰਨ ਦੁਕਾਨ ਸੜ ਕੇ ਸੁਆਹ

Author : Lovepreet Singh

ਪਿੰਡ ਧਰਮਕੋਟ ਰੰਧਾਵਾ ਵਿਖੇ ਬੀਤੀ ਰਾਤ ਇੱਕ ਰੈਡੀਮੇਡ ਕੱਪੜਿਆਂ ਦੀ ਦੁਕਾਨ ਨੂੰ ਅੱਗ ਲੱਗ ਗਈ। ਇਸ ਅੱਗ ਕਾਰਨ ਦੁਕਾਨ ਅੰਦਰ ਪਿਆ ਸਾਰਾ ਕੱਪੜਿਆਂ ਦਾ ਮਾਲ ਸੜ ਕੇ ਸਵਾਹ ਹੋ ਗਿਆ। ਅੱਗ ਲੱਗਣ ਦਾ ਮੁੱਖ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨਦਾਰ ਬਲਵਿੰਦਰ ਮਸੀਹ, ਵਾਸੀ ਪਿੰਡ ਮੰਗੀਆ ਨੇ ਦੱਸਿਆ ਕਿ ਉਹ ਅੱਡਾ ਧਰਮਕੋਟ ਰੰਧਾਵਾ ਵਿਖੇ “ਅਨੰਨਿਆ ਕਲੈਕਸ਼ਨ” ਦੇ ਨਾਮ ‘ਤੇ ਕਰੀਬ ਚਾਰ ਮਹੀਨਿਆਂ ਤੋਂ ਰੈਡੀਮੇਡ ਕੱਪੜਿਆਂ ਦੀ ਦੁਕਾਨ ਚਲਾ ਰਿਹਾ ਸੀ। ਉਸਨੇ ਕਰਜ਼ਾ ਲੈ ਕੇ ਦੁਕਾਨ ਅੰਦਰ ਮਹਿੰਗੇ ਭਾਅ ਦੇ ਕੱਪੜੇ ਪਾਏ ਸਨ।

ਉਨ੍ਹਾਂ ਦੱਸਿਆ ਕਿ ਬੀਤੇ ਸ਼ਨੀਵਾਰ ਨੂੰ ਉਹ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਸੀ। ਅੱਜ ਸਵੇਰੇ ਜਦੋਂ ਉਹ ਦੁਕਾਨ ‘ਤੇ ਆਇਆ ਅਤੇ ਸਟਰ ਖੋਲ੍ਹਿਆ ਤਾਂ ਅੰਦਰ ਪਿਆ ਸਾਰਾ ਮਾਲ ਅੱਗ ਨਾਲ ਸੜਿਆ ਹੋਇਆ ਸੀ।

ਅੱਗ ਲੱਗਣ ਕਾਰਨ ਦੁਕਾਨਦਾਰ ਨੂੰ ਕਰੀਬ ਦੋ ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਇਸ ਸਬੰਧੀ ਪੁਲਿਸ ਚੌਂਕੀ ਧਰਮਕੋਟ ਰੰਧਾਵਾ ਵਿਖੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਪੀੜਤ ਦੁਕਾਨਦਾਰ ਨੇ ਦੱਸਿਆ ਕਿ ਉਸਨੇ ਪਰਿਵਾਰ ਦੀ ਰੋਜ਼ੀ-ਰੋਟੀ ਲਈ ਕਰਜ਼ਾ ਚੁੱਕ ਕੇ ਦੁਕਾਨ ਖੋਲੀ ਸੀ ਪਰ ਇਸ ਅੱਗ ਦੀ ਘਟਨਾ ਨੇ ਉਸਦੇ ਸਾਰੇ ਅਰਮਾਨਾਂ ‘ਤੇ ਪਾਣੀ ਫੇਰ ਦਿੱਤਾ ਹੈ।

ਇਸ ਮੌਕੇ ਪੀੜਤ ਦੁਕਾਨਦਾਰ ਅਤੇ ਇਲਾਕੇ ਦੇ ਮੋਹਤਬਰ ਆਗੂ ਡਾਕਟਰ ਜਸਵੰਤ ਸਿੰਘ ਮੰਗੀਆ, ਪ੍ਰੇਮ ਮਸੀਹ ਧਰਮਕੋਟ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ।

ਇਸ ਸਬੰਧੀ ਜਦੋਂ ਪੁਲਿਸ ਚੌਂਕੀ ਧਰਮਕੋਟ ਰੰਧਾਵਾ ਦੇ ਇੰਚਾਰਜ ਨੰਦ ਭੱਟੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Dec. 23, 2025 8:15 p.m. 109
#latest news punjab #gurdaspur news #jan punjab news
Watch Special Video
Sponsored
Trending News