Punjab MC Polls 2026: ਰਾਏਕੋਟ, ਖੰਨਾ, ਮੋਗਾ ਤੇ ਫਰੀਦਕੋਟ ’ਚ ਝੜਪਾਂ ਨਾਲ ਚੋਣੀ ਮਾਹੌਲ ਤਣਾਅਪੂਰਨ

Punjab MC Polls 2026: ਰਾਏਕੋਟ, ਖੰਨਾ, ਮੋਗਾ ਤੇ ਫਰੀਦਕੋਟ ’ਚ ਝੜਪਾਂ ਨਾਲ ਚੋਣੀ ਮਾਹੌਲ ਤਣਾਅਪੂਰਨ

Post by : Jan Punjab Bureau

May 26, 2026 5:13 p.m. 117

ਪੰਜਾਬ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦੌਰਾਨ ਕਈ ਜ਼ਿਲ੍ਹਿਆਂ ਵਿੱਚ ਤਣਾਅਪੂਰਨ ਮਾਹੌਲ ਦੇਖਣ ਨੂੰ ਮਿਲਿਆ। ਰਾਜ ਭਰ ਵਿੱਚ 8 ਨਗਰ ਨਿਗਮਾਂ, 76 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ ਲਈ ਵੋਟਿੰਗ ਸਵੇਰੇ 8 ਵਜੇ ਤੋਂ ਸ਼ੁਰੂ ਹੋਈ, ਜਿਸ ਵਿੱਚ ਹਜ਼ਾਰਾਂ ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਚੋਣ ਕਮਿਸ਼ਨ ਅਨੁਸਾਰ ਦੁਪਹਿਰ 12 ਵਜੇ ਤੱਕ ਕਰੀਬ 31.6 ਫੀਸਦੀ ਵੋਟਿੰਗ ਦਰਜ ਕੀਤੀ ਗਈ।

ਇਸ ਦੌਰਾਨ ਰਾਏਕੋਟ, ਖੰਨਾ, ਮੋਗਾ, ਫਰੀਦਕੋਟ ਅਤੇ ਅਬੋਹਰ ਸਮੇਤ ਕਈ ਇਲਾਕਿਆਂ ਵਿੱਚ ਝੜਪਾਂ, ਬਹਿਸਬਾਜ਼ੀ ਅਤੇ ਜਾਅਲੀ ਵੋਟਿੰਗ ਦੇ ਦੋਸ਼ਾਂ ਕਾਰਨ ਮਾਹੌਲ ਕਾਫੀ ਗਰਮ ਹੋ ਗਿਆ।

ਰਾਏਕੋਟ ਦੇ ਵਾਰਡ ਨੰਬਰ 4 ਵਿੱਚ ਕਾਂਗਰਸੀ ਉਮੀਦਵਾਰ ਜਗਦੇਵ ਸਿੰਘ ਜੱਗਾ ’ਤੇ ਹਮਲੇ ਦੀ ਖਬਰ ਸਾਹਮਣੇ ਆਈ। ਹਮਲੇ ਵਿੱਚ ਉਹ ਗੰਭੀਰ ਜ਼ਖ਼ਮੀ ਹੋਏ ਅਤੇ ਪਹਿਲਾਂ ਸਿਵਲ ਹਸਪਤਾਲ ਫਿਰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ। ਕਾਂਗਰਸੀ ਆਗੂਆਂ ਨੇ ਹਮਲੇ ਲਈ ਆਮ ਆਦਮੀ ਪਾਰਟੀ ਦੇ ਸਮਰਥਕਾਂ ਨੂੰ ਜ਼ਿੰਮੇਵਾਰ ਠਹਿਰਾਇਆ।

ਖੰਨਾ ਦੇ ਵਾਰਡ ਨੰਬਰ 15 ਵਿੱਚ ਕਾਂਗਰਸ ਅਤੇ ‘ਆਪ’ ਸਮਰਥਕਾਂ ਵਿਚਾਲੇ ਤਿੱਖੀ ਬਹਿਸ ਹੋਈ, ਜਿਸ ਕਾਰਨ ਪੋਲਿੰਗ ਬੂਥ ਦੇ ਬਾਹਰ ਤਣਾਅ ਬਣ ਗਿਆ। ਪੁਲਿਸ ਨੇ ਤੁਰੰਤ ਦਖਲ ਦੇ ਕੇ ਸਥਿਤੀ ਨੂੰ ਕਾਬੂ ਕੀਤਾ।

