Road Safety Awareness: ਗੁਰਦਾਸਪੁਰ ਵਿੱਚ ਥਰੀ ਵੀਲਰ ਚਾਲਕਾਂ ਲਈ ਰੋਡ ਸੇਫਟੀ ਸੈਮੀਨਾਰ ਆਯੋਜਿਤ

Road Safety Awareness: ਗੁਰਦਾਸਪੁਰ ਵਿੱਚ ਥਰੀ ਵੀਲਰ ਚਾਲਕਾਂ ਲਈ ਰੋਡ ਸੇਫਟੀ ਸੈਮੀਨਾਰ ਆਯੋਜਿਤ

Author : Sonu Samyal

Jan. 17, 2026 4:21 p.m. 268

ਰੋਡ ਸੇਫਟੀ ਮਹੀਨੇ ਨੂੰ ਧਿਆਨ ਵਿੱਚ ਰੱਖਦਿਆਂ ਅੱਜ ਗੁਰਦਾਸਪੁਰ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਬੱਸ ਸਟੈਂਡ ਵਿਖੇ ਥਰੀ ਵੀਲਰ ਚਾਲਕਾਂ ਅਤੇ ਆਮ ਲੋਕਾਂ ਲਈ ਇੱਕ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਦਾ ਮਕਸਦ ਸੜਕ ਹਾਦਸਿਆਂ ਨੂੰ ਘਟਾਉਣਾ ਅਤੇ ਡਰਾਈਵਰਾਂ ਵਿੱਚ ਸੁਰੱਖਿਅਤ ਡਰਾਈਵਿੰਗ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਸੀ।

ਸੈਮੀਨਾਰ ਦੌਰਾਨ ਏ.ਐਸ.ਆਈ. ਅਮਨਦੀਪ ਸਿੰਘ ਵੱਲੋਂ ਥਰੀ ਵੀਲਰ ਚਾਲਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਬਾਰੇ ਵਿਸਥਾਰ ਨਾਲ ਸਮਝਾਇਆ ਗਿਆ। ਉਨ੍ਹਾਂ ਦੱਸਿਆ ਕਿ ਥਰੀ ਵੀਲਰਾਂ ’ਤੇ ਰਿਫਲੈਕਟਰ ਲਗਾਉਣਾ ਬਹੁਤ ਜ਼ਰੂਰੀ ਹੈ, ਤਾਂ ਜੋ ਰਾਤ ਸਮੇਂ ਵਾਹਨ ਦੂਰੋਂ ਹੀ ਦਿਖਾਈ ਦੇ ਸਕਣ ਅਤੇ ਹਾਦਸਿਆਂ ਤੋਂ ਬਚਿਆ ਜਾ ਸਕੇ।

ਇਸ ਮੌਕੇ ਸਵਾਰੀਆਂ ਨੂੰ ਬਿਠਾਉਣ ਅਤੇ ਉਤਾਰਣ ਸਬੰਧੀ ਖਾਸ ਹਦਾਇਤਾਂ ਦਿੱਤੀਆਂ ਗਈਆਂ। ਚਾਲਕਾਂ ਨੂੰ ਕਿਹਾ ਗਿਆ ਕਿ ਸਵਾਰੀਆਂ ਨੂੰ ਹਮੇਸ਼ਾ ਨਿਰਧਾਰਤ ਅਤੇ ਸੁਰੱਖਿਅਤ ਥਾਂ ’ਤੇ ਹੀ ਚੜ੍ਹਾਇਆ ਤੇ ਉਤਾਰਿਆ ਜਾਵੇ ਅਤੇ ਗਲਤ ਥਾਂ ਪਾਰਕਿੰਗ ਕਰਨ ਤੋਂ ਪਰਹੇਜ਼ ਕੀਤਾ ਜਾਵੇ।

ਡਰਾਈਵਿੰਗ ਦੌਰਾਨ ਮੋਬਾਇਲ ਫ਼ੋਨ ਦੀ ਵਰਤੋਂ ਨਾ ਕਰਨ ਬਾਰੇ ਵੀ ਸਖ਼ਤ ਤੌਰ ’ਤੇ ਜਾਗਰੂਕ ਕੀਤਾ ਗਿਆ। ਨਾਲ ਹੀ ਸੜਕ ਹਾਦਸੇ ਦੀ ਸਥਿਤੀ ਵਿੱਚ ਪੀੜਤ ਦੀ ਮਦਦ ਲਈ ਅੱਗੇ ਆਉਣ ਅਤੇ ਮਨੁੱਖਤਾ ਦਾ ਫਰਜ਼ ਨਿਭਾਉਣ ਲਈ ਪ੍ਰੇਰਿਤ ਕੀਤਾ ਗਿਆ।

ਸੈਮੀਨਾਰ ਵਿੱਚ ਐਮਰਜੈਂਸੀ ਸਹਾਇਤਾ ਲਈ ਹੈਲਪਲਾਈਨ ਨੰਬਰ 1123 ਬਾਰੇ ਵੀ ਜਾਣਕਾਰੀ ਦਿੱਤੀ ਗਈ, ਤਾਂ ਜੋ ਲੋੜ ਪੈਣ ’ਤੇ ਤੁਰੰਤ ਮਦਦ ਹਾਸਲ ਕੀਤੀ ਜਾ ਸਕੇ। ਇਸ ਜਾਗਰੂਕਤਾ ਪ੍ਰੋਗਰਾਮ ਵਿੱਚ ਸੰਜੀਵ ਕੁਮਾਰ, ਪਰਮਜੀਤ ਕੁਮਾਰ, ਰਸ਼ਪਾਲ ਸਿੰਘ ਸਮੇਤ ਕਈ ਥਰੀ ਵੀਲਰ ਚਾਲਕ ਅਤੇ ਸਥਾਨਕ ਲੋਕ ਹਾਜ਼ਰ ਰਹੇ।

#World News #ਜਨ ਪੰਜਾਬ #ਪੰਜਾਬ ਖ਼ਬਰਾਂ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਕਾਨੂੰਨ–ਵਿਵਸਥਾ - ਪੰਜਾਬ ਸੁਰੱਖਿਆ अपडेट्स