ਲੁਧਿਆਣਾ ਈਸਟ ਵਿੱਚ ਨਾਜਾਇਜ਼ ਸ਼ਰਾਬ ਖ਼ਿਲਾਫ਼ ਵੱਡੀ ਸਾਂਝੀ ਕਾਰਵਾਈ, ਭਾਰੀ ਮਾਤਰਾ ਵਿੱਚ ਸ਼ਰਾਬ ਬਰਾਮਦ

ਲੁਧਿਆਣਾ ਈਸਟ ਵਿੱਚ ਨਾਜਾਇਜ਼ ਸ਼ਰਾਬ ਖ਼ਿਲਾਫ਼ ਵੱਡੀ ਸਾਂਝੀ ਕਾਰਵਾਈ, ਭਾਰੀ ਮਾਤਰਾ ਵਿੱਚ ਸ਼ਰਾਬ ਬਰਾਮਦ

Post by : Jan Punjab Bureau

Dec. 30, 2025 11:13 p.m. 294

ਲੁਧਿਆਣਾ ਈਸਟ ਵਿੱਚ ਨਾਜਾਇਜ਼ ਸ਼ਰਾਬ ਖ਼ਿਲਾਫ਼ ਵੱਡੀ ਕਾਰਵਾਈ|

ਲੁਧਿਆਣਾ ਨਿਊਜ਼ ਟੀਮ : 
ਲੁਧਿਆਣਾ ਈਸਟ ਖੇਤਰ ਵਿੱਚ ਨਾਜਾਇਜ਼ ਸ਼ਰਾਬ ਦੇ ਗੈਰਕਾਨੂੰਨੀ ਵਪਾਰ ’ਤੇ ਰੋਕ ਲਗਾਉਣ ਲਈ ਐਕਸਾਈਜ਼ ਵਿਭਾਗ ਅਤੇ ਪੁਲਿਸ ਵੱਲੋਂ ਇੱਕ ਸੁਚੱਜੀ ਅਤੇ ਯੋਜਨਾਬੱਧ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਇਹ ਕਾਰਵਾਈ 30 ਦਸੰਬਰ 2025 ਨੂੰ ਮਿਲੀ ਭਰੋਸੇਯੋਗ ਸੂਚਨਾ ਦੇ ਆਧਾਰ ’ਤੇ ਕੀਤੀ ਗਈ।

ਇਹ ਕਾਰਵਾਈ ਸ੍ਰੀ ਤਰਸੇਮ ਚੰਦ, ਪੀਸੀਐਸ, ਡਿਪਟੀ ਕਮਿਸ਼ਨਰ (ਐਕਸਾਈਜ਼), ਪਟਿਆਲਾ ਜ਼ੋਨ ਵੱਲੋਂ ਦਿੱਤੀਆਂ ਗਈਆਂ ਪ੍ਰਸ਼ਾਸਨਿਕ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤੀ ਗਈ, ਜਦਕਿ ਡਾ. ਸ਼ਿਵਾਨੀ ਗੁਪਤਾ, ਅਸਿਸਟੈਂਟ ਕਮਿਸ਼ਨਰ (ਐਕਸਾਈਜ਼), ਲੁਧਿਆਣਾ ਈਸਟ ਵੱਲੋਂ ਖੇਤਰ ਵਿੱਚ ਚੱਲ ਰਹੀਆਂ ਐਨਫੋਰਸਮੈਂਟ ਗਤੀਵਿਧੀਆਂ ’ਤੇ ਨਿਰੰਤਰ ਨਿਗਰਾਨੀ ਅਤੇ ਤਾਲਮੇਲ ਬਣਾਇਆ ਗਿਆ।

ਕਾਰਵਾਈ ਦੀ ਸਿੱਧੀ ਦੇਖਰੇਖ ਇੰਫੋਰਸਮੈਂਟ ਅਫਸਰ ਸ੍ਰੀ ਵਿਕਾਸ ਭਟੇਜਾ ਵੱਲੋਂ ਕੀਤੀ ਗਈ। ਲੁਧਿਆਣਾ ਈਸਟ ਰੇਂਜ ਦੀ ਟੀਮ, ਜਿਸ ਵਿੱਚ ਇੰਸਪੈਕਟਰ ਅਮਨਦੀਪ ਸਿੰਘ, ਇੰਸਪੈਕਟਰ ਅਮਿਤ ਗੋਇਲ ਅਤੇ ਇੰਸਪੈਕਟਰ ਆਦਰਸ਼ ਸ਼ਾਮਲ ਸਨ, ਨੇ ਐਕਸਾਈਜ਼ ਪੁਲਿਸ ਅਤੇ ਹੋਰ ਸਬੰਧਤ ਸੁਰੱਖਿਆ ਸਟਾਫ਼ ਦੇ ਸਹਿਯੋਗ ਨਾਲ ਤਾਜਪੁਰ ਇਲਾਕੇ ਵਿੱਚ ਚੈਕਿੰਗ ਦੌਰਾਨ ਇੱਕ ਬੋਲੇਰੋ ਗੱਡੀ (PB-10-JU-5579) ਨੂੰ ਰੋਕਿਆ।

