ਨਿਊਜੀਲੈਂਡ ‘ਚ ਨਗਰ ਕੀਰਤਨ ਦਾ ਵਿਰੋਧ ਵਿਸ਼ਵ ਭਾਈਚਾਰੇ ਦੀ ਸਮਾਜਿਕ ਸਾਂਝ ਲਈ ਚੁਣੌਤੀ: ਭਾਈ ਅਤਲਾ

ਨਿਊਜੀਲੈਂਡ ‘ਚ ਨਗਰ ਕੀਰਤਨ ਦਾ ਵਿਰੋਧ ਵਿਸ਼ਵ ਭਾਈਚਾਰੇ ਦੀ ਸਮਾਜਿਕ ਸਾਂਝ ਲਈ ਚੁਣੌਤੀ: ਭਾਈ ਅਤਲਾ

Author : Beant Singh

Dec. 23, 2025 1 p.m. 430

ਨਿਊਜੀਲੈਂਡ ਵਿੱਚ ਸਿੱਖ ਭਾਈਚਾਰੇ ਵੱਲੋਂ ਸ਼ਾਂਤੀਪੂਰਵਕ ਅਤੇ ਧਾਰਮਿਕ ਮਰਿਆਦਾ ਅਨੁਸਾਰ ਸਜਾਏ ਗਏ ਨਗਰ ਕੀਰਤਨ ਦਾ ਕੁਝ ਸਥਾਨਕ ਲੋਕਾਂ ਵੱਲੋਂ ਕੀਤਾ ਗਿਆ ਵਿਰੋਧ ਬੇਹੱਦ ਦੁਖਦਾਈ ਅਤੇ ਚਿੰਤਾਜਨਕ ਹੈ। ਇਹ ਪ੍ਰਗਟਾਵਾ ਸ਼ਹੀਦ ਬਾਬਾ ਦੀਪ ਸਿੰਘ ਸੇਵਾ ਦਲ ਪੰਜਾਬ ਦੇ ਮੁੱਖ ਸੇਵਾਦਾਰ ਭਾਈ ਸੁਖਚੈਨ ਸਿੰਘ ਅਤਲਾ ਨੇ ਕੀਤਾ।

ਭਾਈ ਅਤਲਾ ਨੇ ਕਿਹਾ ਕਿ ਸਿੱਖ ਭਾਈਚਾਰਾ ਸਦਾ ਤੋਂ ਹੀ ਵਿਸ਼ਵ ਭਾਈਚਾਰੇ ਦੀ ਭਲਾਈ, ਸ਼ਾਂਤੀ, ਸਹਿਣਸ਼ੀਲਤਾ ਅਤੇ ਤਰੱਕੀ ਲਈ ਮਿਸਾਲੀ ਯੋਗਦਾਨ ਪਾਉਂਦਾ ਆ ਰਿਹਾ ਹੈ। ਇਸ ਦੇ ਬਾਵਜੂਦ ਸਿੱਖਾਂ ਦੀਆਂ ਪਵਿੱਤਰ ਧਾਰਮਿਕ ਪਰੰਪਰਾਵਾਂ ਨੂੰ ਨਫ਼ਰਤ ਅਤੇ ਅਸਹਿਣਸ਼ੀਲਤਾ ਦੀ ਨਜ਼ਰ ਨਾਲ ਦੇਖਿਆ ਜਾਣਾ ਅਤਿ ਨਿੰਦਣਯੋਗ ਹੈ।

ਉਨ੍ਹਾਂ ਆਖਿਆ ਕਿ ਸਿੱਖ ਧਰਮ ਦੀ ਬੁਨਿਆਦ ਸਰਬੱਤ ਦਾ ਭਲਾ, ਭਰਾਤਰੀ ਭਾਵ ਅਤੇ ਮਨੁੱਖਤਾ ਦੀ ਨਿਸ਼ਕਾਮ ਸੇਵਾ ‘ਤੇ ਟਿਕੀ ਹੋਈ ਹੈ। ਨਗਰ ਕੀਰਤਨ ਸਿੱਖ ਧਰਮ ਦੀ ਇੱਕ ਪਵਿੱਤਰ ਅਤੇ ਮਹੱਤਵਪੂਰਨ ਧਾਰਮਿਕ ਪਰੰਪਰਾ ਹੈ, ਜੋ ਸਮਾਜ ਵਿੱਚ ਆਪਸੀ ਪਿਆਰ, ਏਕਤਾ ਅਤੇ ਸਾਂਝ ਦਾ ਸੰਦੇਸ਼ ਦਿੰਦੀ ਹੈ। ਅਜਿਹੇ ਧਾਰਮਿਕ ਸਮਾਗਮਾਂ ਦਾ ਵਿਰੋਧ ਕਰਨਾ ਗੁਰੂ ਸਾਹਿਬਾਨ ਦੇ ਸਰਬ-ਸਾਂਝੇ ਉਪਦੇਸ਼ਾਂ ‘ਤੇ ਸਿੱਧੀ ਸੱਟ ਹੈ।

