Roof Collapse Incident: ਗੁਰਦਾਸਪੁਰ ’ਚ ਧੁੱਪ ਸੇਕ ਰਹੀਆਂ ਦੋ ਭੈਣਾਂ ਸਮੇਤ ਛੱਤ ਡਿੱਗੀ, ਮਸਾਂ ਬਚੀ ਜਾਨ

Author : Lovepreet Singh

ਗੁਰਦਾਸਪੁਰ ਜ਼ਿਲ੍ਹੇ ਦੇ ਹਲਕਾ ਫਤਿਹਗੜ੍ਹ ਚੂੜੀਆਂ ਦੀ ਵਾਰਡ ਨੰਬਰ 10 ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ। ਇੱਥੇ ਇੱਕ ਗਰੀਬ ਪਰਿਵਾਰ ਦੇ ਘਰ ਦੀ ਕੱਚੀ ਛੱਤ ਅਚਾਨਕ ਡਿੱਗ ਪਈ, ਜਿਸ ਸਮੇਂ ਘਰ ਦੀ ਛੱਤ ਉੱਤੇ ਦੋ ਛੋਟੀਆਂ ਭੈਣਾਂ ਧੁੱਪ ਸੇਕ ਰਹੀਆਂ ਸਨ।

ਜਾਣਕਾਰੀ ਮੁਤਾਬਕ 13 ਸਾਲਾ ਖੁਸ਼ੀ ਅਤੇ 11 ਸਾਲਾ ਨੰਦਨੀ ਆਪਣੇ ਘਰ ਦੇ ਕੋਠੇ ਉੱਤੇ ਬੈਠੀਆਂ ਸਨ ਕਿ ਅਚਾਨਕ ਕਮਜ਼ੋਰ ਛੱਤ ਢਹਿ ਗਈ। ਦੋਵੇਂ ਬੱਚੀਆਂ ਬਾਲ-ਬਾਲ ਬਚ ਗਈਆਂ, ਹਾਲਾਂਕਿ ਉਨ੍ਹਾਂ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਛੱਤ ਡਿੱਗਣ ਕਾਰਨ ਘਰ ਦੇ ਅੰਦਰ ਪਿਆ ਸਮਾਨ ਪੂਰੀ ਤਰ੍ਹਾਂ ਤਬਾਹ ਹੋ ਗਿਆ। ਪਰਿਵਾਰ ਦੇ ਮੁਖੀ ਵਿਨੋਦ ਕੁਮਾਰ ਦਿਹਾੜੀਦਾਰ ਮਜ਼ਦੂਰ ਹਨ ਅਤੇ ਪਹਿਲਾਂ ਹੀ ਆਰਥਿਕ ਤੰਗੀ ਨਾਲ ਜੂਝ ਰਹੇ ਹਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਪਿਛਲੇ ਕੁਝ ਸਮੇਂ ਦੌਰਾਨ ਦੋ ਵਾਰ ਕੱਚੇ ਮਕਾਨਾਂ ਦੀ ਪੱਕੀ ਛੱਤ ਲਈ ਸਰਕਾਰੀ ਗਰਾਂਟ ਦੇ ਫਾਰਮ ਭਰ ਚੁੱਕੇ ਹਨ, ਪਰ ਅਜੇ ਤੱਕ ਕੋਈ ਮਾਲੀ ਮਦਦ ਨਹੀਂ ਮਿਲੀ।

ਪੀੜਤ ਪਰਿਵਾਰ ਨੇ ਪ੍ਰਸ਼ਾਸਨ, ਸਥਾਨਕ ਪ੍ਰਤੀਨਿਧੀਆਂ ਅਤੇ ਸਰਕਾਰ ਕੋਲੋਂ ਤੁਰੰਤ ਰਾਹਤ, ਮਾਲੀ ਸਹਾਇਤਾ ਅਤੇ ਪੱਕੀ ਛੱਤ ਦੀ ਮੰਗ ਕੀਤੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜੇ ਸਮੇਂ ’ਤੇ ਮਦਦ ਨਾ ਮਿਲੀ ਤਾਂ ਭਵਿੱਖ ਵਿੱਚ ਹੋਰ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ।

Jan. 20, 2026 3:07 p.m. 5
#World News #ਜਨ ਪੰਜਾਬ #ਪੰਜਾਬ ਖ਼ਬਰਾਂ
Watch Special Video
Sponsored
Trending News