ਆਬਕਾਰੀ ਵਿਭਾਗ ਦੀ ਤਾਬੜਤੋੜ ਕਾਰਵਾਈ, ਖੰਨਾ ਤੋਂ ਨਕਲੀ ਸ਼ਰਾਬ ਦੀ ਵੱਡੀ ਖੇਪ ਫੜੀ

ਆਬਕਾਰੀ ਵਿਭਾਗ ਦੀ ਤਾਬੜਤੋੜ ਕਾਰਵਾਈ, ਖੰਨਾ ਤੋਂ ਨਕਲੀ ਸ਼ਰਾਬ ਦੀ ਵੱਡੀ ਖੇਪ ਫੜੀ

Post by : Jan Punjab Bureau

Jan. 22, 2026 10:41 a.m. 184

ਖੰਨਾ ਵਿੱਚ ਨਜਾਇਜ਼, ਨਕਲੀ ਅਤੇ ਗੈਰਕਾਨੂੰਨੀ ਸ਼ਰਾਬ ਦੇ ਵਪਾਰ ਖ਼ਿਲਾਫ਼ ਆਬਕਾਰੀ ਵਿਭਾਗ ਅਤੇ ਪੁਲਿਸ ਵੱਲੋਂ ਕੀਤੀ ਗਈ ਸਾਂਝੀ ਕਾਰਵਾਈ ਦੌਰਾਨ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਖੁਫੀਆ ਸੂਚਨਾ ਦੇ ਆਧਾਰ ’ਤੇ 20 ਜਨਵਰੀ 2026 ਨੂੰ ਵੱਖ-ਵੱਖ ਥਾਵਾਂ ’ਤੇ ਕੀਤੀ ਗਈ ਨਾਕਾਬੰਦੀ ਦੌਰਾਨ ਕੁੱਲ 72 ਬੋਤਲਾਂ “PML Punjab Asli Santra” ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਅਤੇ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ।

ਇਹ ਕਾਰਵਾਈ ਸ਼੍ਰੀ ਤਰਸੇਮ ਚੰਦ, PCS, ਡੀ.ਸੀ.ਐਕਸ ਪਟਿਆਲਾ ਜੋਨ ਦੀ ਯੋਗ ਅਗਵਾਈ ਅਤੇ ਡਾ. ਸ਼ਿਵਾਨੀ ਗੁਪਤਾ, ਏ.ਸੀ.ਐਕਸ ਲੁਧਿਆਣਾ ਪੂਰਬ ਦੀ ਸਿੱਧੀ ਦੇਖਰੇਖ ਹੇਠ ਅਮਲ ਵਿੱਚ ਲਿਆਂਦੀ ਗਈ। ਐਕਸਾਈਜ਼ ਅਫਸਰ ਗੋਪਾਲ ਗੇਰਾ ਅਤੇ ਵਿਕਾਸ ਭਾਟੇਜਾ ਦੀ ਮੌਜੂਦਗੀ ਵਿੱਚ ਐਕਸਾਈਜ਼ ਇੰਸਪੈਕਟਰ ਬਰਜੇਸ਼ ਮਲਹੋਤਰਾ ਨੇ ਆਬਕਾਰੀ ਪੁਲਿਸ ਸਟਾਫ ਅਤੇ ਪੁਲਿਸ ਸਟਾਫ (ਥਾਣਾ ਨੰਬਰ 2 ਅਤੇ ਥਾਣਾ ਸਦਰ, ਖੰਨਾ) ਦੇ ਸਹਿਯੋਗ ਨਾਲ ਨਾਕਾਬੰਦੀ ਕੀਤੀ।