ਭਾਈ ਅਤਲਾ ਨੇ ਕਿਹਾ ਕਿ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਵੱਸਦਾ ਸਿੱਖ ਭਾਈਚਾਰਾ ਹਮੇਸ਼ਾ ਸਥਾਨਕ ਲੋਕਾਂ ਨਾਲ ਰਲ ਮਿਲ ਕੇ ਰਹਿੰਦਾ ਹੈ ਅਤੇ ਉਥੋਂ ਦੇ ਕਾਨੂੰਨਾਂ ਅਤੇ ਸਭਿਆਚਾਰ ਦਾ ਪੂਰਾ ਸਤਿਕਾਰ ਕਰਦਾ ਆਇਆ ਹੈ। ਸਿੱਖ ਸਮਾਗਮਾਂ ਦੌਰਾਨ ਲੰਗਰ ਅਤੇ ਸੇਵਾ ਰਾਹੀਂ ਮਨੁੱਖਤਾ ਦੀ ਭਲਾਈ ਦਾ ਸੁਨੇਹਾ ਦਿੱਤਾ ਜਾਂਦਾ ਹੈ, ਜੋ ਸਮਾਜਿਕ ਸਾਂਝ ਨੂੰ ਹੋਰ ਮਜ਼ਬੂਤ ਕਰਦਾ ਹੈ।

ਇਸ ਮੌਕੇ ਭਾਈ ਅਤਲਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਹਰਜਿੰਦਰ ਸਿੰਘ ਧਾਮੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਅਪੀਲ ਕੀਤੀ ਕਿ ਉਹ ਨਿਊਜੀਲੈਂਡ ਅਤੇ ਭਾਰਤ ਸਰਕਾਰ ਕੋਲ ਇਸ ਮਾਮਲੇ ਨੂੰ ਗੰਭੀਰਤਾ ਨਾਲ ਉਠਾਉਣ ਅਤੇ ਸਿੱਖ ਭਾਈਚਾਰੇ ਨੂੰ ਆਪਣੇ ਧਾਰਮਿਕ ਅਧਿਕਾਰਾਂ ਅਨੁਸਾਰ ਸਮਾਗਮ ਕਰਨ ਲਈ ਸੁਰੱਖਿਅਤ ਅਤੇ ਸਹਿਯੋਗੀ ਮਾਹੌਲ ਯਕੀਨੀ ਬਣਵਾਉਣ।

ਉਨ੍ਹਾਂ ਕਿਹਾ ਕਿ ਧਾਰਮਿਕ ਆਜ਼ਾਦੀ, ਆਪਸੀ ਸਤਿਕਾਰ ਅਤੇ ਸਹਿਣਸ਼ੀਲਤਾ ਹੀ ਕਿਸੇ ਵੀ ਬਹੁ-ਸੱਭਿਆਚਾਰਕ ਸਮਾਜ ਦੀ ਅਸਲ ਪਛਾਣ ਹੁੰਦੀ ਹੈ। ਭਾਈ ਅਤਲਾ ਨੇ ਨਿਊਜੀਲੈਂਡ ਦੇ ਮੋਹਰੀ ਸਿੱਖ ਆਗੂਆਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਘਟਨਾ ਸਬੰਧੀ ਉਥੋਂ ਦੀ ਸਰਕਾਰ ਅਤੇ ਵਿਰੋਧ ਕਰਨ ਵਾਲੇ ਲੋਕਾਂ ਨਾਲ ਸੰਵਾਦ ਅਤੇ ਵਿਚਾਰ-ਚਰਚਾ ਰਾਹੀਂ ਮਸਲੇ ਦਾ ਸ਼ਾਂਤੀਪੂਰਵਕ ਹੱਲ ਕੱਢਣ।

ਉਨ੍ਹਾਂ ਆਖਿਆ ਕਿ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦੇ ਅਨੁਸਾਰ ਹੀ ਇਸ ਮਾਮਲੇ ਨੂੰ ਨਜਿੱਠਿਆ ਜਾਣਾ ਚਾਹੀਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਤਲਖ਼ ਮਾਹੌਲ ਤੋਂ ਬਚਿਆ ਜਾਣਾ ਬਹੁਤ ਜ਼ਰੂਰੀ ਹੈ।

#ਜਨ ਪੰਜਾਬ #ਪੰਜਾਬ ਖ਼ਬਰਾਂ #ਵਿਦੇਸ਼ੀ ਖ਼ਬਰਾਂ #latest news punjab #jan punjab news
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਵਿਦੇਸ਼ - ਦੁਨੀਆ ਦੀਆਂ ਖ਼ਬਰਾਂ अपडेट्स