ਜੰਡਿਆਲਾ ਗੁਰੂ ਤੋਂ ਦਹਿਲਾ ਦੇਣ ਵਾਲੀ ਵਾਰਦਾਤ : CAPITAL BANK ਦੇ ਕਰਮਚਾਰੀ ਰੋਬਨਦੀਪ ਸਿੰਘ ਦੀ ਗੋਲੀ ਮਾਰ ਕੇ ਬੇਰਹਿਮੀ ਨਾਲ ਹੱਤਿਆ, ਲਾਇਸੈਂਸੀ ਪਿਸਤੌਲ ਗਾਇਬ ਇਲਾਕੇ ਵਿੱਚ ਦਹਿਸ਼ਤ

Author : Vikramjeet Singh

ਜੰਡਿਆਲਾ ਗੁਰੂ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। 36 ਸਾਲਾ ਰੋਬਨਦੀਪ ਸਿੰਘ ਪੁੱਤਰ ਜਗਜੀਤ ਸਿੰਘ, ਜੋ ਕਿ CAPITAL BANK ਵਿੱਚ ਨੌਕਰੀ ਕਰਦਾ ਸੀ, ਦੀ ਬੇਰਹਿਮੀ ਨਾਲ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ।

ਪਰਿਵਾਰਕ ਮੈਂਬਰਾਂ ਮੁਤਾਬਕ ਰੋਬਨਦੀਪ ਸਿੰਘ ਦੋ ਦਿਨ ਪਹਿਲਾਂ ਆਪਣੇ ਬੈਂਕ ਅਤੇ ਘਰੇਲੂ ਕੰਮਾਂ ਸਬੰਧੀ ਜੰਡਿਆਲਾ ਗੁਰੂ ਤੋਂ ਜਲੰਧਰ ਗਿਆ ਸੀ। ਕਾਫੀ ਸਮਾਂ ਬੀਤ ਜਾਣ ਮਗਰੋਂ ਵੀ ਜਦੋਂ ਉਹ ਘਰ ਵਾਪਸ ਨਾ ਆਇਆ ਅਤੇ ਸੰਪਰਕ ਨਹੀਂ ਹੋ ਸਕਿਆ, ਤਾਂ CAPITAL BANK ਵੱਲੋਂ ਪਰਿਵਾਰ ਨਾਲ ਪੁੱਛਗਿੱਛ ਕੀਤੀ ਗਈ।

ਇਸ ਦੌਰਾਨ ਪਤਾ ਲੱਗਿਆ ਕਿ ਰੋਬਨਦੀਪ ਸਿੰਘ ਦੀ ਕਾਰ ਸਮੇਤ ਉਸ ਦੀ ਲਾਸ਼ ਜਲੰਧਰ ਨੇੜਲੇ ਕਰਤਾਰਪੁਰ ਇਲਾਕੇ ਵਿੱਚ ਮਿਲੀ ਹੈ। ਲਾਸ਼ ਉੱਤੇ ਗੋਲੀ ਲੱਗਣ ਦੇ ਨਿਸ਼ਾਨ ਸਪੱਸ਼ਟ ਹਨ, ਜੋ ਕਿ ਕਤਲ ਵੱਲ ਇਸ਼ਾਰਾ ਕਰਦੇ ਹਨ।

ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਰੋਬਨਦੀਪ ਸਿੰਘ ਕੋਲ ਉਸ ਦਾ ਆਪਣਾ ਲਾਇਸੈਂਸ ਵਾਲਾ ਪਿਸਤੌਲ ਸੀ, ਜੋ ਕਿ ਵਾਰਦਾਤ ਤੋਂ ਬਾਅਦ ਮੌਕੇ ਤੋਂ ਗਾਇਬ ਹੈ। ਨਾਲ ਹੀ ਉਸ ਦੇ ਜ਼ਰੂਰੀ ਦਸਤਾਵੇਜ਼ ਵੀ ਨਹੀਂ ਮਿਲੇ, ਜਿਸ ਕਾਰਨ ਲੁਟਪਾਟ ਮਗਰੋਂ ਕਤਲ ਦਾ ਸ਼ੱਕ ਹੋਰ ਮਜ਼ਬੂਤ ਹੋ ਗਿਆ ਹੈ।

ਇਸ ਸੰਸਨੀਖੇਜ਼ ਘਟਨਾ ਤੋਂ ਬਾਅਦ ਜੰਡਿਆਲਾ ਗੁਰੂ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪਰਿਵਾਰ ਨੇ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ।

ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਵੱਖ-ਵੱਖ ਪੱਖਾਂ ਤੋਂ ਤਫਤੀਸ਼ ਜਾਰੀ ਹੈ।
 

Dec. 25, 2025 2:45 p.m. 14
#ਜਨ ਪੰਜਾਬ #ਪੰਜਾਬ ਖ਼ਬਰਾਂ
Watch Special Video
Sponsored
Trending News