ਤਲਾਸ਼ੀ ਦੌਰਾਨ ਗੱਡੀ ਵਿਚੋਂ ਨਾਜਾਇਜ਼ ਸ਼ਰਾਬ ਦੀ ਵੱਡੀ ਖੇਪ ਬਰਾਮਦ ਹੋਈ। ਬਰਾਮਦ ਕੀਤੀ ਗਈ ਸ਼ਰਾਬ ਵਿੱਚ ਪੰਜਾਬ ਅਤੇ ਚੰਡੀਗੜ੍ਹ ਲਈ ਨਿਰਧਾਰਤ ਵੱਖ-ਵੱਖ ਬ੍ਰਾਂਡ ਸ਼ਾਮਲ ਸਨ। ਸਾਰੀ ਬਰਾਮਦਗੀ ਦਾ ਵਿਸਥਾਰ ਨਾਲ ਰਿਕਾਰਡ ਤਿਆਰ ਕਰਕੇ ਕਾਨੂੰਨੀ ਪ੍ਰਕਿਰਿਆ ਅਨੁਸਾਰ ਕਾਰਵਾਈ ਕੀਤੀ ਗਈ।

ਇਸ ਮਾਮਲੇ ਵਿੱਚ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਦੀ ਪਹਿਚਾਣ ਕ੍ਰਿਸ਼ਨ ਕੁਮਾਰ (ਤਾਜਪੁਰ), ਪਰਮਬੀਰ ਸਿੰਘ (ਝਬੇਵਾਲ), ਰਵੀ ਸਿੰਘ (ਜ਼ਿਲ੍ਹਾ ਅੰਮ੍ਰਿਤਸਰ) ਅਤੇ ਤੀਰਥ ਰਾਮ (ਚੀਮਾ ਚੌਕ) ਵਜੋਂ ਹੋਈ ਹੈ। ਮਾਮਲੇ ਸਬੰਧੀ ਜਮਾਲਪੁਰ ਪੁਲਿਸ ਥਾਣੇ ਵਿੱਚ FIR ਨੰਬਰ 251 ਦਰਜ ਕਰ ਲਈ ਗਈ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਜਾਰੀ ਹੈ।

ਇਸ ਸਬੰਧ ਵਿੱਚ ਡਾ. ਸ਼ਿਵਾਨੀ ਗੁਪਤਾ, ਅਸਿਸਟੈਂਟ ਕਮਿਸ਼ਨਰ (ਐਕਸਾਈਜ਼), ਲੁਧਿਆਣਾ ਈਸਟ ਵੱਲੋਂ ਦੱਸਿਆ ਗਿਆ ਕਿ ਐਕਸਾਈਜ਼ ਵਿਭਾਗ ਵੱਲੋਂ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਨਿਰੰਤਰ ਚੈਕਿੰਗ ਅਤੇ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਾਨੂੰਨੀ ਪ੍ਰਬੰਧਾਂ ਦੇ ਤਹਿਤ ਗੈਰਕਾਨੂੰਨੀ ਸਰਗਰਮੀਆਂ ’ਤੇ ਸਖ਼ਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਹ ਪ੍ਰਕਿਰਿਆ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰਹੇਗੀ।

ਅਧਿਕਾਰੀਆਂ ਮੁਤਾਬਕ, ਐਕਸਾਈਜ਼ ਵਿਭਾਗ ਅਤੇ ਪੁਲਿਸ ਦਰਮਿਆਨ ਮਜ਼ਬੂਤ ਤਾਲਮੇਲ ਨਾਲ ਕੀਤੀਆਂ ਜਾ ਰਹੀਆਂ ਅਜਿਹੀਆਂ ਕਾਰਵਾਈਆਂ ਨਾਲ ਖੇਤਰ ਵਿੱਚ ਕਾਨੂੰਨੀ ਵਿਕਰੀ ਨੂੰ ਉਤਸ਼ਾਹ ਮਿਲੇਗਾ ਅਤੇ ਗੈਰਕਾਨੂੰਨੀ ਵਪਾਰ ’ਤੇ ਪ੍ਰਭਾਵਸ਼ਾਲੀ ਰੋਕ ਲੱਗੇਗੀ।

#latest news punjab #jan punjab news #Ludhiana News #ludhiana-excise #shivani gupta
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਕਾਨੂੰਨ–ਵਿਵਸਥਾ - ਕਾਨੂੰਨ ਤੇ ਕਾਰਵਾਈ अपडेट्स