ਮੋਗਾ ਵਿੱਚ ਮ੍ਰਿਤਕ ਅਧਿਆਪਕ ਦੰਪਤੀ ਲਈ ਅਧਿਆਪਕ ਯੂਨੀਅਨ ਦਾ ਮੋਮਬੱਤੀ ਮਾਰਚ

ਮੋਗਾ ਵਿੱਚ ਮ੍ਰਿਤਕ ਅਧਿਆਪਕ ਦੰਪਤੀ ਲਈ ਅਧਿਆਪਕ ਯੂਨੀਅਨ ਦਾ ਮੋਮਬੱਤੀ ਮਾਰਚ

Author : Harpal Singh

Dec. 27, 2025 6:03 p.m. 412

ਮੋਗਾ ਜ਼ਿਲ੍ਹੇ ਦੇ ਪਿੰਡ ਧੂਰਕੋਟ ਰਣਸਿੰਘ ਕਲਾ ਵਿੱਚ ਅੱਜ ਅਧਿਆਪਕ ਯੂਨੀਅਨ ਵੱਲੋਂ ਹਾਦਸੇ ਵਿੱਚ ਜਾਨ ਗੁਆ ਬੈਠੇ ਪਤੀ-ਪਤਨੀ ਅਧਿਆਪਕਾਂ ਦੀ ਯਾਦ ਵਿੱਚ ਮੋਮਬੱਤੀ ਮਾਰਚ ਕੱਢ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਦੌਰਾਨ ਯੂਨੀਅਨ ਆਗੂਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਤਿੱਖਾ ਰੋਸ ਪ੍ਰਗਟ ਕਰਦਿਆਂ ਦੋਸ਼ ਲਗਾਇਆ ਕਿ ਸਰਕਾਰ ਨੇ ਮ੍ਰਿਤਕ ਅਧਿਆਪਕਾਂ ਦੇ ਪਰਿਵਾਰ ਨਾਲ ਕੋਜਾ ਮਜ਼ਾਕ ਕੀਤਾ ਹੈ।

ਯੂਨੀਅਨ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 14 ਦਸੰਬਰ ਨੂੰ ਜ਼ਿਲ੍ਹਾ ਪਰਿਸ਼ਦ ਚੋਣਾਂ ਦੀ ਡਿਊਟੀ ਨਿਭਾਉਣ ਲਈ ਜਾਂਦੇ ਸਮੇਂ ਪਤੀ-ਪਤਨੀ ਅਧਿਆਪਕਾਂ ਦਾ ਦਰਦਨਾਕ ਹਾਦਸਾ ਹੋ ਗਿਆ ਸੀ, ਜਿਸ ਵਿੱਚ ਦੋਵੇਂ ਦੀ ਮੌਤ ਹੋ ਗਈ। ਇਸ ਦੁਖਦਾਈ ਘਟਨਾ ਤੋਂ ਬਾਅਦ ਅਧਿਆਪਕ ਯੂਨੀਅਨ ਵੱਲੋਂ ਸਰਕਾਰ ਅੱਗੇ ਦੋ-ਦੋ ਕਰੋੜ ਰੁਪਏ ਮਾਲੀ ਮਦਦ, ਬੱਚਿਆਂ ਦੀ ਪੂਰੀ ਪੜ੍ਹਾਈ ਦਾ ਖ਼ਰਚਾ ਅਤੇ ਪੜ੍ਹਾਈ ਪੂਰੀ ਹੋਣ ਉਪਰੰਤ ਸਰਕਾਰੀ ਨੌਕਰੀ ਦੀ ਮੰਗ ਰੱਖੀ ਗਈ ਸੀ।

ਯੂਨੀਅਨ ਨੇ ਦੱਸਿਆ ਕਿ ਮ੍ਰਿਤਕ ਅਧਿਆਪਕਾਂ ਦੀ ਅੰਤਿਮ ਅਰਦਾਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸਰਕਾਰ ਦੀ ਤਰਫੋਂ ਦਸ-ਦਸ ਲੱਖ ਰੁਪਏ ਦੀ ਮਦਦ ਅਤੇ ਬੱਚਿਆਂ ਦੀ ਪੜ੍ਹਾਈ ਦਾ ਐਲਾਨ ਕੀਤਾ ਗਿਆ ਸੀ, ਪਰ ਅਧਿਆਪਕ ਯੂਨੀਅਨ ਨੇ ਇਸ ਮਦਦ ਨੂੰ ਨਾਕਾਫ਼ੀ ਦੱਸਦੇ ਹੋਏ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ।

ਯੂਨੀਅਨ ਆਗੂ ਦਿਗਵਿਜੇ ਸਿੰਘ ਅਤੇ ਅਮਨਦੀਪ ਸਿੰਘ ਨੇ ਕਿਹਾ ਕਿ ਉਹ 14 ਦਸੰਬਰ ਤੋਂ ਲਗਾਤਾਰ ਸੰਘਰਸ਼ ਕਰ ਰਹੇ ਹਨ। ਮੋਗਾ ਦੇ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਵੱਲੋਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਵੀ ਦਿੱਤਾ ਗਿਆ ਸੀ, ਪਰ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ।

ਉਨ੍ਹਾਂ ਨੇ ਐਲਾਨ ਕੀਤਾ ਕਿ ਅੱਜ ਤੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾ ਰਿਹਾ ਹੈ ਅਤੇ ਜਦ ਤੱਕ ਸਰਕਾਰ ਵੱਲੋਂ ਦੋ-ਦੋ ਕਰੋੜ ਰੁਪਏ ਦੀ ਮਾਲੀ ਮਦਦ, ਬੱਚਿਆਂ ਦੀ ਪੂਰੀ ਪੜ੍ਹਾਈ ਅਤੇ ਨੌਕਰੀ ਦੀ ਗਾਰੰਟੀ ਨਹੀਂ ਦਿੱਤੀ ਜਾਂਦੀ, ਤਦ ਤੱਕ ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ।

#ਜਨ ਪੰਜਾਬ #ਪੰਜਾਬ ਖ਼ਬਰਾਂ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਪੰਜਾਬ - ਮਾਲਵਾ अपडेट्स