ਕੈਨੇਡਾ ਵਿੱਚ ਮਾਨਸਾ ਦੇ ਦੋ ਨੌਜਵਾਨਾਂ ਦਾ ਗੋਲੀ ਮਾਰ ਕੇ ਕਤਲ

ਕੈਨੇਡਾ ਵਿੱਚ ਮਾਨਸਾ ਦੇ ਦੋ ਨੌਜਵਾਨਾਂ ਦਾ ਗੋਲੀ ਮਾਰ ਕੇ ਕਤਲ

Post by : Minna

Dec. 15, 2025 10:52 a.m. 641

ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਹਲਕੇ ਨਾਲ ਸਬੰਧਿਤ ਦੋ ਪਿੰਡਾਂ ਤੋਂ ਕੈਨੇਡਾ ਗਏ ਦੋ ਨੌਜਵਾਨਾਂ ਦੀ ਦਰਦਨਾਕ ਮੌਤ ਦੀ ਖ਼ਬਰ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਬਾਰੀ ਕਰਕੇ ਦੋਵਾਂ ਨੌਜਵਾਨਾਂ ਦੀ ਜਾਨ ਲੈ ਲਈ ਗਈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਡੂੰਘਾ ਸੋਗ ਛਾ ਗਿਆ ਹੈ ਅਤੇ ਹਰ ਪਾਸੇ ਮਾਤਮ ਦਾ ਮਾਹੌਲ ਬਣਿਆ ਹੋਇਆ ਹੈ।

ਮ੍ਰਿਤਕਾਂ ਦੀ ਪਛਾਣ ਪਿੰਡ ਬਰੇਹ ਦੇ ਰਹਿਣ ਵਾਲੇ 27 ਸਾਲਾ ਗੁਰਦੀਪ ਸਿੰਘ ਅਤੇ ਪਿੰਡ ਉੜਦ ਸਹਿਦੇਵਾਲਾ ਦੇ 20 ਸਾਲਾ ਰਣਵੀਰ ਸਿੰਘ ਵਜੋਂ ਹੋਈ ਹੈ। ਦੋਵੇਂ ਨੌਜਵਾਨ ਲਗਭਗ ਢਾਈ ਸਾਲ ਪਹਿਲਾਂ ਆਪਣੇ ਪਰਿਵਾਰਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਅਤੇ ਚੰਗਾ ਭਵਿੱਖ ਬਣਾਉਣ ਦੀ ਆਸ ਨਾਲ ਕੈਨੇਡਾ ਗਏ ਸਨ। ਉਨ੍ਹਾਂ ਨੇ ਵੱਡੀਆਂ ਉਮੀਦਾਂ ਅਤੇ ਮਿਹਨਤ ਨਾਲ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਸੀ।

ਪਰਿਵਾਰਕ ਮੈਂਬਰਾਂ ਵੱਲੋਂ ਮਿਲੀ ਜਾਣਕਾਰੀ ਮੁਤਾਬਕ, ਘਟਨਾ ਉਸ ਸਮੇਂ ਵਾਪਰੀ ਜਦੋਂ ਦੋਵੇਂ ਨੌਜਵਾਨ ਆਪਣੇ ਇੱਕ ਦੋਸਤ ਦੇ ਜਨਮਦਿਨ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਕਾਰ ਵਿੱਚ ਸਫ਼ਰ ਕਰ ਰਹੇ ਸਨ। ਇਸ ਦੌਰਾਨ ਅਚਾਨਕ ਕੁਝ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਦੀ ਕਾਰ ‘ਤੇ ਗੋਲੀਆਂ ਚਲਾ ਦਿੱਤੀਆਂ। ਅਚਾਨਕ ਹੋਈ ਇਸ ਗੋਲੀਬਾਰੀ ਨਾਲ ਦੋਵੇਂ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਅਤੇ ਮੌਕੇ ‘ਤੇ ਹੀ ਉਨ੍ਹਾਂ ਦੀ ਮੌਤ ਹੋ ਗਈ।

ਇਸ ਦਿਲ ਦਹਲਾ ਦੇਣ ਵਾਲੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਦੋਵਾਂ ਪਰਿਵਾਰਾਂ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਮਾਵਾਂ ਦੀਆਂ ਚੀਖਾਂ ਅਤੇ ਪਿਤਾਵਾਂ ਦੀ ਖ਼ਾਮੋਸ਼ੀ ਪੂਰੇ ਪਿੰਡਾਂ ਨੂੰ ਗ਼ਮ ਵਿੱਚ ਡੁੱਬੋ ਰਹੀ ਹੈ। ਗੁਰਦੀਪ ਸਿੰਘ ਅਤੇ ਰਣਵੀਰ ਸਿੰਘ ਦੇ ਘਰਾਂ ‘ਚ ਸਾਂਝਾ ਦੁੱਖ ਛਾਇਆ ਹੋਇਆ ਹੈ ਅਤੇ ਹਰ ਆਉਣ-ਜਾਣ ਵਾਲੀ ਅੱਖਾਂ ‘ਚ ਹੰਝੂ ਹਨ।

ਪਿੰਡ ਬਰੇਹ ਅਤੇ ਉੜਦ ਸਹਿਦੇਵਾਲਾ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਲੋਕ ਆਪਣੇ ਕੰਮ-ਧੰਦੇ ਛੱਡ ਕੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਹੇ ਹਨ। ਸਾਰਾ ਇਲਾਕਾ ਇਸ ਘਟਨਾ ਤੋਂ ਹੈਰਾਨ ਹੈ ਅਤੇ ਲੋਕ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਚਿੰਤਾ ਜਤਾਂ ਰਹੇ ਹਨ।

ਦੋਵੇਂ ਪਰਿਵਾਰਾਂ ਵੱਲੋਂ ਭਾਰਤ ਸਰਕਾਰ ਅਤੇ ਸੰਬੰਧਤ ਅਧਿਕਾਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਜਲਦੀ ਤੋਂ ਜਲਦੀ ਭਾਰਤ ਵਾਪਸ ਲਿਆਂਦੀਆਂ ਜਾਣ। ਪਰਿਵਾਰਾਂ ਦਾ ਕਹਿਣਾ ਹੈ ਕਿ ਬੱਚਿਆਂ ਦਾ ਆਖ਼ਰੀ ਸੰਸਕਾਰ ਆਪਣੇ ਦੇਸ਼, ਆਪਣੇ ਪਿੰਡ ਅਤੇ ਪਰਿਵਾਰਕ ਰਸਮਾਂ ਅਨੁਸਾਰ ਕੀਤਾ ਜਾਵੇ, ਤਾਂ ਜੋ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ।

ਇਸ ਦਰਦਨਾਕ ਘਟਨਾ ਨੇ ਇੱਕ ਵਾਰ ਫਿਰ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਨੌਜਵਾਨਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਇਲਾਕੇ ਦੇ ਲੋਕ ਅਤੇ ਪਰਿਵਾਰ ਉਮੀਦ ਕਰ ਰਹੇ ਹਨ ਕਿ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇਗੀ।

#ਪੰਜਾਬ ਖ਼ਬਰਾਂ #ਵਿਦੇਸ਼ੀ ਖ਼ਬਰਾਂ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਪੰਜਾਬ - ਮਾਲਵਾ अपडेट्स