Crime News: ਖਾਲੜਾ ‘ਚ ਲੁੱਟ ਦੌਰਾਨ ਔਰਤ ਦੀ ਮੌਤ, ਦੋ ਦੋਸ਼ੀ ਗ੍ਰਿਫਤਾਰ

Post by : Jan Punjab Bureau

ਖਾਲੜਾ ਥਾਣੇ ਅਧੀਨ ਆਉਂਦੇ ਪਿੰਡ ਮੱਦਰ ਮੱਥਰਾ ਭਾਗੀ ਵਿਖੇ 12 ਜਨਵਰੀ 2026 ਨੂੰ ਸਵੇਰੇ ਕਰੀਬ 4:30 ਵਜੇ ਇੱਕ ਦਰਦਨਾਕ ਘਟਨਾ ਵਾਪਰੀ। ਮੁਦੱਈ ਕਾਰਜ ਸਿੰਘ ਪੁੱਤਰ ਨਰੰਜਨ ਸਿੰਘ ਨੇ ਪੁਲਿਸ ਕੋਲ ਦਰਜ ਕਰਵਾਏ ਬਿਆਨ ਵਿੱਚ ਦੱਸਿਆ ਕਿ ਉਹ ਆਪਣੀ ਪਤਨੀ ਤਸਬੀਰ ਕੌਰ ਨਾਲ ਘਰੋਂ ਗੁਰਦੁਆਰਾ ਸਾਹਿਬ ਬਾਬਾ ਲੱਛੀ ਰਾਮ ਮੱਥਾ ਟੇਕਣ ਲਈ ਜਾ ਰਹੇ ਸਨ।

ਰਸਤੇ ਵਿੱਚ ਤਸਬੀਰ ਕੌਰ ਅੱਗੇ ਅੱਗੇ ਚਲ ਰਹੀ ਸੀ ਕਿ ਹਨੇਰੇ ਵਿੱਚੋਂ ਤਿੰਨ ਅਣਪਛਾਤੇ ਵਿਅਕਤੀ ਆਏ। ਇਨ੍ਹਾਂ ਵਿੱਚੋਂ ਇੱਕ ਨੇ ਤਸਬੀਰ ਕੌਰ ਦੇ ਕੰਨਾਂ ਤੋਂ ਸੋਨੇ ਦੀਆਂ ਵਾਲੀਆਂ ਝਪਟ ਕੇ ਖੋਹ ਲਈਆਂ ਅਤੇ ਉਸ ਦੇ ਸਿਰ ‘ਚ ਕੋਈ ਭਾਰੀ ਚੀਜ਼ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਈ।

ਘਟਨਾ ਦੌਰਾਨ ਕਾਰਜ ਸਿੰਘ ਨੇ ਇੱਕ ਦੋਸ਼ੀ ਨੂੰ ਪਛਾਣ ਲਿਆ, ਜਿਸਦਾ ਨਾਮ ਵਰਿਆਮ ਸਿੰਘ ਪੁੱਤਰ ਗੁਲਜਾਰ ਸਿੰਘ, ਵਾਸੀ ਮੱਦਰ ਮੱਥਰਾ ਭਾਗੀ ਦੱਸਿਆ ਗਿਆ। ਜ਼ਖ਼ਮੀ ਤਸਬੀਰ ਕੌਰ ਨੂੰ ਤੁਰੰਤ ਕੇ.ਡੀ. ਹਸਪਤਾਲ ਅੰਮ੍ਰਿਤਸਰ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।

ਇਸ ਮਾਮਲੇ ਵਿੱਚ ਪੁਲਿਸ ਵੱਲੋਂ ਮੁਕੱਦਮਾ ਨੰਬਰ 12 ਮਿਤੀ 14.01.2026 ਨੂੰ ਜੁਰਮ 304, 115(2) ਬੀ.ਐਨ.ਐਸ ਹੇਠ ਦਰਜ ਕੀਤਾ ਗਿਆ ਅਤੇ ਬਾਅਦ ਵਿੱਚ ਮੌਤ ਹੋਣ ਕਾਰਨ ਜੁਰਮ 105 ਬੀ.ਐਨ.ਐਸ ਦਾ ਵਾਧਾ ਕੀਤਾ ਗਿਆ।

ਸੀਨੀਅਰ ਪੁਲਿਸ ਅਧਿਕਾਰੀਆਂ ਦੀ ਹਦਾਇਤਾਂ ਅਨੁਸਾਰ ਅਤੇ ਉੱਚ ਅਧਿਕਾਰੀਆਂ ਦੀ ਨਿਗਰਾਨੀ ਹੇਠ ਖਾਲੜਾ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ। ਤਫ਼ਤੀਸ਼ ਦੌਰਾਨ ਦੋਸ਼ੀ ਵਰਿਆਮ ਸਿੰਘ ਪੁੱਤਰ ਗੁਲਜਾਰ ਸਿੰਘ ਅਤੇ ਗੁਰਲਾਲ ਸਿੰਘ ਉਰਫ਼ ਲੱਲੀ ਪੁੱਤਰ ਕਾਲਾ ਸਿੰਘ, ਦੋਵੇਂ ਵਾਸੀ ਮੱਦਰ ਮੱਥਰਾ ਭਾਗੀ, ਨੂੰ ਹਸਬ-ਜ਼ਾਬਤਾ ਗ੍ਰਿਫਤਾਰ ਕਰ ਲਿਆ ਗਿਆ।

ਦੋਹਾਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਪੁਲਿਸ ਵੱਲੋਂ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਜਾਰੀ ਹੈ ਅਤੇ ਘਟਨਾ ਨਾਲ ਜੁੜੇ ਹੋਰ ਤੱਥਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

Jan. 16, 2026 4:36 p.m. 29
#World News #ਜਨ ਪੰਜਾਬ #ਪੰਜਾਬ ਖ਼ਬਰਾਂ
Watch Special Video
Sponsored
Trending News