ਮੋਗਾ ਦੇ ਪੋਲਿੰਗ ਬੂਥ ਨੰਬਰ 106 ’ਤੇ ਜਾਅਲੀ ਵੋਟਿੰਗ ਦੇ ਦੋਸ਼ ਲੱਗੇ। ਕਾਂਗਰਸ ਅਤੇ ‘ਆਪ’ ਉਮੀਦਵਾਰਾਂ ਵਿਚਾਲੇ ਗਰਮਾ-ਗਰਮ ਬਹਿਸ ਵੀ ਹੋਈ। ਕੁਝ ਲੋਕਾਂ ਨੇ ਦੋਸ਼ ਲਗਾਇਆ ਕਿ ਬੂਥ ’ਤੇ ਵੀਡੀਓ ਰਿਕਾਰਡਿੰਗ ਠੀਕ ਢੰਗ ਨਾਲ ਨਹੀਂ ਹੋ ਰਹੀ ਸੀ ਅਤੇ ਇੱਕ ਵੋਟਰ ਦਾ ਨਾਮ ਦੋ ਵਾਰ ਦਰਜ ਕੀਤਾ ਗਿਆ।

ਫਰੀਦਕੋਟ ਵਿੱਚ ‘ਆਪ’ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਭਾਜਪਾ ਆਗੂ ਸੰਨੀ ਬਰਾੜ ਵਿਚਾਲੇ ਤਿੱਖੀ ਨੋਕਝੋਕ ਦੇਖਣ ਨੂੰ ਮਿਲੀ। ਸੇਖੋਂ ਨੇ ਦੋਸ਼ ਲਗਾਇਆ ਕਿ ਫੌਜ ਨਾਲ ਸਬੰਧਤ ਸਕੂਲ ਬੱਸਾਂ ਦੀ ਵਰਤੋਂ ਵੋਟਰਾਂ ਨੂੰ ਲਿਜਾਣ ਲਈ ਕੀਤੀ ਜਾ ਰਹੀ ਸੀ।

ਅਬੋਹਰ ਦੇ ਵਾਰਡ ਨੰਬਰ 31 ਵਿੱਚ ਵੀ ਜਾਅਲੀ ਵੋਟਿੰਗ ਦੀ ਕੋਸ਼ਿਸ਼ ਨੂੰ ਲੈ ਕੇ ਤਣਾਅ ਬਣ ਗਿਆ। ਦੱਸਿਆ ਜਾ ਰਿਹਾ ਹੈ ਕਿ ਇੱਕ ਨੌਜਵਾਨ ਨੂੰ ਬੂਥ ਵਿੱਚ ਦਾਖਲ ਹੋਣ ਤੋਂ ਰੋਕਣ ਦੌਰਾਨ ਝੜਪ ਹੋ ਗਈ।

ਪੰਜਾਬ ਵਿੱਚ ਚੋਣਾਂ ਦੌਰਾਨ ਹੋ ਰਹੀਆਂ ਇਹ ਘਟਨਾਵਾਂ ਚੋਣੀ ਮਾਹੌਲ ਨੂੰ ਕਾਫੀ ਤਣਾਅਪੂਰਨ ਬਣਾ ਰਹੀਆਂ ਹਨ। ਪੁਲਿਸ ਅਤੇ ਚੋਣ ਅਧਿਕਾਰੀ ਹਾਲਾਤ ’ਤੇ ਨਜ਼ਰ ਬਣਾਈ ਹੋਈ ਹੈ।

#ਜਨ ਪੰਜਾਬ #ਪੰਜਾਬ ਖ਼ਬਰਾਂ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਰਾਜਨੀਤੀ - ਪੰਜਾਬ ਸਿਆਸਤ अपडेट्स