ਆਨੰਦਪੁਰ ਸਾਹਿਬ ਦੇ ਸਾਈਂ ਹਸਪਤਾਲ ‘ਤੇ ਗੰਭੀਰ ਦੋਸ਼, ਇਲਾਜ ਦੌਰਾਨ ਮਹਿਲਾ ਦੀ ਮੌਤ

Post by : Jan Punjab Bureau

ਆਨੰਦਪੁਰ ਸਾਹਿਬ ਸਥਿਤ ਸਾਈਂ ਹਸਪਤਾਲ ਵਿੱਚ ਇੱਕ ਮਹਿਲਾ ਦੀ ਮੌਤ ਨੂੰ ਲੈ ਕੇ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਅਨੀਤਾ ਦੇ ਪਤੀ ਕ੍ਰਿਸ਼ਨਾਨੰਦ ਨੇ ਹਸਪਤਾਲ ਪ੍ਰਬੰਧਨ ਅਤੇ ਡਾਕਟਰਾਂ ‘ਤੇ ਇਲਾਜ ਦੌਰਾਨ ਲਾਪਰਵਾਹੀ ਕਰਨ ਦੇ ਦੋਸ਼ ਲਗਾਏ ਹਨ। ਇਸ ਸਬੰਧੀ ਜਾਰੀ ਕੀਤੀ ਗਈ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਫੈਲ ਰਹੀ ਹੈ।

ਕ੍ਰਿਸ਼ਨਾਨੰਦ ਦੇ ਅਨੁਸਾਰ, ਉਸ ਦੀ ਪਤਨੀ ਅਨੀਤਾ ਦਾ ਸਾਈਂ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਇਸ ਦੌਰਾਨ ਓਪਰੇਸ਼ਨ ਥੀਏਟਰ ਵਿੱਚ ਕਥਿਤ ਤੌਰ ‘ਤੇ ਲਾਪਰਵਾਹੀ ਹੋਈ, ਜਿਸ ਕਾਰਨ ਅਨੀਤਾ ਡਿੱਗ ਗਈ ਅਤੇ ਉਸ ਦੇ ਮੱਥੇ ‘ਤੇ ਗੰਭੀਰ ਸੱਟ ਲੱਗੀ। ਬਾਅਦ ਵਿੱਚ ਕਰਵਾਏ ਗਏ ਮੈਡੀਕਲ ਟੈਸਟਾਂ ਦੌਰਾਨ ਸਿਰ ਦੀ ਖੋਪੜੀ ਵਿੱਚ ਫ੍ਰੈਕਚਰ ਹੋਣ ਦੀ ਪੁਸ਼ਟੀ ਹੋਈ।

ਪੀੜਤ ਪਤੀ ਨੇ ਦੱਸਿਆ ਕਿ ਇਸ ਹਾਦਸੇ ਤੋਂ ਬਾਅਦ ਅਨੀਤਾ ਨੂੰ ਅਚਾਨਕ ਕਾਰਡਿਯਕ ਅਰੇਸਟ ਆ ਗਿਆ ਅਤੇ ਉਹ ਕੋਮਾ ਵਿੱਚ ਚਲੀ ਗਈ। ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਐਂਬੂਲੈਂਸ ਰਾਹੀਂ ਮੋਹਾਲੀ ਸਥਿਤ ਮੈਕਸ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਵੈਂਟੀਲੇਟਰ ‘ਤੇ ਰਹੀ। ਕਈ ਦਿਨਾਂ ਤੱਕ ਇਲਾਜ ਚੱਲਣ ਦੇ ਬਾਵਜੂਦ ਅਨੀਤਾ ਦੀ ਹਾਲਤ ਵਿੱਚ ਸੁਧਾਰ ਨਹੀਂ ਆ ਸਕਿਆ ਅਤੇ ਆਖਿਰਕਾਰ ਉਸ ਦੀ ਮੌਤ ਹੋ ਗਈ।

ਕ੍ਰਿਸ਼ਨਾਨੰਦ ਦਾ ਕਹਿਣਾ ਹੈ ਕਿ ਜੇ ਸਮੇਂ ਸਿਰ ਸਹੀ ਇਲਾਜ ਅਤੇ ਪੂਰੀ ਸਾਵਧਾਨੀ ਵਰਤੀ ਜਾਂਦੀ, ਤਾਂ ਉਸ ਦੀ ਪਤਨੀ ਦੀ ਜਾਨ ਬਚ ਸਕਦੀ ਸੀ। ਮ੍ਰਿਤਕਾ ਪਿੱਛੇ ਸਾੜ੍ਹੇ ਤਿੰਨ ਸਾਲ ਦਾ ਇੱਕ ਛੋਟਾ ਪੁੱਤਰ ਛੱਡ ਗਈ ਹੈ, ਜੋ ਹੁਣ ਮਾਂ ਦੇ ਪਿਆਰ ਤੋਂ ਵੰਜਿਤ ਰਹਿ ਗਿਆ ਹੈ।

ਇਸ ਮਾਮਲੇ ਨੂੰ ਲੈ ਕੇ ਪਰਿਵਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੇ ਪੋਰਟਲ ‘ਤੇ ਸ਼ਿਕਾਇਤ ਦਰਜ ਕਰਵਾਈ ਗਈ ਹੈ, ਜਿਸਨੂੰ ਅੱਗੇ ਜਾਂਚ ਲਈ ਸੰਬੰਧਿਤ ਅਧਿਕਾਰੀਆਂ ਤੱਕ ਭੇਜਿਆ ਗਿਆ ਹੈ। ਫਿਲਹਾਲ ਪਰਿਵਾਰ ਵੱਲੋਂ ਮਾਮਲੇ ਦੀ ਨਿਰਪੱਖ ਜਾਂਚ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

Jan. 5, 2026 5:44 p.m. 12
#World News #ਜਨ ਪੰਜਾਬ #ਪੰਜਾਬ ਖ਼ਬਰਾਂ #latest news punjab
Watch Special Video
Sponsored
Trending News