ਖਾਲਸਾ ਸੇਵਾ ਸੁਸਾਇਟੀ ਕਰਵਾਏਗੀ 11 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਅਨੰਦ ਕਾਰਜ - ਕੁਲਦੀਪ ਸਿੰਘ ਕਲਸੀ

Author : Harpal Singh

ਇਲਾਕੇ ਦੀ ਪ੍ਰਮੁੱਖ ਧਾਰਮਿਕ ਅਤੇ ਸਮਾਜ ਸੇਵੀ ਸੰਸਥਾ ਖਾਲਸਾ ਸੇਵਾ ਸੁਸਾਇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ 11 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਅਨੰਦ ਕਾਰਜ ਕਰਵਾਉਣ ਦਾ ਮਨੁੱਖਤਾ ਭਰਿਆ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਜਰਨਲ ਸਕੱਤਰ ਕੁਲਦੀਪ ਸਿੰਘ ਕਲਸੀ ਨੇ ਦੱਸਿਆ ਕਿ ਇਹ ਸੇਵਾ ਕਾਰਜ ਹਰ ਸਾਲ ਨਿਰੰਤਰ ਤੌਰ ‘ਤੇ ਕੀਤਾ ਜਾਂਦਾ ਹੈ।

ਉਹਨਾਂ ਕਿਹਾ ਕਿ ਇਸ ਵਾਰ ਸਮਾਗਮ ਲਈ ਕੁੱਲ 20 ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿੱਚੋਂ ਪੂਰੀ ਜਾਂਚ-ਪੜਤਾਲ ਤੋਂ ਬਾਅਦ 11 ਲੋੜਵੰਦ ਪਰਿਵਾਰਾਂ ਦੀ ਚੋਣ ਕੀਤੀ ਗਈ ਹੈ। ਇਹ ਸਾਰੇ ਅਨੰਦ ਕਾਰਜ ਸੁਸਾਇਟੀ ਦੇ ਸਮੂਹਿਕ ਸਮਾਗਮ ਤਹਿਤ ਕਰਵਾਏ ਜਾਣਗੇ।

ਸੁਸਾਇਟੀ ਦੇ ਮੁੱਖ ਸੇਵਾਦਾਰ ਪਰਮਜੋਤ ਸਿੰਘ ਖਾਲਸਾ ਨੇ ਦੱਸਿਆ ਕਿ ਸੰਗਤ ਵੱਲੋਂ ਮਿਲਦੇ ਸਹਿਯੋਗ ਅਤੇ ਦਸਵੰਧ ਨੂੰ ਸਹੀ ਦਿਸ਼ਾ ਵਿੱਚ ਵਰਤਣਾ ਸਾਡਾ ਫਰਜ਼ ਹੈ। ਇਸੇ ਕਾਰਨ ਹਰ ਅਰਜ਼ੀ ਦੀ ਗਹਿਰਾਈ ਨਾਲ ਘੋਖ ਕੀਤੀ ਜਾਂਦੀ ਹੈ, ਤਾਂ ਜੋ ਸਹਾਇਤਾ ਸਹੀ ਹੱਕਦਾਰ ਤੱਕ ਪਹੁੰਚ ਸਕੇ।

ਦਲਜੀਤ ਸਿੰਘ ਔਲਖ ਅਤੇ ਸਤਿੰਦਰ ਪਾਲ ਸਿੰਘ ਨੇ ਜਾਣਕਾਰੀ ਦਿੱਤੀ ਕਿ ਹਰ ਜੋੜੇ ਨੂੰ ਵਿਆਹ ਸਮੇਂ ਘਰੇਲੂ ਵਰਤੋਂ ਦਾ ਸਮਾਨ ਜਿਵੇਂ ਬੈਡ, ਪੇਟੀ, ਸਿਲਾਈ ਮਸ਼ੀਨ, ਅਲਮਾਰੀ, ਮੇਜ਼, ਕੁਰਸੀਆਂ, ਕੰਬਲ, ਭਾਂਡੇ, ਬਿਸਤਰੇ ਅਤੇ ਪੱਖੇ ਆਦਿ ਦਿੱਤੇ ਜਾਣਗੇ, ਤਾਂ ਜੋ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਸੁਖਦਾਈ ਹੋ ਸਕੇ।

ਸ੍ਰੀ ਸਤਨਾਮ ਸਿੰਘ ਕਾਰਪੇਂਟਰ ਅਤੇ ਹਰਦੀਪ ਸਿੰਘ ਮਨੀ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਪਵਿੱਤਰ ਅਤੇ ਸਮਾਜਿਕ ਕਾਰਜ ਵਿੱਚ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ। ਉਥੇ ਹੀ ਰਸ਼ਪਾਲ ਸਿੰਘ ਅਤੇ ਗੁਰਜੰਟ ਸਿੰਘ ਨੇ ਦੱਸਿਆ ਕਿ ਸਮਾਗਮ ਦੌਰਾਨ ਭਾਈ ਚਰਨ ਸਿੰਘ, ਭਾਈ ਵਰਿਆਮ ਸਿੰਘ, ਭਾਈ ਰਵਿੰਦਰ ਸਿੰਘ ਅਤੇ ਭਾਈ ਪਰਮਵੀਰ ਸਿੰਘ ਵੱਲੋਂ ਗੁਰੂ ਜਸ ਨਾਲ ਸੰਗਤ ਨੂੰ ਨਿਹਾਲ ਕੀਤਾ ਜਾਵੇਗਾ।

ਇਸ ਮੌਕੇ ਰਣਜੀਤ ਸਿੰਘ, ਗੁਰਮੇਲ ਸਿੰਘ, ਮਾਸਟਰ ਗੁਰਪ੍ਰੀਤ ਸਿੰਘ, ਗੁਰਜੰਟ ਸਿੰਘ, ਮਾਸਟਰ ਸੁਰਿੰਦਰ ਸਿੰਘ, ਤ੍ਰਿਸ਼ਨਜੀਤ ਸਿੰਘ, ਮੇਜਰ ਸਿੰਘ ਅਤੇ ਦਿਲਬਾਗ ਸਿੰਘ ਸਮੇਤ ਕਈ ਸੇਵਾਦਾਰ ਹਾਜ਼ਰ ਸਨ। ਇਹ ਸਾਰੀ ਜਾਣਕਾਰੀ ਪ੍ਰੈਸ ਸਕੱਤਰ ਹਰਪ੍ਰੀਤ ਸਿੰਘ ਖੀਵਾ ਵੱਲੋਂ ਸਾਂਝੀ ਕੀਤੀ ਗਈ।

ਇਹ ਉਪਰਾਲਾ ਸਮਾਜ ਵਿੱਚ ਸੇਵਾ, ਸਾਂਝ ਅਤੇ ਸਹਿਯੋਗ ਦੀ ਮਿਸਾਲ ਪੇਸ਼ ਕਰਦਾ ਹੈ, ਜੋ ਹੋਰ ਸੰਸਥਾਵਾਂ ਲਈ ਵੀ ਪ੍ਰੇਰਣਾ ਬਣ ਸਕਦਾ ਹੈ।

Jan. 5, 2026 3:06 p.m. 5
#World News #ਜਨ ਪੰਜਾਬ #ਪੰਜਾਬ ਖ਼ਬਰਾਂ #latest news punjab #jan punjab news
Watch Special Video
Sponsored
Trending News