ਪਹਿਲੀ ਕਾਰਵਾਈ ਦੌਰਾਨ ਸਹੀਲ ਪੁੱਤਰ ਧੰਨਾ ਜਸਵੰਤ ਸਿੰਘ (ਜੀ.ਟੀ.ਬੀ ਮਾਰਕੀਟ), ਗੌਰਵ ਪੁੱਤਰ ਵਿਜੇ ਕੁਮਾਰ (ਅਵਤਾਰ ਨਗਰ) ਅਤੇ ਦੀਪਕ ਕੁਮਾਰ ਉਰਫ਼ ਦੀਪੂ ਪੁੱਤਰ ਪਵਨ ਕੁਮਾਰ (ਪੀਰ ਖਾਨਾ ਰੋਡ, ਖੰਨਾ) ਨੂੰ ਕਾਬੂ ਕੀਤਾ ਗਿਆ। ਦੂਜੀ ਕਾਰਵਾਈ ਵਿੱਚ ਲਵਪ੍ਰੀਤ ਸਿੰਘ ਉਰਫ਼ ਟਿੰਡਾ ਪੁੱਤਰ ਧੰਨਾ ਸਿੰਘ, ਵਾਸੀ ਪਿੰਡ ਰਤਨਹੇਰੀ, ਤਹਿਸੀਲ ਖੰਨਾ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਤਲਾਸ਼ੀ ਦੌਰਾਨ ਬਰਾਮਦ ਕੀਤੀ ਗਈ ਸ਼ਰਾਬ ਦੀਆਂ ਬੋਤਲਾਂ ’ਤੇ “ਸਿਰਫ਼ ਪੰਜਾਬ ਵਿੱਚ ਵਿਕਰੀ ਲਈ” ਦਰਜ ਸੀ, ਪਰ ਉਨ੍ਹਾਂ ’ਤੇ ਕੋਈ ਵੀ QR ਕੋਡ ਮੌਜੂਦ ਨਹੀਂ ਸੀ, ਜੋ ਕਿ ਇਸ ਸ਼ਰਾਬ ਦੇ ਨਕਲੀ ਜਾਂ ਗੈਰਕਾਨੂੰਨੀ ਹੋਣ ਵੱਲ ਇਸ਼ਾਰਾ ਕਰਦਾ ਹੈ। ਸਾਰੀਆਂ ਬੋਤਲਾਂ ’ਤੇ ਬੈਚ ਨੰਬਰ 208 ਅਤੇ ਤਾਰੀਖ 01/26 ਦਰਜ ਪਾਈ ਗਈ। ਕਾਰਵਾਈ ਦੌਰਾਨ ਕੋਈ ਵਾਹਨ ਜ਼ਬਤ ਨਹੀਂ ਕੀਤਾ ਗਿਆ।

ਮਾਮਲਿਆਂ ਸਬੰਧੀ ਥਾਣਾ ਨੰਬਰ 2, ਖੰਨਾ ਵਿੱਚ FIR ਨੰਬਰ 17 ਅਤੇ ਥਾਣਾ ਸਦਰ, ਖੰਨਾ ਵਿੱਚ FIR ਨੰਬਰ 20, ਦੋਵੇਂ ਤਾਰੀਖ 20.01.2026 ਅਧੀਨ ਕੇਸ ਦਰਜ ਕਰ ਲਏ ਗਏ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਵੱਲੋਂ ਮਿਲ ਰਹੇ ਸਖ਼ਤ ਦਿਸ਼ਾ-ਨਿਰਦੇਸ਼ਾਂ ਦੇ ਮੱਦੇਨਜ਼ਰ ਲੁਧਿਆਣਾ ਪੂਰਬੀ ਰੇਂਜ ਵਿੱਚ ਨਜਾਇਜ਼, ਨਕਲੀ ਅਤੇ ਅੰਤਰਰਾਜੀ ਤੇ ਅੰਦਰੂਨੀ ਤਸਕਰੀ ਵਾਲੀ ਸ਼ਰਾਬ ਖ਼ਿਲਾਫ਼ ਐਨਫੋਰਸਮੈਂਟ ਕਾਰਵਾਈਆਂ ਤੇਜ਼ੀ ਨਾਲ ਜਾਰੀ ਹਨ। ਇਸ ਬੁਰਾਈ ’ਤੇ ਪੂਰੀ ਤਰ੍ਹਾਂ ਕਾਬੂ ਪਾਉਣ ਲਈ ਮੁਹਿੰਮ ਲਗਾਤਾਰ ਚਲਾਈ ਜਾ ਰਹੀ ਹੈ।

#World News #ਜਨ ਪੰਜਾਬ #ਪੰਜਾਬ ਖ਼ਬਰਾਂ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਕਾਨੂੰਨ–ਵਿਵਸਥਾ - ਕਾਨੂੰਨ ਤੇ ਕਾਰਵਾਈ अपडेट्स