ਮਨਰੇਗਾ ਸਕੀਮ ਦੇ ਭੋਗ ਪਾਉਣ ਖ਼ਿਲਾਫ਼ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਸੰਘਰਸ਼ ਐਲਾਨ, 6 ਜਨਵਰੀ ਨੂੰ ਡੀਸੀ ਦਫ਼ਤਰ ਅੱਗੇ ਧਰਨਾ

ਮਨਰੇਗਾ ਸਕੀਮ ਦੇ ਭੋਗ ਪਾਉਣ ਖ਼ਿਲਾਫ਼ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਸੰਘਰਸ਼ ਐਲਾਨ, 6 ਜਨਵਰੀ ਨੂੰ ਡੀਸੀ ਦਫ਼ਤਰ ਅੱਗੇ ਧਰਨਾ

Author : Beant Singh

Dec. 24, 2025 11:39 a.m. 447

ਸੰਗਰੂਰ, 24 ਦਸੰਬਰ :-  ਅੱਜ ਗਦਰ ਭਵਨ ਸੰਗਰੂਰ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਵਧਵੀ ਮੀਟਿੰਗ ਹੋਈ, ਜਿਸ ਵਿੱਚ ਮਨਰੇਗਾ ਸਕੀਮ ਸਮੇਤ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਲੋਕ ਮਾਰੂ ਕਾਨੂੰਨਾਂ ਦੇ ਖ਼ਿਲਾਫ਼ ਤਿੱਖਾ ਰੋਸ ਜ਼ਾਹਿਰ ਕੀਤਾ ਗਿਆ।

ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਮੇਟੀ ਦੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਅਤੇ ਧਰਮਵੀਰ ਹਰੀਗੜ੍ਹ ਨੇ ਕਿਹਾ ਕਿ ਕੇਂਦਰ ਦੀ ਲੋਕ ਮਾਰੂ ਅਤੇ ਦਲਿਤ ਵਿਰੋਧੀ ਨੀਤੀਆਂ ਤਹਿਤ ਮਨਰੇਗਾ ਸਕੀਮ ਦਾ ਸਿਰਫ਼ ਨਾਂਅ ਹੀ ਨਹੀਂ ਬਦਲਿਆ ਗਿਆ, ਸਗੋਂ ਟੇਢੇ ਢੰਗ ਨਾਲ ਇਸ ਪੂਰੀ ਸਕੀਮ ਦਾ ਹੀ ਭੋਗ ਪਾ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਹੁਣ ਨਾ ਤਾਂ ਕੰਮ ਦੀ ਗਰੰਟੀ ਰਹੀ ਹੈ ਅਤੇ ਨਾ ਹੀ ਮਜ਼ਦੂਰਾਂ ਨੂੰ ਸੀਜ਼ਨ ਦੇ ਦਰਮਿਆਨ ਕੰਮ ਮਿਲ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਕੰਮ ਦੇ ਦਿਨ ਵਧਾਉਣ ਦੇ ਦਾਅਵੇ ਸਿਰਫ਼ ਡਰਾਮਾ ਹਨ। ਆਗੂਆਂ ਨੇ ਦੋਸ਼ ਲਗਾਇਆ ਕਿ ਮਨਰੇਗਾ ਸਕੀਮ ਨੂੰ ਕਮਜ਼ੋਰ ਕਰਨ ਦੇ ਨਾਲ ਨਾਲ ਕਿਰਤ ਕੋਡ, ਬਿਜਲੀ ਸੋਧ ਬਿੱਲ 2025 ਅਤੇ ਬੀਜ ਸੋਧ ਬਿੱਲ ਵਰਗੇ ਕਾਨੂੰਨ ਲਿਆ ਕੇ ਕਾਰਪੋਰੇਟ ਘਰਾਣਿਆਂ ਦੇ ਹਿੱਤ ਸਾਧੇ ਜਾ ਰਹੇ ਹਨ ਅਤੇ ਆਮ ਲੋਕਾਂ ਦਾ ਉਜਾੜਾ ਕੀਤਾ ਜਾ ਰਿਹਾ ਹੈ।

ਮੀਟਿੰਗ ਦੇ ਅੰਤ ਵਿੱਚ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਕਿ ਪੇਂਡੂ ਅਤੇ ਖੇਤ ਮਜ਼ਦੂਰ ਯੂਨੀਅਨਾਂ ਦੇ ਸਾਂਝੇ ਮੋਰਚੇ ਦੇ ਸੱਦੇ ਤਹਿਤ 6 ਜਨਵਰੀ ਨੂੰ ਡੀਸੀ ਦਫ਼ਤਰ ਅੱਗੇ ਲੱਗਣ ਵਾਲੇ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ, ਤਾਂ ਜੋ ਮਨਰੇਗਾ ਸਮੇਤ ਸਾਰੇ ਲੋਕ ਮਾਰੂ ਕਾਨੂੰਨ ਵਾਪਸ ਕਰਵਾਏ ਜਾ ਸਕਣ।

ਇਸ ਮੌਕੇ ਗੁਰਵਿੰਦਰ ਸਿੰਘ ਬੌੜਾ, ਗੁਰਦਾਸ ਸਿੰਘ ਝਲੂਰ, ਗੁਰਚਰਨ ਸਿੰਘ ਘਰਚੋ, ਧਰਮਪਾਲ ਸਿੰਘ ਨੂਰਖੇੜੀਆਂ, ਜਸਵੀਰ ਕੌਰ ਹੇੜੀਕੇ, ਸ਼ਿੰਗਾਰਾ ਸਿੰਘ, ਪੰਮਾ ਲਾਗੜੀਆ, ਮਾਡੂ ਸਿੰਘ ਸਮੂਰਾ, ਮਨੀ ਮੱਲੇਵਾਲ ਸਮੇਤ ਹੋਰ ਆਗੂ ਹਾਜ਼ਰ ਸਨ।

#ਜਨ ਪੰਜਾਬ #ਪੰਜਾਬ ਖ਼ਬਰਾਂ #ਰਾਜਨੀਤੀ #latest news punjab #jan punjab news
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਰਾਜਨੀਤੀ - ਪੰਜਾਬ ਸਿਆਸਤ अपडेट्स