‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਦੂਜੇ ਪੜਾਅ ਲਈ ਐੱਸ.ਡੀ.ਐੱਮ ਤੇ ਪੁਲਸ ਪ੍ਰਸ਼ਾਸਨ ਨੇ ਵੀ.ਡੀ.ਸੀ ਮੈਂਬਰਾਂ ਅਤੇ ਸਰਪੰਚਾਂ ਨਾਲ ਕੀਤੀ ਮੀਟਿੰਗ

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਦੂਜੇ ਪੜਾਅ ਲਈ ਐੱਸ.ਡੀ.ਐੱਮ ਤੇ ਪੁਲਸ ਪ੍ਰਸ਼ਾਸਨ ਨੇ ਵੀ.ਡੀ.ਸੀ ਮੈਂਬਰਾਂ ਅਤੇ ਸਰਪੰਚਾਂ ਨਾਲ ਕੀਤੀ ਮੀਟਿੰਗ

Author : Palwinder Singh

Jan. 12, 2026 10:29 a.m. 258

ਫਤਿਹਗੜ੍ਹ ਚੂੜੀਆਂ — ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮਕਸਦ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦੇ ਦੂਜੇ ਪੜਾਅ ਦੇ ਆਗਾਜ਼ ਲਈ ਫਤਿਹਗੜ੍ਹ ਚੂੜੀਆਂ ਵਿੱਚ ਪ੍ਰਸ਼ਾਸਨ ਵੱਲੋਂ ਅਹਿਮ ਮੀਟਿੰਗ ਕੀਤੀ ਗਈ। ਇਹ ਮੀਟਿੰਗ ਚੇਅਰਮੈਨ ਫਾਰਮਜ਼ ਪੈਲੇਸ ਵਿੱਚ ਐੱਸ.ਡੀ.ਐੱਮ ਫਤਿਹਗੜ੍ਹ ਚੂੜੀਆਂ ਮੈਡਮ ਨਵਜੋਤ ਸ਼ਰਮਾ (ਆਰ.ਟੀ.ਓ ਗੁਰਦਾਸਪੁਰ) ਦੀ ਰਹਿਨੁਮਾਈ ਹੇਠ ਹੋਈ।

ਮੀਟਿੰਗ ਵਿੱਚ ਡੀ.ਐੱਸ.ਪੀ ਫਤਿਹਗੜ੍ਹ ਚੂੜੀਆਂ ਰਾਜੇਸ਼ ਕੱਕੜ, ਬੀ.ਡੀ.ਪੀ.ਓ ਸੁਖਜਿੰਦਰ ਸਿੰਘ ਸਮੇਤ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਸਰਪੰਚ, ਵਿਲੇਜ ਡਿਫੈਂਸ ਕਮੇਟੀ (ਵੀ.ਡੀ.ਸੀ) ਦੇ ਮੈਂਬਰ ਅਤੇ ਬਲਾਕ ਕੋਆਰਡੀਨੇਟਰ ਹਾਜ਼ਰ ਰਹੇ।

ਐੱਸ.ਡੀ.ਐੱਮ ਮੈਡਮ ਨਵਜੋਤ ਸ਼ਰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁਹਿੰਮ ਦਾ ਦੂਜਾ ਪੜਾਅ ਪਿੰਡ ਪੱਧਰ ‘ਤੇ ਸ਼ੁਰੂ ਕੀਤਾ ਜਾ ਰਿਹਾ ਹੈ ਤਾਂ ਜੋ ਹਰ ਘਰ ਤੱਕ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਸਚੀ ਜਾਣਕਾਰੀ ਪਹੁੰਚਾਈ ਜਾ ਸਕੇ। ਉਨ੍ਹਾਂ ਦੱਸਿਆ ਕਿ 10 ਜਨਵਰੀ ਨੂੰ ਪਿੰਡ ਬੱਲ ਖੁਰਦ ਤੋਂ ਪੈਦਲ ਯਾਤਰਾ ਦੇ ਰੂਪ ਵਿੱਚ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ, ਜਿਸ ਦੀ ਅਗਵਾਈ ਪੰਚਾਇਤ ਸਕੱਤਰ, ਵੀ.ਡੀ.ਸੀ ਮੈਂਬਰ ਅਤੇ ਪਿੰਡ ਦੇ ਸਰਪੰਚ ਕਰਨਗੇ।

ਉਨ੍ਹਾਂ ਕਿਹਾ ਕਿ 10 ਪਿੰਡਾਂ ਨੂੰ ਇਕ ਬਲਾਕ ਵਜੋਂ ਤਿਆਰ ਕੀਤਾ ਗਿਆ ਹੈ ਅਤੇ ਇਕ ਦਿਨ ਵਿੱਚ 10 ਪਿੰਡਾਂ ਨੂੰ ਪੈਦਲ ਯਾਤਰਾ ਰਾਹੀਂ ਕਵਰ ਕੀਤਾ ਜਾਵੇਗਾ। ਇਸ ਦੌਰਾਨ ਨਸ਼ਿਆਂ ਤੋਂ ਦੂਰ ਰਹਿਣ, ਨੌਜਵਾਨਾਂ ਨੂੰ ਸਹੀ ਰਾਹ ‘ਤੇ ਲਿਆਉਣ ਅਤੇ ਸਰਕਾਰ ਦੀ ਮੁਹਿੰਮ ਨਾਲ ਜੁੜਨ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ।

ਡੀ.ਐੱਸ.ਪੀ ਰਾਜੇਸ਼ ਕੱਕੜ ਨੇ ਕਿਹਾ ਕਿ ਹਲਕੇ ਦੇ ਕੁੱਲ 190 ਪਿੰਡਾਂ ਨੂੰ 22 ਵਾਰਡਾਂ ਵਿੱਚ ਵੰਡ ਕੇ ਇਸ ਮੁਹਿੰਮ ਤਹਿਤ ਕਵਰ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਵਿਰੁੱਧ ਇਸ ਲੜਾਈ ਵਿੱਚ ਪ੍ਰਸ਼ਾਸਨ ਦਾ ਸਾਥ ਦਿੱਤਾ ਜਾਵੇ ਤਾਂ ਜੋ ਆਪਣੇ ਪਿੰਡ, ਸ਼ਹਿਰ ਅਤੇ ਹਲਕੇ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ।

ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦੇਣ ਵਾਲੇ ਵਿਅਕਤੀ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ ਅਤੇ ਨਸ਼ਾ ਵੇਚਣ ਵਾਲਿਆਂ ‘ਤੇ ਸਖ਼ਤ ਨਿਗਰਾਨੀ ਸਟੇਟ ਲੈਵਲ ਤੱਕ ਕੀਤੀ ਜਾਵੇਗੀ। ਮੁਹਿੰਮ ਦਾ ਮੁੱਖ ਮਕਸਦ ਵੱਧ ਤੋਂ ਵੱਧ ਲੋਕਾਂ ਦੀ ਭਾਗੀਦਾਰੀ ਨਾਲ ਨਸ਼ਿਆਂ ਦਾ ਖਾਤਮਾ ਕਰਨਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਸਮਾਜ ਮਿਲ ਸਕੇ।

#World News #ਜਨ ਪੰਜਾਬ #ਪੰਜਾਬ ਖ਼ਬਰਾਂ #latest news punjab #jan punjab news
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਕਾਨੂੰਨ–ਵਿਵਸਥਾ - ਪੰਜਾਬ ਸੁਰੱਖਿਆ अपडेट्स