ਇੰਡੀਆ ਗੇਟ ‘ਤੇ ਸਪੈਸ਼ਲ ਨਾਕਾਬੰਦੀ, ਪੁਲਿਸ ਕਮਿਸ਼ਨਰ ਦਾ ਅਚਾਨਕ ਦੌਰਾ, 19 ਨਾਕਿਆਂ ‘ਤੇ ਸਖ਼ਤ ਚੈਕਿੰਗ

Author : Vikramjeet Singh

ਅੰਮ੍ਰਿਤਸਰ ਸ਼ਹਿਰ ਵਿੱਚ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਬਣਾਉਣ ਦੇ ਮਕਸਦ ਨਾਲ ਅੱਜ ਵਿਸ਼ੇਸ਼ ਨਾਕਾਬੰਦੀ ਕੀਤੀ ਗਈ। ਥਾਣਾ ਛੇਹਰਟਾ ਦੇ ਅਧੀਨ ਆਉਂਦੇ ਇੰਡੀਆ ਗੇਟ ‘ਤੇ ਲਗਾਏ ਗਏ ਸਪੈਸ਼ਲ ਨਾਕੇ ਦਾ ਅਚਾਨਕ ਜਾਇਜ਼ਾ ਲੈਣ ਲਈ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਖੁਦ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਮੌਕੇ ‘ਤੇ ਤੈਨਾਤ ਪੁਲਿਸ ਮੁਲਾਜ਼ਮਾਂ ਨਾਲ ਗੱਲਬਾਤ ਕਰਕੇ ਚੈਕਿੰਗ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਲਈ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਅੰਮ੍ਰਿਤਸਰ ਕਮਿਸ਼ਨਰੇਟ ਦੇ ਅਧੀਨ ਅੱਜ ਸ਼ਹਿਰ ਭਰ ਵਿੱਚ ਕੁੱਲ 19 ਨਾਕੇ ਲਗਾਏ ਗਏ, ਜਿੱਥੇ ਵਾਹਨਾਂ ਅਤੇ ਸ਼ੱਕੀ ਵਿਅਕਤੀਆਂ ਦੀ ਸਖ਼ਤ ਚੈਕਿੰਗ ਕੀਤੀ ਗਈ। ਸਾਰੇ ਨਾਕਿਆਂ ਦੀ ਨਿਗਰਾਨੀ ਸੀਨੀਅਰ ਅਧਿਕਾਰੀਆਂ ਵੱਲੋਂ ਕੀਤੀ ਗਈ ਅਤੇ ਇਹ ਯਕੀਨੀ ਬਣਾਇਆ ਗਿਆ ਕਿ ਹਰ ਚੈਕਿੰਗ ਨਤੀਜਾ-ਕੇਂਦਰਿਤ ਹੋਵੇ।

ਇੰਡੀਆ ਗੇਟ ਬਾਰਡਰ ਵੱਲੋਂ ਆਉਣ ਵਾਲਾ ਮੁੱਖ ਰੂਟ ਹੋਣ ਕਾਰਨ ਇੱਥੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਇਥੋਂ ਬਾਈਪਾਸ ਅਤੇ ਪਿੰਡਾਂ ਵੱਲ ਜਾਣ ਵਾਲੇ ਕਈ ਰਸਤੇ ਨਿਕਲਦੇ ਹਨ, ਜਿਸ ਕਰਕੇ ਇਲਾਕੇ ਵਿੱਚ ਸਖ਼ਤ ਨਿਗਰਾਨੀ ਰੱਖੀ ਗਈ। ਨਾਕਾਬੰਦੀ ਦੌਰਾਨ ਸੈਂਕੜਿਆਂ ਵਾਹਨਾਂ ਦੀ ਜਾਂਚ ਕੀਤੀ ਗਈ ਅਤੇ ਕਈ ਸ਼ੱਕੀ ਲੋਕਾਂ ਨਾਲ ਪੁੱਛਗਿੱਛ ਹੋਈ।

ਚੈਕਿੰਗ ਦੌਰਾਨ ਨਸ਼ੀਲੀਆਂ ਗੋਲੀਆਂ ਦੀ ਬਰਾਮਦਗੀ ਵੀ ਕੀਤੀ ਗਈ ਹੈ, ਜਿਸ ਸਬੰਧੀ ਕਾਨੂੰਨੀ ਕਾਰਵਾਈ ਜਾਰੀ ਹੈ। ਇਸ ਦੇ ਨਾਲ-ਨਾਲ ਰਣਜੀਤ ਐਵਨਿਊ, ਸਿਵਲ ਲਾਈਨ ਸਮੇਤ ਹੋਰ ਇਲਾਕਿਆਂ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਗਈ।

ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਅਜਿਹੀਆਂ ਨਾਕਾਬੰਦੀਆਂ ਨਾਲ ਆਮ ਲੋਕਾਂ ਵਿੱਚ ਸੁਰੱਖਿਆ ਦਾ ਭਰੋਸਾ ਵਧਦਾ ਹੈ ਅਤੇ ਗਲਤ ਅਨਸਰਾਂ ਵਿੱਚ ਡਰ ਬਣਦਾ ਹੈ। ਉਨ੍ਹਾਂ ਸਾਫ਼ ਕੀਤਾ ਕਿ ਅੰਮ੍ਰਿਤਸਰ ਪੁਲਿਸ ਪੂਰੀ ਤਰ੍ਹਾਂ ਪ੍ਰੋਫੈਸ਼ਨਲ ਢੰਗ ਨਾਲ ਕੰਮ ਕਰ ਰਹੀ ਹੈ ਅਤੇ ਹਰ ਅਪਰਾਧ ਨੂੰ ਹਰ ਐਂਗਲ ਤੋਂ ਜਾਂਚਿਆ ਜਾ ਰਿਹਾ ਹੈ।

ਉਨ੍ਹਾਂ ਨੇ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਸ਼ਹਿਰ ਦੀ ਸੁਰੱਖਿਆ ਨਾਲ ਜੁੜੀਆਂ ਕੁਝ ਵੱਡੀਆਂ ਸਫ਼ਲਤਾਵਾਂ ਜਨਤਾ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਅਤੇ ਅਮਨ-ਕਾਨੂੰਨ ਨੂੰ ਕਾਇਮ ਰੱਖਣ ਲਈ ਅਜਿਹੀਆਂ ਕਾਰਵਾਈਆਂ ਲਗਾਤਾਰ ਜਾਰੀ ਰਹਿਣਗੀਆਂ।

Jan. 6, 2026 1:22 p.m. 5
#ਜਨ ਪੰਜਾਬ #ਪੰਜਾਬ ਖ਼ਬਰਾਂ #latest news punjab #jan punjab news
Watch Special Video
Sponsored
Trending News